ਗੇਰਾਸ਼ਕ, 17 ਮਾਰਚ : ਅਫਗਾਨਿਸਤਾਨ 'ਚ ਇਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਮੁਤਾਬਕ ਅਫਗਾਨਿਸਤਾਨ 'ਚ ਸੜਕ ਹਾਦਸੇ 'ਚ 21 ਲੋਕਾਂ ਦੀ ਮੌਤ ਹੋ ਗਈ ਤੇ 38 ਜ਼ਖਮੀ ਹੋ ਗਏ। ਸੂਬਾਈ ਟਰੈਫਿਕ ਵਿਭਾਗ ਮੁਤਾਬਕ ਇਹ ਸੜਕ ਹਾਦਸਾ ਦੱਖਣੀ ਅਫਗਾਨਿਸਤਾਨ ਦੇ ਹੇਲਮੰਡ ਸੂਬੇ 'ਚ ਸਥਿਤ ਗੇਰਾਸ਼ਕ ਜ਼ਿਲ੍ਹੇ 'ਚ ਵਾਪਰਿਆ। ਵਿਭਾਗ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੱਖਣੀ ਕੰਧਾਰ ਤੇ ਪੱਛਮੀ ਹੇਰਾਤ ਸੂਬਿਆਂ ਨੂੰ ਜੋੜਨ ਵਾਲੇ ਮੁੱਖ ਮਾਰਗ 'ਤੇ ਇਕ ਮੋਟਰਸਾਈਕਲ ਅਤੇ ਬੱਸ ਦੀ ਟੱਕਰ ਹੋ ਗਈ ਸੀ। ਟ੍ਰੈਫਿਕ ਅਧਿਕਾਰੀ ਕਾਦਰਤੁੱਲ੍ਹਾ ਨੇ ਦੱਸਿਆ ਕਿ ਇਕ ਬਾਈਕ ਦੀ ਯਾਤਰੀ ਬੱਸ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਸੜਕ 'ਤੇ ਉਲਟ ਦਿਸ਼ਾ ਤੋਂ ਆ ਰਹੇ ਇਕ ਤੇਲ ਟੈਂਕਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਦਰਦਨਾਕ ਸੀ ਕਿ 21 ਲੋਕਾਂ ਦੀ ਮੌਤ ਹੋ ਗਈ ਤੇ 38 ਹੋਰ ਜ਼ਖਮੀ ਹੋ ਗਏ। ਹੇਲਮੰਡ ਪੁਲਿਸ ਮੁਖੀ ਦੇ ਬੁਲਾਰੇ ਹਜ਼ਤੁੱਲਾ ਹੱਕਾਨੀ ਨੇ ਦੱਸਿਆ ਕਿ ਇਸ ਹਾਦਸੇ 'ਚ 38 ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 11 ਲੋਕਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਹਸਪਤਾਲਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਵਿੱਚ ਹਰ ਰੋਜ਼ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਦਾ ਮੁੱਖ ਕਾਰਨ ਇੱਥੋਂ ਦੀਆਂ ਸੜਕਾਂ ਦੀ ਮਾੜੀ ਹਾਲਤ ਅਤੇ ਡਰਾਈਵਰਾਂ ਦੀ ਲਾਪਰਵਾਹੀ ਹੈ।