- ਕਾਲਜ ਦੇ ਪ੍ਰਿੰਸੀਪਲ ਨੇ ਆਪਣੇ ਮੂੰਹ ਦੇ ਸਵੈਬ ਦਾ ਸੈਂਪਲ ਦੇ ਕੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਟੈਮ ਸੈੱਲ ਦਾਨ ਲਈ ਕੀਤਾ ਪ੍ਰੇਰਿਤ
ਹੁਸ਼ਿਆਰਪੁਰ, 3 ਸਤੰਬਰ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀਆਂ ਹਦਾਇਤਾਂ ’ਤੇ ਅੱਜ ਜੀ.ਟੀ.ਬੀ ਖਾਲਸਾ ਕਾਲਜ ਫਾਰ ਵੂਮੈਨ ਦਸੂਹਾ ਵਿਖੇ 5ਵਾਂ ਸਟੈਮ ਸੈੱਲ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੀ ਪ੍ਰਿੰਸੀਪਲ ਡਾ: ਵਰਿੰਦਰ ਕੌਰ ਨੇ ਸਭ ਤੋਂ ਪਹਿਲਾਂ ਆਪਣੇ ਮੂੰਹ ਦੇ ਸਵੈਬ ਦਾ ਸੈਂਪਲ ਦੇ ਕੇ ਇਸ ਰਜਿਸਟ੍ਰੇਸ਼ਨ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਦੀ ਹੌਸਲਾ-ਅਫਜ਼ਾਈ ਕੀਤੀ। ਜਾਣਕਾਰੀ ਦਿੰਦਿਆਂ ਪ੍ਰੋਜੈਕਟ ਕਨਵੀਨਰ ਨਰੇਸ਼ ਗੁਪਤਾ ਨੇ ਦੱਸਿਆ ਕਿ ਅਰਜੁਨ ਵੀਰ ਫਾਊਂਡੇਸ਼ਨ ਦੀ ਜਸਲੀਨ ਗਰਚਾ ਨੇ ਵਿਦਿਆਰਥੀਆਂ ਨੂੰ ਸਟੈਮ ਸੈੱਲ ਰਜਿਸਟ੍ਰੇਸ਼ਨ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਰਜਿਸਟ੍ਰੇਸ਼ਨ ਰਾਹੀਂ ਅਸੀਂ ਕਿਸੇ ਵੀ ਲੋੜਵੰਦ ਬਿਮਾਰ ਵਿਅਕਤੀ ਨੂੰ ਠੀਕ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸਟੈੱਮ ਸੈੱਲ ਦਾਨ ਲਈ ਰਜਿਸਟ੍ਰੇਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋਜੈਕਟ ਕਨਵੀਨਰ ਨੇ ਦੱਸਿਆ ਕਿ ਸਟੈਮ ਸੈੱਲਾਂ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਅਤੇ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੇ ਸਟੈਮ ਸੈੱਲ ਦਾਨ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਆਪਣੇ ਆਪ ਨੂੰ ਰਜਿਸਟ੍ਰੇਸ਼ਨ ਕਰਵਾਇਆ ਅਤੇ ਆਪਣੇ ਮੂੰਹ ਦੇ ਸਵੈਬ ਦੇ ਨਮੂਨੇ ਦਿੱਤੇ। ਨਰੇਸ਼ ਗੁਪਤਾ ਨੇ ਦੱਸਿਆ ਕਿ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਰਜੁਨਵੀਰ ਫਾਊਂਡੇਸ਼ਨ ਦੇ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਸਟੈਮ ਸੈੱਲ ਸਕੀਮ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲੱਡ ਕੈਂਸਰ, ਥੈਲੇਸੀਮੀਆ, ਜੈਨੇਟਿਕ ਵਿਕਾਰ ਵਰਗੀਆਂ ਕਈ ਜਾਨਲੇਵਾ ਬਿਮਾਰੀਆਂ ਲਈ ਸਟੈਮ ਸੈੱਲ ਥੈਰੇਪੀ ਬਹੁਤ ਕਾਰਗਰ ਹੈ ਅਤੇ ਇਸ ਥੈਰੇਪੀ ਦੀ ਵਰਤੋਂ ਨਾਲ ਇਨ੍ਹਾਂ ਜਾਨਲੇਵਾ ਬਿਮਾਰੀਆਂ ਦਾ ਇਲਾਜ ਸੰਭਵ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਵਰਿੰਦਰ ਕੌਰ, ਕਾਲਜ ਕੋਆਰਡੀਨੇਟਰ ਅਨੂ ਕਟੋਚ, ਰਜਿੰਦਰ ਕਲਸੀ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।