ਜਲੰਧਰ : ਐਕਟਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਉਹ ਸ਼ਖਸੀਅਤ ਹੈ, ਜੋ ਪੰਜਾਬੀਆਂ ਨੂੰ ਪਿਛਲੇ 30 ਸਾਲਾਂ ਤੋਂ ਹਸਾਉਂਦਾ ਆ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਪ੍ਰੀਤ ਘੁੱਗੀ ਦੇ ਸੰਘਰਸ਼ ਤੋਂ ਸਫਲਤਾ ਤੱਕ ਦੀ ਕਹਾਣੀ। ਜਾਣੋ ਕਿਵੇਂ 7 ਰੁਪਏ ਦਿਹਾੜੀ ਕਰਨ ਵਾਲੇ ਗੁਰਪ੍ਰੀਤ ਘੁੱਗੀ ਅੱਜ ਕਰੋੜਾਂ ਦੇ ਮਾਲਕ ਬਣੇ। ਉਹਨਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ ਪਰ ਪਾਲੀਵੁੱਡ ਵਿੱਚ ਉਹਨਾਂ ਨੂੰ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਦੇ ਹਾਂ, ਉਹਨਾਂ ਨੂੰ ਇਹ ਨਾਂ ਉਹਨਾਂ ਦੇ ਉਸਤਾਦ ਬਲਵਿੰਦਰ ਵਿੱਕੀ ਉਰਫ ਚਾਚਾ ਰੌਣਕੀ ਰਾਮ ਨੇ ਦਿੱਤਾ ਸੀ। ਘੁੱਗੀ ਦੇ ਦੋ ਵੱਡੇ ਭਰਾ ਹਨ ਤੇ ਉਹਨਾਂ ਦੇ ਪਰਿਵਾਰ ਵਿੱਚ 14 ਮੈਂਬਰ ਹਨ। ਗੁਰਪ੍ਰੀਤ ਘੁੱਗੀ ਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ ਤੇ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਉਹਨਾਂ ਦਾ ਬੇਟਾ ਕ੍ਰਿਕਟ ਦਾ ਚੰਗਾ ਖਿਡਾਰੀ ਹੈ। ਇੱਕ ਸਮਾਂ ਸੀ ਜਦੋਂ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਨ ਲਈ 7 ਰੁਪਏ ਦਿਹਾੜੀ ਤੇ ਕੰਮ ਕਰਦੇ ਸਨ। ਘੁੱਗੀ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਜੂਨ 1971 ਨੂੰ ਹੋਇਆ ਸੀ। ਉਹਨਾਂ ਦੀ ਮਾਂ ਦਾ ਨਾਂ ਸੁਖਵਿੰਦਰ ਕੌਰ ਅਤੇ ਪਿਤਾ ਦਾ ਨਾਂ ਗੁਰਨਾਮ ਸਿੰਘ ਹੈ । ਉਹ ਪਿੰਡ ਖੋਖਰ ਫੌਜੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ। ਸ਼ੁਰੂ ਦੇ ਦਿਨਾਂ ਵਿੱਚ ਉਹਨਾਂ ਦੇ ਪਿਤਾ ਨੂੰ ਕਾਰੋਬਾਰ ਵਿੱਚ ਵੱਡਾ ਘਾਟਾ ਪਿਆ ਸੀ, ਜਿਸ ਕਰਕੇ ਉਹਨਾਂ ਦਾ ਪਰਿਵਾਰ ਆਰਥਿਕ ਤੰਗੀ ਵਿੱਚ ਆ ਗਿਆ ਸੀ। ਇਸ ਸਭ ਦੇ ਚਲਦੇ ਉਹਨਾਂ ਨੇ ਕਰਤਾਰਪੁਰ ਸਬ-ਤਹਿਸੀਲ ਵਿੱਚ ਲੋਕਾਂ ਦੇ ਪਰਨੋਟ ਤੇ ਬਿਆਨੇ ਲਿਖਣੇ ਸ਼ੁਰੂ ਕਰ ਦਿੱਤੇ ।ਇੱਕ ਅਰਜੀ ਨਵੀਸ ਦੇ ਤੌਰ ਤੇ ਉਹਨਾਂ ਨੇ 2 ਸਾਲ ਸਿਰਫ 7 ਰੁਪਏ ਦਿਹਾੜੀ 'ਤੇ ਕੰਮ ਕੀਤਾ। ਅਰਜੀ ਨਵੀਸ ਦੇ ਤੌਰ ਤੇ ਕੰਮ ਕਰਦੇ ਹੋਏ ਹੀ ਉਹਨਾਂ ਨੇ 11ਵੀਂ ਤੇ ਬਾਰਵੀਂ ਦੀ ਪੜਾਈ ਪ੍ਰਾਈਵੇਟ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਦੁਆਬਾ ਕਾਲਜ ਵਿੱਚ ਦਾਖਲਾ ਲੈ ਲਿਆ। ਕਾਲਜ ਦੇ ਪ੍ਰਬੰਧਕਾਂ ਨੇ ਘੁੱਗੀ ਦੀ ਬੀ.ਏ. ਦੀ ਪੜਾਈ ਦੀ ਫੀਸ ਇਸ ਲਈ ਮੁਆਫ ਕਰ ਦਿੱਤੀ ਕਿਉਂਕਿ ਘੁੱਗੀ ਨੇ ਕਾਲਜ ਨੂੰ ਆਪਣੀ ਕਮੇਡੀ ਅਤੇ ਐਕਟਿੰਗ ਦੇ ਬਲ ਤੇ ਕਈ ਯੂਥ ਫੈਸਟੀਵਲ ਜਿਤਵਾਉਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਨਾਲ ਹੀ ਗੁਰਪ੍ਰੀਤ ਘੁੱਗੀ ਨੇ 1990 ਵਿੱਚ ਡਰਾਮਿਆਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਦੁਰਦਰਸ਼ਨ ਜਲੰਧਰ 'ਤੇ ਵੀ ਕੰਮ ਕੀਤਾ ਉਹ ਜ਼ਿਆਦਾਤਰ ਸਕਿੱਟ ਕਰਦੇ ਸਨ । ਉਹਨਾਂ ਨੇ ਆਲ ਇੰਡੀਆ ਰੇਡੀਓ 'ਤੇ ਅਨਾਉਂਸਰ ਦੀ ਵੀ ਨੌਕਰੀ ਕੀਤੀ ਇਥੇ ਗੁਰਪ੍ਰੀਤ ਨੂੰ ਇੱਕ ਡਿਊਟੀ ਦੇ 200 ਰੁਪਏ ਮਿਲਦੇ ਸਨ।