ਨਵਾਂਸ਼ਹਿਰ, 20 ਅਕਤੂਬਰ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਫਾਰਮੇਸੀ ਵਲੋਂ ਦਿੱਤਾ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਫਾਰਮੇਸੀ ਵਲੋਂ ਇਸ ਦਵਾਈ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੇ ਆਪਣੇ ਦਫ਼ਤਰ ਦੇ ਪੱਤਰ ਨੰਬਰ ਡਰੱਗਜ਼/2023/452 ਮਿਤੀ 24.8.2023 ਰਾਹੀਂ ਦੱਸਿਆ ਹੈ ਕਿ ਪ੍ਰੀਗਾਬਾਲਿਨ ਦੀ ਵਰਤੋਂ ਫਾਈਬਰੋ ਮਾਇਲਜੀਆ/ਨਿਉਰਲਜੀਆ ਆਦਿ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੇ ਇਲਾਜ ਲਈ ਆਮ ਤੌਰ ‘ਤੇ ਮੈਡੀਕਲ ਸਪੈਸ਼ਲਿਸਟ/ਸਾਈਕੈਟਰਿਸਟ/ਜੀ.ਡੀ.ਐਮ.ਓ ਵਲੋਂ ਕੀਤੀ ਜਾਂਦੀ ਹੈ, ਪਰ ਜ਼ਿਆਦਾ ਮਾਤਰਾ ਵਿੱਚ ਪ੍ਰੀਗਾਬਾਲਿਨ ਦੀ ਦੁਰਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਸ ਲਈ ਪ੍ਰੀਗਾਬਾਲਿਨ ਦਵਾਈ ਨੂੰ ਕੇਵਲ ਸਮਰੱਥ ਡਾਕਟਰ ਦੀ ਪ੍ਰਵਾਨਗੀ ਦੇ ਆਧਾਰ ‘ਤੇ ਹੀ ਅਤੇ ਮਿੱਥੇ ਹੋਏ ਸਮੇਂ ਲਈ ਹੀ ਫਾਰਮੇਸੀ ਵਲੋਂ ਦਿੱਤੀ ਜਾਣੀ ਚਾਹੀਦੀ ਹੈ। ਇਹ ਹੁਕਮ 24 ਦਸੰਬਰ 2023 ਤੱਕ ਲਾਗੂ ਰਹੇਗਾ।