ਨਵਾਂਸ਼ਹਿਰ, 4 ਸਤੰਬਰ : ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਸੈਰ ਸਪਾਟਾ ਅਤੇ ਸਭਿਆਚਾਰਿਕ ਮਾਮਲੇ ਵਿਭਾਗ ਵੱਲੋਂ ਖਟਕੜ ਕਲ੍ਹਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ’ਤੇ 28 ਤੋਂ 30 ਸਤੰਬਰ ਤੱਕ ਮਨਾਏ ਜਾਣ ਵਾਲੇ ਇਨਕਲਾਬ ਫੈਸਟੀਵਲ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ, ਜਿਸ ਮੌਕੇ ’ਤੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਦੌਰਾਨ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਸੈਰ ਸਪਾਟਾ ਅਤੇ ਸਭਿਆਚਾਰਿਕ ਮਾਮਲੇ ਵਿਭਾਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ’ਤੇ 28 ਤੋਂ 30 ਸਤੰਬਰ ਤੱਕ ਖਟਕੜ ਕਲ੍ਹਾ ਵਿਖੇ ਇਕ ਮੇਲੇ ਦੇ ਰੂਪ ਵਿਚ ਇਨਕਲਾਬ ਫੈਸਟੀਵਲ ਕਰਵਾਇਆ ਜਾਏਗਾ। ਇਨਕਲਾਬ ਫੈਸਟੀਵਲ ਨੂੰ ਸਫਲਤਾਪੂਰਵਕ ਨੇਪੜੇ ਚਾੜ੍ਹਨ ਦੇ ਲਈ ਪਹਿਲਾਂ ਵੀ ਚੰਡੀਗੜ ਵਿਖੇ ਵੀ.ਸੀ. ਰਾਹੀਂ ਬੈਠਕਾਂ ਕਰਕੇ ਫੈਸਟੀਵਲ ਨੂੰ ਮਨਾਉਣ ਸਬੰਧੀ ਮੁਢਲੀ ਰੂਪ-ਰੇਖਾ ਤਿਆਰ ਕੀਤੀ ਗਈ ਸੀ। ਇਸੇ ਦੇ ਮੱਦੇਨਜ਼ਰ ਉਹ ਅੱਜ ਖੁਦ ਖਟਕੜ ਕਲ੍ਹਾਂ ਵਿਖੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਹਨ। ਉਨ੍ਹਾਂ ਨੇ ਕਿਹਾ ਕਿ ਖਟਕੜ ਕਲ੍ਹਾਂ ਵਿਖੇ ਬਣਾਏ ਗਏ ਮਿਊਜ਼ਮ ਨੂੰ ਅਪਗਰੇਡ ਕੀਤਾ ਜਾ ਰਿਹਾ ਹੈ, ਜਿਸ ਨੂੰ 28 ਸਤੰਬਰ ਤੋਂ ਪਹਿਲਾ ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਨਕਲਾਬ ਫੈਸਟੀਵਲ ਦੌਰਾਨ ਤਿੰਨ ਦਿਨਾਂ ਦਾ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਪੰਜਾਬੀ ਸੰਗੀਤਕਾਰ, ਕਲਾਕਾਰ ਅਤੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਵੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਦੌਰਾਨ ਕਲਾਕਾਰਾਂ ਵੱਲੋ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੀਵਨੀ ਸਬੰਧੀ ਨਾਟਕਾਂ ਰਾਹੀਂ ਪੇਸ਼ਕਾਰੀ ਕੀਤੀ ਜਾਵੇਗੀ। ਇਸ ਦੌਰਾਨ ਬੱਚਿਆਂ ਲਈ ਝੂਲੇ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ, ਜੋ ਕਿ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ’ਤੇ ਐਸ.ਡੀ.ਐਮ ਬੰਗਾ ਮਨਰੀਤ ਰਾਣਾ ਤੋਂ ਇਲਾਵਾ ਟੂਰਜ਼ਿਮ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜ਼ੂਦ ਸਨ।