- ਕਾਂਊਟਰ ਸਾਈਨ ਉਪਰੰਤ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਮਿਲ ਜਾਇਆ ਕਰੇਗਾ ਦਸਤਾਵੇਜ਼
- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਸਮੂਹ ਐੱਨ. ਆਰ. ਆਈ. ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਕੀਤੀ ਅਪੀਲ
ਕਪੂਰਥਲਾ, 29 ਅਗਸਤ 2024 : ਐੱਨ. ਆਰ. ਆਈ. ਪੰਜਾਬੀ ਹੁਣ ਆਪਣੇ ਜ਼ਰੂਰੀ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ ਬਿਨ੍ਹਾਂ ਕਿਸੇ ਖੱਜਲ-ਖੁਆਰ ਦੇ ਘਰ ਬੈਠੇ ਹੀ ਐਨ.ਆਈ.ਸੀ. ਵਲੋਂ ਤਿਆਰ ਕੀਤੇ http://esanad.nic.in ਪੋਰਟਲ ’ਤੇ ਆਨਲਾਈਨ ਅਪਲਾਈ ਕਰ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਐੱਨ. ਆਰ. ਆਈ ਪੰਜਾਬੀਆਂ ਦੀ ਸਹੂਲਤ ਲਈ ਐਨ.ਆਈ.ਸੀ. ਵਲੋਂ ਤਿਆਰ ਪੋਰਟਲ ’ਤੇ ਜਾ ਕੇ ਬਿਨੈਕਾਰ ਘਰ ਬੈਠੇ ਹੀ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ-ਵੱਖ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਐੱਨ. ਆਰ. ਆਈ. ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ । ਉਹਨਾਂ ਕਿਹਾ ਕਿ ਅਜਿਹੀਆਂ ਅਰਜੀਆਂ ਹੁਣ ਸੇਵਾ ਕੇਂਦਰਾਂ ਵਿੱਚ ਨਹੀਂ ਲਈਆਂ ਜਾਣਗੀਆਂ। ਆਨਲਾਈਨ ਕਰਨ ਉਪਰੰਤ ਬਿਨੈਕਾਰ ਨੂੰ ਇਕ ਰਸੀਦ ਨੰਬਰ ਮਿਲ ਜਾਰੀ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਪੱਧਰ ਦੀ ਕਾਰਵਾਈ ਆਨਲਾਈਨ ਹੋਇਆ ਕਰੇਗੀ ਅਤੇ ਇਥੋਂ ਤੱਕ ਕਿ ਅਰਜ਼ੀਕਰਤਾ ਨੂੰ ਚੰਡੀਗੜ੍ਹ ਜਾਂ ਦਿੱਲੀ ਵੀ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਊਟਰ ਸਾਈਨ ਹੋਣ ਉਪਰੰਤ ਦਸਤਾਵੇਜ਼ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਬਿਨੈਕਾਰ ਨੂੰ ਮਿਲ ਜਾਇਆ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅਰਜ਼ੀਕਰਤਾ ਸੇਵਾ ਕੇਂਦਰ ਵਿੱਚ ਜਾ ਕੇ ਖੁਦ ਅਪਲਾਈ ਕਰਦਾ ਸੀ। ਉਸ ਤੋਂ ਬਾਅਦ ਉਸਨੂੰ ਆਪਣੀ ਅਰਜ਼ੀ ਲੈ ਕੇ ਚੰਡੀਗੜ੍ਹ ਅਤੇ ਪਟਿਆਲਾ ਹਾਊਸ, ਦਿੱਲੀ ਵੀ ਖੁਦ ਹੀ ਜਾਣਾ ਪੈਂਦਾ ਸੀ। ਇਸ ਨਾਲ ਉਹਨਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ-ਨਾਲ ਕਾਫੀ ਖੱਜਲ ਖ਼ੁਆਰੀ ਹੁੰਦੀ ਸੀ।