ਜਲੰਧਰ, 27 ਅਗਸਤ 2024 : ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਹਾਇਸ ਲਈ 11 ਏਕੜ ਦੀ ਜਾਇਦਾਦ ਤਿਆਰ ਕੀਤੀ ਜਾ ਰਹੀ ਹੈ। ਜਿਸ ਤੇ ਸੀਨੀਅਰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਤੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੋਸਟ ਪੋਸਟ ਸ਼ੇਅਰ ਕਰਕੇ ਲਿਖਿਆ ਕਿ ਸਤੌਜ ਦੇ ਮਹਾਰਾਜਾ (ਭਗਵੰਤ ਮਾਨ) ਹੁਣ ਜਲੰਧਰ ਦੀ ਇੱਕ ਵਿਰਾਸਤੀ ਇਮਾਰਤ ਵਿੱਚ ਰਹਿਣਗੇ। ਸ਼ਹਿਰ ਦੇ ਪੁਰਾਣੇ ਬਰਾਦਰੀ ਇਲਾਕੇ 'ਚ ਸਥਿਤ ਮਕਾਨ ਨੰਬਰ 1, 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ, ਸਰ ਜੌਹਨ ਲਾਰੈਂਸ, 1848 ਵਿੱਚ ਇਸ ਘਰ ਵਿੱਚ ਰਹਿਣ ਲਈ ਚਲੇ ਗਏ - ਉਦੋਂ ਤੱਕ, ਜਲੰਧਰ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਹਿੱਸਾ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਇਸ਼ ਦੇ ਨਵੀਨੀਕਰਨ 'ਤੇ 52.71 ਕਰੋੜ ਰੁਪਏ ਖ਼ਰਚ ਕੀਤੇ ਹਨ। ਹਾਲਾਂਕਿ, ਇਹ ਉਹੀ ਆਗੂ ਹਨ, ਜਿਨ੍ਹਾਂ ਨੇ ਆਮ ਜ਼ਿੰਦਗੀ ਜਿਊਣ ਅਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ। ਹੁਣ ਆਮ ਆਦਮੀ ਵਰਗੀ ਜ਼ਿੰਦਗੀ ਜਿਊਣ ਦੇ ਉਨ੍ਹਾਂ ਦੇ ਵਾਅਦਿਆਂ ਦਾ ਕੀ ਹੋਇਆ? ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਸਰਕਾਰੀ ਘਰ ਨੂੰ ਕਈ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਘਰ ਵਿੱਚ 4 ਡਰਾਇੰਗ ਰੂਮ, 4 ਬੈੱਡਰੂਮ, 3 ਦਫਤਰੀ ਕਮਰੇ, ਇੱਕ ਬਾਹਰੀ ਬੰਦ ਵਰਾਂਡਾ ਅਤੇ ਸਹਾਇਕ ਸਟਾਫ਼ ਲਈ ਇੱਕ ਦੋ ਕਮਰਿਆਂ ਵਾਲਾ ਪਰਿਵਾਰਕ ਫਲੈਟ ਹੈ। ਇਸ ਵਾਰ ਸੀਐਮ ਮਾਨ ਲਈ ਜੋ ਘਰ ਤਿਆਰ ਕੀਤਾ ਜਾ ਰਿਹਾ ਹੈ, ਉਹ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ। ਘਰ ਦੇ ਅਗਲੇ ਹਿੱਸੇ ਵਿੱਚ ਇੱਕ ਵੱਡਾ ਬਗੀਚਾ ਹੈ ਅਤੇ ਘਰ ਦਾ ਪਿੱਛਲਾ ਹਿੱਸਾ ਸ਼ਹਿਰ ਦੇ ਸਭ ਤੋਂ ਮਸ਼ਹੂਰ ਕਲੱਬ ਜਿਮਖਾਨਾ ਦੇ ਨਾਲ ਲੱਗਦੇ ਹਨ। ਪਿਛਲੇ 176 ਸਾਲਾਂ ਵਿੱਚ ਇਸ ਘਰ ਵਿੱਚ 140 ਕਮਿਸ਼ਨਰ ਰਹਿ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਉਸਾਰੀ ਲਈ ਇੱਟਾਂ, ਸੀਮਿੰਟ ਅਤੇ ਹੋਰ ਸਮੱਗਰੀ ਭੇਜੀ ਗਈ ਹੈ। ਸੁਰੱਖਿਆ ਲਈ ਦੋ ਗਾਰਡ ਤਾਇਨਾਤ ਕੀਤੇ ਗਏ ਹਨ। ਦੱਸ ਦੇਈਏ ਕਿ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲੰਧਰ 'ਚ ਕਿਰਾਏ 'ਤੇ ਮਕਾਨ ਲੈ ਕੇ ਰਹਿਣਗੇ। ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਲਈ ਜਲੰਧਰ ਕੈਂਟ ਇਲਾਕੇ ਵਿੱਚ ਇੱਕ ਆਲੀਸ਼ਾਨ ਘਰ ਨੂੰ ਫਾਈਨਲ ਕੀਤਾ ਗਿਆ। ਮੁੱਖ ਮੰਤਰੀ ਮਾਨ ਆਪਣੀ ਪਤਨੀ ਅਤੇ ਬੱਚੇ ਨਾਲ ਮਹਿਲ ਵਿੱਚ ਦਾਖਲ ਹੋਏ ਸਨ। ਜਿੱਥੇ ਮੁੱਖ ਮੰਤਰੀ ਮਾਨ ਆ ਕੇ ਠਹਿਰਦੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ।