ਨਵਾਂਸ਼ਹਿਰ, 11 ਅਕਤੂਬਰ : ਡਾਇਰੈਕਟਰ, ਉਦਯੋਗ ਤੇ ਵਣਜ ਵਿਭਾਗ ਪੰਜਾਬ ਵੱਲੋਂ ‘ਐਕਸਪਲੋਜ਼ਿਵ ਰੂਲਜ਼-2008’ ਜਾਰੀ ਮਿਤੀ 14 ਸਤੰਬਰ, 2022 ਦੀਆਂ ਹਦਾਇਤਾਂ ਦੀ ਰੌਸ਼ਨੀ ’ਚ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੁਸਹਿਰਾ, ਦੀਵਾਲੀ, ਕ੍ਰਿਸਮਿਸ, ਨਵਾਂ ਸਾਲ ਤੇ ਗੁਰਪੁਰਬ ਮੌਕੇ ਪਟਾਕੇ ਚਲਾਉੁਣ ਦਾ ਸਮਾਂ ਨਿਰਧਾਰਿਤ ਕੀਤਾ ਹੈ। ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਦੁਸਹਿਰੇ ਵਾਲੇ ਦਿਨ ਦੁਸਹਿਰਾ ਗਰਾਊਂਡ/ਨਿਰਧਾਰਿਤ ਥਾਂ ’ਤੇ ਸ਼ਾਮ 6 ਤੋਂ 7 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਦੀਵਾਲੀ ‘ਤੇ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਕ੍ਰਿਸਮਿਸ ਮੌਕੇ ਅਤੇ ਨਵੇਂ ਸਾਲ ਮੌਕੇ ਰਾਤ 11:55 ਵਜੇ ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਗੁਰਪੁਰਬ ਮੌਕੇ ਸਵੇਰ ਦੇ ਸਮੇਂ 4 ਤੋਂ 5 ਵਜੇ ਅਤੇ ਸ਼ਾਮ ਦੇ ਸਮੇਂ ਰਾਤ 9 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜ਼ਾਜ਼ਤ ਹੋਵੇਗੀ। ਉਕਤ ਨਿਰਧਾਰਿਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਜ਼ਿਲ੍ਹੇ ’ਚ ਪਟਾਕੇ ਚਲਾਉਣ ’ਤੇ ਪੂਰਣ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਦੁਸਹਿਰਾ ਕਮੇਟੀ ਸਬੰਧਤ ਐਸ ਡੀ ਐਮ ਤੋਂ ਅਗਾਊਂ ਪ੍ਰਵਾਨਗੀ ਲੈ ਕੇ ਹੀ ਦੁਸਹਿਰਾ ਮੇਲਾ ਲਾਵੇ ਅਤੇ ਦੁਸਹਿਰਾ ਗਰਾਊਂਡ/ਸਥਾਨ ’ਤੇ ਲੋਕਾਂ ਦਾ ਇਕੱਠ, ਪਟਾਕੇ ਚਲਾਉਣ ਵਾਲੀ ਥਾਂ ਤੋਂ 30 ਮੀਟਰ ਦੇ ਘੇਰੇ ਤੋਂ ਦੂਰ ਹੋਣਾ ਲਾਜ਼ਮੀ ਹੈ। ਖਾਮੋਸ਼ ਥਾਂਵਾਂ ਜਿਵੇਂ ਕਿ ਹਸਪਤਾਲਾਂ, ਸਿਖਿਆ ਸੰਸਥਾਂਵਾਂ, ਅਦਾਲਤਾਂਅਤੇ ਧਾਰਮਿਕ ਸਥਾਨਾਂ ਆਦਿ ’ਤੇ 100 ਮੀਟਰ ਦੇ ਘੇਰੇ ’ਚ ਪਟਾਕੇ ਚਲਾਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ।