ਇਸਲਾਮਾਬਾਦ, 08 ਜੁਲਾਈ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਜ਼ਿਲ੍ਹੇ 'ਚ ਸ਼ਨਿਚਰਵਾਰ ਨੂੰ ਇੱਕ ਯਾਤਰੀ ਵੈਨ ਵਿੱਚ ਗੈਸ ਸਿਲੰਡਰ ਫਟ ਗਿਆ। ਗੈਸ ਸਿਲੰਡਰ ਫਟਣ ਨਾਲ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਅਖਬਾਰ ਡਾਨ ਨੇ ਰੈਸਕਿਊ 1122 ਕੰਟਰੋਲ ਰੂਮ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ 14 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੰਜਾਬ ਦੇ ਸਰਗੋਧਾ ਜ਼ਿਲ੍ਹੇ ਦੀ ਭਲਵਾਲ ਤਹਿਸੀਲ ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਜ਼ਖਮੀਆਂ ਨੂੰ ਭਲਵਾਲ ਤਹਿਸੀਲ ਹੈੱਡਕੁਆਰਟਰ (ਟੀ.ਐੱਚ.ਕਿਊ.) ਹਸਪਤਾਲ ਲਿਜਾਇਆ ਗਿਆ। ਲਾਸ਼ਾਂ ਨੂੰ ਵੀ ਉਸੇ ਹਸਪਤਾਲ ਲਿਜਾਇਆ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਹਾਦਸੇ 'ਚ ਮਾਰੇ ਗਏ 7 ਲੋਕਾਂ 'ਚੋਂ 5 ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦੱਸ ਦੇਈਏ ਕਿ ਜ਼ਖਮੀਆਂ 'ਚ ਚਾਰ ਸਾਲ ਅਤੇ 12 ਸਾਲ ਦੇ ਦੋ ਬੱਚੇ ਅਤੇ 50 ਸਾਲ ਦੇ ਦੋ ਲੋਕ ਸ਼ਾਮਲ ਹਨ। ਰੈਸਕਿਊ 1122 ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:35 ਵਜੇ (ਸਥਾਨਕ ਸਮੇਂ ਅਨੁਸਾਰ) ਘਟਨਾ ਬਾਰੇ ਇੱਕ ਕਾਲ ਅਲਰਟ ਮਿਲਿਆ। ਨੌਂ ਐਂਬੂਲੈਂਸਾਂ, ਤਿੰਨ ਫਾਇਰ ਇੰਜਨ ਅਤੇ ਇੱਕ ਬਚਾਅ ਵਾਹਨ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ ਹੈ। ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਨ ਨੂੰ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਅਤੇ ਕਮਿਸ਼ਨਰ ਅਤੇ ਆਰਪੀਓ (ਖੇਤਰੀ ਪੁਲਿਸ ਅਫਸਰ) ਸਰਗੋਧਾ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਮੋਹਸਿਨ ਨਕਵੀ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।