- ਕਾਲਜ ਦੇ 160 ਵਿਦਿਆਰਥੀਆਂ ਅਤੇ ਸਟਾਫ਼ ਨੇ ਸਟੈਮ ਸੈੱਲ ਦਾਨ ਲਈ ਕਰਵਾਇਆ ਰਜਿਸਟ੍ਰੇਸ਼ਨ
ਹੁਸ਼ਿਆਰਪੁਰ, 29 ਅਗਸਤ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਅੱਜ ਪੰਡਿਤ ਜੇ.ਆਰ. ਬਹੁਤਕਨੀਕੀ ਕਾਲਜ ’ਚ ਚੌਥਾ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਦੇ ਕਨਵੀਨਰ ਨਰੇਸ਼ ਗੁਪਤਾ ਨੇ ਦੱਸਿਆ ਕਿ ਅਰਜੁਨ ਵੀਰ ਫਾਊਂਡੇਸ਼ਨ ਦੇ ਜਸਲੀਨ ਗਰਚਾ ਨੇ ਵਿਦਿਆਰਥੀਆਂ ਨੂੰ ਸਟੈਮ ਸੈੱਲ ਰਜਿਸਟ੍ਰੇਸ਼ਨ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਰਾਹੀਂ ਕਿਸੇ ਵੀ ਜ਼ਰੂਰਮੰਦ ਬਿਮਾਰ ਵਿਅਕਤੀ ਨੂੰ ਸਿਹਤਮੰਦ ਕਰਨ ਵਿਚ ਆਪਣਾ ਯੋਗਦਾਨ ਦੇ ਸਕਦੇ ਹਨ। ਇਸ ਦੌਰਾਨ ਕਾਲਜ ਦੇ 160 ਵਿਦਿਆਰਥੀਆਂ ਅਤੇ ਸਟਾਫ਼ ਨੇ ਸਟੈਮ ਸੈੱਲ ਦਾਨ ਲਈ ਰਜਿਸਟ੍ਰੇਸ਼ਨ ਕਰਵਾਇਆ। ਪ੍ਰੋਜੈਕਟ ਕਨਵੀਨਰ ਨੇ ਸਟੈਮ ਸੈੱਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਾਲਜ ਅਧਿਆਪਕਾਂ ਵਲੋਂ ਚਲਾਏ ਗਏ ਜਾਗਰੂਕਤਾ ਅਭਿਆਨ ਦੇ ਚੱਲਦਿਆਂ ਬਹੁਤ ਸਾਰੇ ਵਿਦਿਆਰਥੀਆਂ ਨੇ ਸਟੈਮ ਸੈੱਲ ਦਾਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਅਤੇ ਆਪਣੇ ਮੁੰਹ ਦੇ ਸਵੈਬ ਦੇ ਨਮੂਨੇ ਦਿੱਤੇ। ਨਰੇਸ਼ ਗੁਪਤਾ ਨੇ ਦੱਸਿਆ ਕਿ ਲੋਕਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹੇ ਵਿਚ ਅਰਜੁਨਵੀਰ ਫਾਊਂਡੇਸ਼ਨ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਸਟੈਮ ਸੈੱਲ ਯੋਜਨਾ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਟੈਮ ਸੈੱਲ ਥਰੈਪੀ ਬਲੱਡ ਕੈਂਸਰ, ਥੈਲੇਸੀਮੀਆ, ਜੈਨੈਟਿਕ ਡਿਸਆਰਡਰ ਵਰਗੀਆਂ ਕਈ ਜਾਨਲੇਵਾ ਬਿਮਾਰੀਆਂ ਲਈ ਕਾਫੀ ਕਾਰਗਰ ਹੈ ਅਤੇ ਇਸ ਥਰੈਪੀ ਦੀ ਵਰਤੋਂ ਨਾਲ ਇਨ੍ਹਾਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਮੌਕੇ 'ਤੇ ਸਰਬਤ ਦਾ ਭਲਾ ਟਰੱਸਟ ਤੋਂ ਆਗਿਆ ਪਾਲ ਸਿੰਘ ਸਾਹਨੀ, ਪ੍ਰਿੰਸੀਪਲ ਸੰਦੀਪ ਕੁਮਾਰ, ਫਾਰਮੇਸੀ ਇੰਚਾਰਜ ਜਸਵੰਤ ਕੌਰ, ਪਲਾਸਟਿਕ ਟੈਕਨਾਲੋਜੀ ਦੇ ਵਿਭਾਗ ਪ੍ਰਮੁੱਖ ਰਾਜੇਸ਼ ਧੀਮਾਨ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ਼ ਵੀ ਮੌਜੂਦ ਸੀ।