-ਸਭ ਤੋਂ ਵੱਧ ਇਨਰੋਲਮੈਂਟ ਕਰਨ ਵਾਲੇ ਸਕੂਲ ਨੂੰ ਮਿਲੇਗਾ 25 ਲੱਖ ਦਾ ਇਨਾਮ
-ਸਰਕਾਰੀ ਸਕੂਲਾਂ ਨੂੰ ਮਿਲਣਗੇ ਕੈਂਪਸ ਮੈਨੇਜਰ, ਸਕਿਉਰਿਟੀ ਗਾਰਡ ਅਤੇ ਚੌਕੀਦਾਰ
-ਪੰਜਾਬ ਦੇ ਸਰਕਾਰੀ ਸਕੂਲ ਜਲਦ ਹੀ ਆਧੁਨਿਕ ਮਾਡਲ ਸਕੂਲਾਂ ਨੂੰ ਦੇਣਗੇ ਮਾਤ
ਹੁਸ਼ਿਆਰਪੁਰ, 22 ਦਸੰਬਰ : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਨੰਬਰ ਇਕ ਸੂਬਾ ਬਣਾਉਣ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਜਲਦ ਹੀ ਅਤਿ-ਆਧੁਨਿਕ ਮਾਡਲ ਸਕੂਲਾਂ ਨੂੰ ਮਾਤ ਦੇਣਗੇ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੱਦੀ ਸੂਰਾ ਸਿੰਘ ਵਿਖੇ ਸਾਲਾਨਾ ਸਮਾਗਮ ਵਿਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਸਮੇਤ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਲੜੀ ਵਿਚ ਫਰਵਰੀ ਮਹੀਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਚੋਟੀ ਦੇ 60 ਪਿ੍ਰੰਸੀਪਲਾਂ ਨੂੰ 30-30 ਦੇ ਦੋ ਬੈਚਾਂ ਵਿੱਚ ਸਿੰਗਾਪੁਰ ਦੇ ‘ਨੈਸ਼ਨਲ ਇੰਸਟੀਚਿਊਟ ਆਫ਼ ਪ੍ਰਿੰਸੀਪਲ ਬਿਲਡਿੰਗ’ ਵਿਖੇ ਟੇ੍ਰਨਿੰਗ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਸਰਬੋਤਮ ਪ੍ਰਿੰਸੀਪਲਾਂ ਨੂੰ ਫਿਨਲੈਂਡ, ਕੈਂਬ੍ਰਿਜ, ਕੈਨੇਡਾ, ਆਈ.ਆਈ.ਐਮ. ਅਹਿਮਦਾਬਾਦ ਆਦਿ ਵਿਖੇ ਟੇ੍ਰਨਿੰਗ ਲਈ ਭੇਜਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਸਭ ਤੋਂ ਵੱਧ ਇਨਰੋਲਮੈਂਟ ਕਰਨ ਵਾਲੇ ਸਕੂਲ ਨੂੰ ਪੰਜਾਬ ਸਰਕਾਰ ਵਲੋਂ 25 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰੀਨ ਕਰਨ ਤੋਂ ਇਲਾਵਾ ਇਨ੍ਹਾਂ ਨੂੰ ਕੈਂਪਸ ਮੈਨੇਜਰ, ਸਕਿਉਰਿਟੀ ਗਾਰਡ ਅਤੇ ਚੌਕੀਦਾਰ ਵੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਫ਼ਾਈ ਲਈ ਫੰਡ ਉਪਲਬੱਧ ਕਰਵਾਇਆ ਜਾਵੇਗਾ।ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਸੂਬੇ ਭਰ ਵਿਚ ਅਜਿਹੇ 100 ਸਕੂਲ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਉਚ ਮਿਆਰ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ ਅਤੇ ਉਹ ਜਿਸ ਫੀਲਡ ਵਿਚ ਜਾਣਾ ਚਾਹੁੰਦੇ ਹਨ, ਉਸੇ ਦੀ ਸਰਬੋਤਮ ਕੋਚਿੰਗ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਬਿਜਨੈਸ ਬਲਾਸਟਰ ਸਕੀਮ ਨਾਲ ਵਿਦਿਆਰਥੀਆਂ ਨੂੰ ਆਪਣੇ ਹੁਨਰ ਦੇ ਪ੍ਰਦਰਸ਼ਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ 24 ਦਸੰਬਰ ਨੂੰ ਸਰਕਾਰੀ ਸਕੂਲਾਂ ਵਿਚ ਕਰਵਾਈ ਜਾਣ ਵਾਲੀ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ) ਆਪਣੇ-ਆਪ ਵਿਚ ਇਕ ਵਿਲੱਖਣ ਮਿਲਣੀ ਹੋਵੇਗੀ, ਜਿਸ ਦੌਰਾਨ 10 ਲੱਖ ਮਾਪਿਆਂ ਨੂੰ ਸਕੂਲਾਂ ਵਿਚ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ।ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਇਸ ਮੌਕੇ ਕਿਹਾ ਕਿ ਸਿੱਖਿਆ ਅਤੇ ਸਿਹਤ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਨ੍ਹਾਂ ਖੇਤਰਾਂ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਬਿਲਕੁਲ ਸਾਫ਼ ਹੈ, ਜਿਸ ਸਦਕਾ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਫੰਡ ਵਿਚੋਂ ਸਕੂਲ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸਕੂਲ ਦੇ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਇਸ ਮੌਕੇ ਐਸ.ਡੀ.ਐਮ. ਪ੍ਰੀਤ ਇੰਦਰ ਸਿੰਘ, ਡੀ.ਐਸ.ਪੀ ਦਲਜੀਤ ਸਿੰਘ ਖੱਖ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ, ਮਾਪੇ, ਸਕੂਲ ਸਟਾਫ਼ ਅਤੇ ਇਲਾਕੇ ਦੀਆ ਅਹਿਮ ਸ਼ਖਸੀਅਤਾਂ ਹਾਜ਼ਰ ਸਨ।