ਕੀਵ, 28 ਜੂਨ : ਪੂਰਬੀ ਯੂਕਰੇਨ ਦੇ ਕ੍ਰਾਮਾਟੋਰਸਕ ਸ਼ਹਿਰ ’ਚ ਇਕ ਰੇਸਤਰਾਂ ਅਤੇ ਦੁਕਾਨਾਂ ਦੇ ਇਲਾਕੇ ’ਚ ਰੂਸੀ ਮਿਜ਼ਾਈਲ ਡਿੱਗਣ ਨਾਲ ਬੱਚੀ ਅਤੇ ਜੁੜਵਾਂ ਭੈਣਾਂ ਸਮੇਤ 10 ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। ਗਵਰਨਰ ਪਾਵਲੋ ਕਿਰਿਲੇਂਕੋ ਨੇ ਦੇਸ਼ ਦੇ ਸਰਕਾਰੀ ਟੀ.ਵੀ. ਚੈਨਲ ’ਤੇ ਦਸਿਆ ਕਿ ਮੰਗਲਵਾਰ ਸ਼ਾਮ ਨੂੰ ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਰੇਸਤਰਾਂ ਦੇ ਅੰਦਰ ਲੋਕਾਂ ਦੀ ਭੀੜ ਸੀ। ਕਈ ਲੋਕ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਬਚਾਅ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਨੇ ਦਸਿਆ ਕਿ ਉਸ ਨੇ ‘‘ਮਰੇ ਹੋਏ ਲੋਕਾਂ, ਚੀਕਦੇ ਲੋਕ, ਰੋਂਦੇ ਲੋਕ ਅਤੇ ਭਾਰੀ ਹਫੜਾ-ਦਫੜੀ’’ ਵੇਖੀ। ਇਕ ਬਿਆਨ ’ਚ ਯੂਕਰੇਨੀ ਪ੍ਰਸੀਕਿਊਟਰ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਮ੍ਰਿਤਕਾਂ ’ਚ ਇਕ 17 ਸਾਲਾਂ ਦੀ ਬੱਚੀ ਅਤੇ 14 ਸਾਲਾਂ ਦੀਆਂ ਜੁੜਵਾਂ ਭੈਣਾਂ ਵੀ ਸ਼ਾਮਲ ਹੈ ਅਤੇ ਘੱਟ ਤੋਂ ਘੱਟ 42 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿਤੀ ਹੈ ਕਿ ਇਹ ਸੰਭਵ ਹੈ ਕਿ ਮਲਬੇ ਹੇਠਾਂ ਹੋਰ ਵੀ ਲੋਕ ਫਸੇ ਹੋਣ। ਮਲਬਾ ਅਜੇ ਵੀ ਹਟਾਇਆ ਜਾ ਰਿਹਾ ਹੈ। ਕਿਰਿਲੇਂਕੋ ਨੇ ਯੂਕਰੇਨੀ ਟੈਲੀਵਿਜ਼ਨ ਨੂੰ ਦਸਿਆ ਕਿ ਇਹ ਸ਼ਹਿਰ ਦਾ ਕੇਂਦਰ ਹੈ। ਇਹ ਜਨਤਕ ਖਾਣ-ਪੀਣ ਦੀ ਥਾਂ ਸੀ ਜਿੱਥੇ ਲੋਕਾਂ ਦੀ ਭੀੜ ਰਹਿੰਦੀ ਸੀ। ਵਾਇਟ ਹਾਊਸ ਨੇ ਯੂਕਰੇਨ ’ਤੇ ‘ਬੇਦਰਦ ਹਮਲਿਆਂ’ ਲਈ ਰੂਸ ਦੀ ਨਿੰਦਾ ਕੀਤੀ ਹੈ।