ਸਿੱਖ ਇਤਿਹਾਸ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੁੱਚੇ ਸੰਸਾਰ ਵਿੱਚ ਜ਼ਿਕਰਯੋਗ ਹੈ। ਦਸੰਬਰ ਵਿੱਚ ਪੈਂਦਾ ਦੇਸੀ ਮਹੀਨਾ “ਪੋਹ” ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੀ ਸਿੱਖ ਕੌਮ ਵੱਲੋਂ ਸ਼ਰਧਾ ਪੂਰਵਕ ਅਤੇ ਉਦਾਸੀਨਤਾ ਨਾਲ ਯਾਦ ਕੀਤਾ ਜਾਂਦਾ ਹੈ। ਦਸ਼ਮ ਪਿਤਾ ਜੀ ਦਾ ਆਪਣੇ ਪਰਿਵਾਰ ਤੋਂ ਵਿਛੋੜਾ, ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੇ ਸਭ ਦੁਖਾਂਤ ਸੰਮਤ 1761 ਨੂੰ ਇਸੇ ਦਸੰਬਰ ਮਹੀਨੇ ਵਾਪਰੇ ਸਨ।ਗੁਰੂ ਜੀ ਨੇ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਹੋਈ ਸੰਧੀ ਤਹਿਤ 6 ਅਤੇ 7 ਪੋਹ ( 21 ਦਸੰਬਰ ) ਦੀ ਦਰਮਿਆਨੀ ਰਾਤ ਨੂੰ ਆਪਣੀ ਪਤਨੀ, ਚਾਰ ਪੁੱਤਰਾਂ ਅਤੇ ਪੰਜ ਪਿਆਰਿਆਂ ਸਮੇਤ ਸੈਂਕੜੇ ਸਿੰਘਾਂ ਨਾਲ ਅਨੰਦਪੁਰ ਦੇ ਕਿਲ੍ਹੇ ਨੂੰ ਅਲਵਿਦਾ ਆਖ ਦਿੱਤੀ। ਪਰ ਮੁਗਲਾਂ ਨੇ ਗੁਰੂ ਜੀ ਨਾਲ ਹੋਈ ਸੰਧੀ ’ਤੇ ਵਚਨ ਤੋੜਦਿਆਂ ਉਹਨਾਂ ਦਾ ਤਕਰੀਬਨ 25 ਕਿਲੋਮੀਟਰ ਪਿੱਛਾ ਕਰਦੇ ਹੋਏ ਸਰਸਾ ਨਦੀ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ 7 ਪੋਹ ( 22 ਦਸੰਬਰ ) ਨੂੰ ਗੁਰੂ ਜੀ ਦਾ ਆਪਣੇ ਪਰਿਵਾਰ ਤੋਂ ਵਿਛੋੜਾ ਪੈ ਗਿਆ।
ਗੁਰੂ ਜੀ ਦੇ ਦੋਵੇਂ ਛੋਟੇ ਪੁੱਤਰ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਆਪਣੀ ਦਾਦੀ, ਮਾਤਾ ਗੁਜਰੀ ਜੀ ਨਾਲ ਵਗਦੀ ਨਦੀ ਦੇ ਇੱਕ ਪਾਸੇ ਰਹਿ ਗਏ ਅਤੇ ਗੁਰੂ ਜੀ ਅਤੇ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਸਿੰਘਾਂ ਸਮੇਤ ਦੂਸਰੇ ਕੰਢੇ ਅਲੱਗ ਹੋ ਗਏ। ਇੱਥੋਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਭਾਈ ਮਨੀ ਸਿੰਘ ਜੀ ਆਪਣੇ ਨਾਲ ਦਿੱਲੀ ਲੈ ਗਏ।
ਮੁਗਲਾਂ ਨਾਲ ਟੱਕਰ ਲੈਣ ਬਾਅਦ ਗੁਰੂ ਜੀ ਸਰਸਾ ਨਦੀ ਤੋਂ ਆਪਣੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ, ਪੰਜ ਪਿਆਰਿਆਂ ਅਤੇ ਚਾਲ਼ੀ ਸਿੰਘਾਂ ਨਾਲ ਚਮਕੌਰ ਚੱਲ ਪਏ, ਜਿੱਥੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨਾਲ ਉੱਨ੍ਹਾਂ ਦਾ ਟਾਕਰਾ ਹੋ ਗਿਆ। ਵਜ਼ੀਰ ਖ਼ਾਨ ਨਾਲ ਹੋਏ ਯੁੱਧ ਵਿੱਚ ਮੁਗਲਾਂ ਨਾਲ ਲੋਹਾ ਲੈਂਦਿਆਂ 8 ਪੋਹ ( 23 ਦਸੰਬਰ ) ਨੂੰ ਗੁਰੂ ਜੀ ਦੇ ਵੱਡੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ, ਤਿੰਨ ਪੰਜ ਪਿਆਰੇ ਅਤੇ 40 ਸਿੰਘ ਸ਼ਹਾਦਤ ਦਾ ਜ਼ਾਮ ਪੀ ਗਏ।
ਸਰਸਾ ਨਦੀ ਦੇ ਦੂਸਰੇ ਪਾਸੇ ਵੀ ਅਨੇਕਾਂ ਸਿੰਘ ਸ਼ਹੀਦੀਆਂ ਪਾ ਗਏ ਅਤੇ ਛੋਟੇ ਸਾਹਿਬਜ਼ਾਦੇ, ਆਪਣੀ ਦਾਦੀ ਮਾਤਾ ਗੁਜਰੀ ਜੀ ਪਾਸ ਇਕੱਲੇ ਰਹਿ ਗਏ। ਆਪਣੀ ਦਾਦੀ ਨਾਲ ਜੰਗਲੀ ਰਾਹਾਂ ਵਿੱਚੋਂ ਗੁਜ਼ਰਦਿਆਂ ਉਹ ਗੰਗੂ ਨਾਂ ਦੇ ਬ੍ਰਾਹਮਣ ਦੇ ਨਜ਼ਰੀਂ ਪੈ ਗਏ ਜੋ ਤਿੰਨਾਂ ਨੂੰ ਆਪਣੇ ਘਰ ਲੈ ਗਿਆ। ਮਾਤਾ ਜੀ ਪਾਸ ਸੋਨੇ ਦੀਆਂ ਮੋਹਰਾਂ ਦੇਖ ਗੰਗੂ ਦਾ ਦਿਲ ਬੇਈਮਾਨ ਹੋ ਗਿਆ ਅਤੇ ਉਸਨੇ ਤਿੰਨਾਂ ਨੂੰ ਹੀ ਮੁਗ਼ਲਾਂ ਕੋਲ ਗ੍ਰਿਫਤਾਰ ਕਰਵਾਕੇ ਸਰਹਿੰਦ ਦੇ ਠੰਢੇ ਬੁਰਜ ਵਿੱਚ ਕੈਦ ਕਰਵਾ ਦਿੱਤਾ। ਛੋਟੇ ਸਾਹਬਜ਼ਾਦਿਆਂ ਨੂੰ 11 ਅਤੇ 12 ਪੋਹ ( 26 ਦਸੰਬਰ ) ਨੂੰ ਵਜ਼ੀਰ ਖ਼ਾਨ ਅੱਗੇ ਪੇਸ਼ ਕੀਤਾ ਗਿਆ। ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਜੇ ਉਹ ਦੋਵੇਂ ਇਸਲਾਮ ਕਬੂਲ ਕਰ ਲੈਂਦੇ ਹਨ ਤਾਂ ਉਹਨਾਂ ਨੂੰ ਬਖ਼ਸ਼ ਦਿੱਤਾ ਜਾਵੇਗਾ। ਪਰ ਸਾਹਿਬਜ਼ਾਦੇ ਆਪਣੇ ਧਰਮ ਦੇ ਪੱਕੇ ਸਨ ਅਤੇ ਉਹਨਾਂ ਨੇ ਮੁਗ਼ਲਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਦੰਦ ਪੀਂਹਦੇ ਹੋਏ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਦੇਣ ਦਾ ਹੁਕਮ ਸੁਣਾ ਦਿੱਤਾ। ਇਸ ਤਰਾਂ 13 ਪੋਹ ( 27 ਦਸੰਬਰ ) ਨੂੰ ਨੀਹਾਂ ਵਿੱਚ ਸ਼ਹਾਦਤ ਦੇ ਕੇ ਇਹ ਨਿੱਕੀਆਂ ਜਿੰਦਾਂ ਵੱਡਾ ਸਾਕਾ ਸਿਰਜ ਗਈਆਂ। ਨੰਨ੍ਹੇ ਪੋਤਿਆਂ ਦੀ ਇਹ ਦੁਖਦ ਖ਼ਬਰ ਸੁਣਦਿਆਂ ਹੀ ਉਸੇ ਵਕਤ ਹੀ ਮਾਤਾ ਗੁਜ਼ਰੀ ਜੀ ਵੀ ਠੰਢੇ ਬੁਰਜ ਵਿੱਚ ਆਪਣੇ ਪ੍ਰਾਣ ਤਿਆਗ ਗਏ।
ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਪਵਿੱਤਰ ਯਾਦ ਵਿੱਚ ਦੁਨੀਆਂ ਭਰ ਤੋਂ ਹਰ ਵਰ੍ਹੇ 6 ਤੋਂ 8 ਪੋਹ (26,27,28 ਦਸੰਬਰ) ਨੂੰ ਸਿੱਖ ਸੰਗਤਾਂ ਫਤਹਿਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਉੱਤੇ ਲੱਖਾਂ ਦੀ ਗਿਣਤੀ ਵਿੱਚ ਜੁੜਦੀਆਂ ਹਨ।