ਜਲੰਧਰ, 1 ਜੁਲਾਈ : ਪੰਜਾਬ ਕਿਕ ਬਾਕਸਿੰਗ ਐਸੋਸੀਏਸ਼ਨ ਦੀ ਮੇਜ਼ਬਾਨੀ ਵਾਲੀ ਨੈਸ਼ਨਲ ਕਿਕ ਬਾਕਸਿੰਗ ਚੈਂਪੀਅਨਸ਼ਿਪ 2023 (ਸੀਨੀਅਰਜ਼ ਤੇ ਮਾਸਟਰਜ਼) ਦੀ ਸ਼ੁਰੂਆਤ ਕੱਲ੍ਹ ਤੋਂ ਹੋਵੇਗੀ ਜਿਸ ਵਿਚ ਦੇਸ਼ ਭਰ ਤੋਂ 1200 ਤੋਂ ਵੱਧ ਨਾਮੀ ਖਿਡਾਰੀ ਭਾਗ ਲੈਣਗੇ। 5 ਜੁਲਾਈ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹੋਵੇਗੀ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਵਰਲਡ ਐਸੋਸੀਏਸ਼ਨ ਆਫ ਕਿਕ ਬਾਕਸਿੰਗ ਆਰਗੇਨਾਈਜੇਸ਼ਨ (ਵਾਕੋ ਇੰਡੀਆ) ਦੇ ਪ੍ਰਧਾਨ ਸ੍ਰੀ ਸੰਤੋਸ਼ ਕੁਮਾਰ ਅਗਰਵਾਲ ਵੀ ਸ਼ਿਰਕਤ ਕਰਨਗੇ। ਇਹ ਚੈਂਪੀਅਨਸ਼ਿਪ ਪੂਰੀ ਤਰ੍ਹਾਂ ਡਿਜ਼ੀਟਲ ਹੋਵੇਗੀ ਜਿਸ ਵਿਚ ਮੈਂਬਰਾਂ, ਸਕੋਰਿੰਗ, ਨਤੀਜ਼ੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੀ ਤਰਜ਼ ’ਤੇ ਦਰਸਾਏ ਜਾਣਗੇ । ਇਸ ਤੋਂ ਇਲਾਵਾ ਚੈਂਪੀਅਨਸ਼ਿਪ ਵਿਚੋਂ ਹੀ ‘ ਉਭਰਦੇ ਅਥਲੀਟਾਂ’ ਦੀ ਚੋਣ ਕਰਕੇ ਉਨ੍ਹਾਂ ਨੂੰ ਭਵਿੱਖ ਦੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇਗਾ ਤਾਂ ਜੋ ਉਹ ਕਿਕ ਬਾਕਸਿੰਗ ਨੂੰ ਹੋਰ ਬੁਲੰਦੀ ’ਤੇ ਪਹੁੰਚਾਇਆ ਜਾ ਸਕੇ। ਪੰਜਾਬ ਕਿਕ ਬਾਕਸਿੰਗ ਐਸੋਸੀਏਸ਼ਨ ਦੀ ਚੇਅਰਪਰਸਨ ਗਰਿਮਾ ਸਿੰਘ (ਆਈ.ਆਰ.ਐਸ), ਪ੍ਰਧਾਨ ਦੀਪਕ ਜਿੰਦਲ ਤੇ ਕਾਰਜਕਾਰੀ ਪ੍ਰਧਾਨ ਕਰਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਲਈ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਨਾ ਸਿਰਫ ਕਿਕ ਬਾਕਸਿੰਗ ਸਗੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਸਹਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਚੈਂਪੀਅਨਸ਼ਿਪ ਪੂਰੀ ਤਰ੍ਹਾਂ ਵਾਕੋ ਇੰਡੀਆ ਦੇ ਨਿਯਮਾਂ ਤੇ ਮਾਪਦੰਡਾਂ ਅਨੁਸਾਰ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੈਂਪੀਅਨਸ਼ਪਿ ਰਾਹੀਂ ਹੀ ਪੁਰਤਗਾਲ ਵਿਖੇ 17 ਤੋਂ 27 ਨਵੰਬਰ 2023 ਨੂੰ ਹੋਣ ਵਾਲੀ ਸੀਨੀਅਰ ਵਰਲਡ ਚੈਂਪੀਅਨਸ਼ਿਪ ਤੇ ਥਾਈਲੈਂਡ ਵਿਖੇ ਹੋਣ ਵਾਲੀ 6 ਵੀਂ ਇੰਡੋਰ ਏਸ਼ੀਅਨ ਤੇ ਮਾਰਸ਼ਲ ਆਰਟ ਗੇਮਜ਼ 2023 ਦੀ ਚੋਣ ਲਈ ਪਹਿਲਾ ਪੱਧਰ ਵੀ ਹੋਵੇਗੀ।