ਬੀਜਿੰਗ, 22 ਫਰਵਰੀ : ਚੀਨ ਦੇ ਉੱਤਰੀ ਅੰਦਰੂਨੀ ਮੰਗੋਲੀਆ ਖੇਤਰ 'ਚ ਬੁੱਧਵਾਰ ਨੂੰ ਇਕ ਖਾਨ ਦੇ ਡਿੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਹਾਦਸੇ 'ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਚੀਨ ਦੇ ਸਰਕਾਰੀ ਮੀਡੀਆ ਦੇ ਅਨੁਸਾਰ, ਅਲੈਕਸਾ ਲੀਗ ਦੀ ਇੱਕ ਖਾਨ ਬੁੱਧਵਾਰ ਦੁਪਹਿਰ ਨੂੰ ਢਹਿ ਗਈ, ਜਿਸ ਨਾਲ ਮਲਬੇ ਵਿੱਚ ਕਈ ਲੋਕ ਦੱਬ ਗਏ। ਹਾਲਾਂਕਿ ਬਚਾਅ ਕਰਮਚਾਰੀਆਂ ਨੇ ਮਲਬੇ 'ਚੋਂ ਤਿੰਨ ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ। ਹੋਰ ਮੀਡੀਆ ਰਿਪੋਰਟਾਂ ਨੇ ਲਾਪਤਾ ਲੋਕਾਂ ਦੀ ਕੁੱਲ ਗਿਣਤੀ 57 ਦੱਸੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਖਾਨ ਦੇ ਡਿੱਗਣ ਕਾਰਨ ਕਈ ਵਾਹਨ ਵੀ ਮਲਬੇ ਹੇਠਾਂ ਦੱਬ ਗਏ ਹਨ। ਚੀਨ ਦੇ ਅੰਦਰੂਨੀ ਮੰਗੋਲੀਆ ਖੇਤਰ ਵਿੱਚ ਕੋਲੇ ਅਤੇ ਹੋਰ ਖਣਿਜਾਂ ਦੀਆਂ ਖਾਣਾਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਜਲੀ ਉਤਪਾਦਨ ਲਈ ਚੀਨ ਦੀ ਕੋਲੇ 'ਤੇ ਨਿਰਭਰਤਾ ਹੈ।