ਹੁਸ਼ਿਆਰਪੁਰ, 13 ਸਤੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵਿਖੇ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਦੇ ਸਹਿਯੋਗ ਨਾਲ ਜੀ.ਐਮ.ਏ. ਸਿਟੀ ਪਬਲਿਕ ਸਕੂਲ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦੇ ਲਈ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਵਰਕਸ਼ਾਪ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹ੍ਹਾ ਰੋਜ਼ਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ‘ਇੰਟਰਪ੍ਰੈਂਸ਼ਰਸ਼ਿਪ ਸਕਿੱਲ’ ਬਾਰੇ ਜਾਣੂ ਕਰਾ ਕੇ ਭਵਿੱਖ ਵਿੱਚ ਆਪਣੇ ਖੁੱਦ ਦੇ ਸਟਾਰਟਅੱਪ ਰਾਹੀਂ ਆਪਣਾ ਅਤੇ ਹੋਰਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਮੌਕੇ ਕਰੀਅਰ ਕਾਊਂਸਲਰ ਅਦਿਤਿਆ ਰਾਣਾ ਨੇ ਦੱਸਿਆ ਕਿ ਸਟਾਰਟਅੱਪ ਰਾਹੀਂ ਵਿਅਕਤੀ ਨਾ ਕੇਵਲ ਆਪਣੇ ਲਈ ਬਲਕਿ ਹੋਰਨਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਦਿੰਦਾ ਹੈ, ਇਸ ਲਈ ਸਕੂਲ ਪੱਧਰ ’ਤੇ ਹੀ ਵਿਦਿਆਰਥੀਆਂ ਨੂੰ ਇਸ ਬਾਰੇ ਜਾਣੂ ਕਰਵਾ ਕੇ ਸਟਾਰਟਅੱਪ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਉਪਰੰਤ ਪੁਨੀਤ ਬਾਵਾ, ਅਸਿਸਟੈਂਟ ਪ੍ਰੋਫੈਸਰ ਇਕੋਸਿਸਟਮ ਡਿਵੈਲਪਮੈਂਟ ਮੈਨੇਜਰ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਵਲੋਂ ਵੱਖ-ਵੱਖ ਬ੍ਰੈਡਾਂ ਅਤੇ ਸਖਸ਼ੀਅਤਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਰਾਹੀਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਵਧੀਆ ਪੜ੍ਹਾਈ ਦੇ ਨਾਲ ਹੀ ਵਧੀਆ ਬਿਜ਼ਨਜ ਚਲਾਏ ਜਾ ਸਕਦੇ ਹਨ ਕਿਉਂ ਕਿ ਅੱਜ ਕੱਲ ਟੈਕਨਾਲੋਜੀ ਦੀ ਵਰਤੋਂ ਨਾਲ ਹੀ ਅਸੀਂ ਬਿਜ਼ਨਸ ਨੂੰ ਬੁਲੰਦੀਆਂ ਤੱਕ ਪਹੁੰਚਾ ਸਕਦੇ ਹਨ। ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫਤਰ ਨਾ ਕੇਵਲ ਨੌਕਰੀਆਂ ਬਲਕਿ ਸਵੈ-ਰੋਜ਼ਗਾਰ ਲਈ ਵੀ ਬਹੁਤ ਸਾਰੇ ਉਪਰਾਲੇ ਕਰਦਾ ਹੈ ਅਤੇ ਜੇਕਰ ਕੋਈ ਉਮੀਦਵਾਰ ਆਪਣਾ ਖੁੱਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਬਿਊਰੋ ਵਲੋਂ ਪੂਰੀ ਮਦਦ ਕੀਤੀ ਜਾਵੇਗੀ। ਇਸ ਵਿਸ਼ੇਸ਼ ਵਰਕਸ਼ਾਪ ਪ੍ਰੋਗਰਾਮ ਦੌਰਾਨ ਜੀ.ਐਮ.ਏ. ਸਿਟੀ ਪਬਲਿਕ ਸਕੂਲ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦੇ ਸਟਾਫ ਮੈਂਬਰਜ਼ ਤੇ ਤਕਰੀਬਨ 100 ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਇਸ ਵਰਕਸ਼ਾਪ ਪ੍ਰੋਗਰਾਮ ਵਿੱਚ ਭਾਗ ਲਿਆ। ਇਸ ਮੌਕੇ ਵਿਕਰਮ ਸਿੰਘ, ਯੰਗ ਪ੍ਰੋਫੈਸ਼ਨਲ ਐਮ.ਸੀ.ਸੀ. ਅਤੇ ਵਰੁਣ ਨਈਅਰ ਡਿਪਾਰਟਮੈਂਟ ਆਫ ਕਰੀਅਰ ਗਾਈਡੈਂਸ ‘ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ’ ਵੀ ਹਾਜ਼ਰ ਸਨ।