- ਫੂਡ ਸੇਫਟੀ ਟੀਮ ਵੱਲੋਂ ਖੁੱਲੇ ਪਨੀਰ ਦੇ 9 ਸੈਂਪਲ ਲਏ ਗਏ
ਹੁਸ਼ਿਆਰਪੁਰ 14 ਸਤੰਬਰ 2024 : ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵ ਨਿਯੁਕਤ ਜ਼ਿਲਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਵਲੋਂ ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ,ਵਿਵੇਕ ਕੁਮਾਰ ਅਤੇ ਅਭਿਨਵ ਖੋਸਲਾ ਦੇ ਨਾਲ ਹੁਸ਼ਿਆਰਪੁਰ ਦੇ ਸਬ ਅਰਬਨ ਏਰੀਆ, ਟਾਂਡਾ ਅਤੇ ਗੜ੍ਹਸ਼ੰਕਰ ਦੇ ਵੱਖ ਵੱਖ ਸਥਾਨਾਂ ਤੇ ਛਾਪੇਮਾਰੀ ਕੀਤੀ। ਫੂਡ ਸੇਫਟੀ ਟੀਮ ਵੱਲੋਂ ਇਹਨਾਂ ਸਥਾਨਾਂ ਤੋਂ ਖੁੱਲੇ ਪਨੀਰ ਦੇ 9 ਸੈਂਪਲ ਲਏ ਗਏ। ਲਏ ਗਏ ਸੈਂਪਲਾਂ ਨੂੰ ਨਰੀਖਣ ਲਈ ਫੂਡ ਲੈਬ ਖਰੜ ਭੇਜ ਦਿੱਤਾ ਗਿਆ ਹੈ। ਸੈਂਪਲਾਂ ਦੀ ਰਿਪੋਰਟ ਐੱਫ.ਐਸ.ਐਸ.ਏ.ਆਈ. ਮੁਤਾਬਿਕ ਨਾ ਆਉਣ ਤੇ ਫੂਡ ਸੇਫਟੀ ਸਟੈਂਡਰਡ ਐਕਟ 2006 ਅਧੀਨ ਕਾਰਵਾਈ ਕੀਤੀ ਜਾਵੇਗੀ। ਛਾਪੇ ਦੌਰਾਨ ਪਾਏ ਗਏ ਉੱਲੀ ਲੱਗੇ ਖੋਏ ਨੂੰ ਅਤੇ ਸੌਸ ਦੀਆਂ ਐਕਸਪਾਇਰੀ ਬੋਤਲਾਂ ਨੂੰ ਮੌਕੇ ਤੇ ਨਸ਼ਟ ਕਰਵਾਇਆ ਗਿਆ। ਖਰਾਬ ਖਾਦ ਪਦਾਰਥ ਵਿਕਰੇਤਾਵਾਂ ਨੂੰ ਡੀ. ਐਚ. ਓ. ਵਲੋਂ ਸਖ਼ਤ ਹਿਦਾਇਤ ਕੀਤੀ ਗਈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀ.ਐਚ.ਓ. ਨੇ ਜ਼ਿਲਾ ਵਾਸੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਖਾਣ ਪੀਣ ਵਾਲੇ ਪਦਾਰਥਾਂ ਨੂੰ ਖਰੀਦਣ ਵੇਲੇ ਉਹਨਾਂ ਦੀ ਐਕਸਪਾਇਰੀ ਮਿਤੀ ਜਰੂਰ ਚੈੱਕ ਕੀਤੀ ਜਾਵੇ। ਲੰਘ ਚੁੱਕੀ ਮਿਤੀ ਵਾਲੇ ਖਾਧ ਪਦਾਰਥ ਨਾ ਵਰਤੇ ਜਾਣ।