- ਫਸਲਾਂ ਦੇ ਨੁਕਸਾਨ ਦੀ ਅਸੈਸਮੈਂਟ ਰਿਪੋਰਟ ਇਕ ਹਫਤੇ ਦੇ ਅੰਦਰ-ਅੰਦਰ ਦੇਣ ਦੇ ਨਿਰਦੇਸ਼
- ਹਰ ਹੜ੍ਹ ਪ੍ਰਭਾਵਿਤ ਨੂੰ ਮਿਲੇਗਾ ਬਣਦਾ ਮੁਆਵਜ਼ਾ- ਰਿਮੋਟ ਸੈਂਸਿੰਗ ਰਾਹੀਂ ਕੀਤੀ ਜਾਵੇਗੀ ਨਿਗਰਾਨੀ
ਕਪੂਰਥਲਾ, 27 ਜੁਲਾਈ : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਕੁਲੈਕਟਰ ਕੈਪਟਨ ਕਰਨੈਲ ਸਿੰਘ ਨੇ ਸਤਲੁਜ ਤੇ ਬਿਆਸ ਵਿਚ ਆਏ ਹੜ੍ਹਾਂ ਕਾਰਨ ਹੋਏ ਫਸਲਾਂ/ਮਕਾਨਾਂ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾ ਸਕੇ। ਪੰਜਾਬ ਦੇ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਵਲੋਂ ਜਾਰੀ ਹੁਕਮਾਂ ਦੇ ਮੱਦੇਨਜ਼ਰ ਜਿਲ੍ਹਾ ਕੁਲੈਕਟਰ ਵਲੋਂ ਕਿਹਾ ਗਿਆ ਹੈ ਕਿ ਵਿਸ਼ੇਸ਼ ਗਿਰਦਾਵਰੀ ਕਰਨ ਉਪਰੰਤ ਫਸਲਾਂ ਨੂੰ ਹੋਏ ਨੁਕਸਾਨ ਦੀ ਅਸੈਸਮੈਂਟ ਰਿਪੋਰਟ ਐਸ.ਡੀ.ਆਰ.ਐਫ ਦੀਆਂ ਹਦਾਇਤਾਂ ਮੁਤਾਬਿਕ ਗਿਰਦਾਵਰੀ ਦੇ ਹੁਕਮ ਜਾਰੀ ਹੋਣ ਦੇ ਇਕ ਹਫਤੇ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਦਫਤਰ ਦੀ ਡੀ.ਆਰ.ਟੀ.ਏ. ਸ਼ਾਖਾ ਨੂੰ ਭੇਜੀ ਜਾਣੀ ਹੈ। ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਹਲਕੇ ਦੇ ਪਟਵਾਰੀ ਵਲੋਂ ਖਰਾਬੇ ਦੀ ਕੀਤੀ ਗਈ ਅਸੈਸਮੈਂਟ ਦੀ 100 ਫੀਸਦੀ ਪੜਤਾਲ ਕਾਨੂੰਗੋ ਹਲਕਾ ਵਲੋਂ , 50 ਫੀਸਦੀ ਪੜਤਾਲ ਸੀ.ਆਰ.ਓ. ਵਲੋਂ ਤੇ 25 ਫੀਸਦੀ ਸਬੰਧਿਤ ਐਸ.ਡੀ.ਐਮ. ਵਲੋਂ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਹਰ ਹੜ੍ਹ ਪੀੜ੍ਹਤ ਤੱਕ ਮੁਆਵਜ਼ਾ ਰਾਸ਼ੀ ਪੁੱਜਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਖੁਦ ਵੀ ਅਚਨਚੇਤ ਪੜਤਾਲ ਕਰਨ ਦੇ ਨਾਲ-ਨਾਲ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਵਲੋਂ ਵੀ ਗਿਰਦਾਵਰੀ ਦੌਰਾਨ ਖਰਾਬੇ ਦੀ ਸੈਟੇਲਾਇਟ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਬੰਧਿਤ ਉਪ ਮੰਡਲ ਮੈਜਿਸਟ੍ਰੇਟ ਆਪਣੀ ਨਿਗਰਾਨੀ ਹੇਠ ਗਿਰਦਾਵਰੀ ਕਰਵਾਉਣ ਲਈ ਜਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੂੰ ਵਿਸ਼ੇਸ਼ ਗਿਰਦਾਵਰੀ ਸਮੇਂ ਸਟਾਫ ਨਾਲ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ, ਮਕਾਨਾਂ ਆਦਿ ਦਾ ਮੁਆਵਾਜ਼ਾ ਹਰ ਪੀੜ੍ਹਤ ਨੂੰ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ।