- ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵੱਲੋਂ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਅਹਿਮ ਉਪਰਾਲਾ
ਹੁਸ਼ਿਆਰਪੁਰ, 11 ਸਤੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਹੁਸ਼ਿਆਰਪੁਰ ਵੱਲੋਂ ਅੱਜ ‘ਨਾਂਦੀ ਫਾਊਂਡੇਸ਼ਨਜ਼ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ‘ਸਾਫਟ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ’ 6 ਰੋਜ਼ਾ (ਕੁੱਲ 36 ਘੰਟੇ) ਮੁਫ਼ਤ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਵਿਚ ਸਰਕਾਰੀ ਕਾਲਜ ਦੀਆਂ 70 ਵਿਦਿਆਰਥਣਾਂ ਹਿੱਸਾ ਲੈ ਰਹੀਆਂ ਹਨ। ਵਰਕਸ਼ਾਪ ਦੀ ਸ਼ੁਰੂਆਤ ਕਰਦਿਆਂ ‘ਨਾਂਦੀ ਫਾਊਂਡੇਸ਼ਨਜ਼ ਮਹਿੰਦਰਾ ਪ੍ਰਾਈਡ ਕਲਾਸਰੂਮ’ ਦੇ ਟ੍ਰੇਨਰ ਅੰਜੂ ਜੈਨ ਨੇ ਵਿਦਿਆਰਥਣਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਹੁਨਰ ਨੂੰ ਵਿਕਸਤ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਤਾਂ ਜੋ ਉਹ ਆਪਣੇ ਜੀਵਨ ਦੀਆਂ ਔਕੜਾਂ ਨੂੰ ਦੂਰ ਕਰਦਿਆਂ ਕਾਮਯਾਬ ਬਣ ਸਕਣ ਅਤੇ ਰੋਜ਼ਗਾਰ ਪ੍ਰਾਪਤ ਕਰ ਸਕਣ। ਕਰੀਆਰ ਕਾਊਂਸਲਰ ਅਦਿੱਤਿਆ ਰਾਣਾ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਜੀਵਨ ਵਿਚ ਉਹ ਪੜ੍ਹਾਈ ਕਰਦਿਆਂ ਕੇਵਲ ਕਿਤਾਬੀ ਗਿਆਨ ਵਿਚ ਹੀ ਨਾ ਉਲਝੀਆਂ ਰਹਿੰਦੀਆਂ ਹਨ ਅਤੇ ਜਦੋਂ ਉਹ ਰੋਜ਼ਗਾਰ ਦੀ ਭਾਲ ਵਿਚ ਜਾਂਦੀਆਂ ਹਨ ਤਾਂ ਉਹ ਸਾਫਟ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਕਮੀ ਹੋਣ ਕਾਰਨ ਇੰਟਰਵਿਊ ਪਾਸ ਕਰਨ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਪ੍ਰਾਰਥੀਆਂ ਲਈ ਸਾਫਟ ਸਕਿੱਲਜ਼ ਅਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਟ੍ਰੇਨਿੰਗ ਬੇਹੱਦ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਹਨ, ਕਿਸ ਤਰ੍ਹਾਂ ਇੰਟਰਵਿਊ ਵਿਚ ਬੈਠਣਾ ਹੈ ਅਤੇ ਕਿਸ ਤਰ੍ਹਾਂ ਆਪਣੀ ਡਰੈਸਿੰਗ ਰੱਖਣੀ ਹੈ, ਆਦਿ ਬਾਰੇ ਪਤਾ ਹੋਣਾ ਜ਼ਰੂਰੀ ਹੈ, ਜੋ ਇਸ ਟ੍ਰੇਨਿੰਗ ਵਿਚ ਮੁਹੱਈਆ ਕਰਵਾਈ ਜਾਵੇਗੀ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਆਈਆਂ ਸਾਰੀਆਂ ਵਿਦਿਆਰਥਣਾਂ ਨੂੰ ਇਸ ਮੁਫ਼ਤ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ 6 ਰੋਜ਼ਾ ਟ੍ਰੇਨਿੰਗ ਤੋਂ ਬਾਅਦ ਵਿਦਿਆਰਥਣਾਂ ਨੂੰ ਇਕ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜੋ ਕਿ ਉਨ੍ਹਾਂ ਨੂੰ ਭਵਿੱਖ ਵਿਚ ਰੋਜ਼ਗਾਰ ਹਾਸਲ ਵਿਚ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ। ਇਸ ਮੌਕੇ ਪਲੇਸਮੈਂਟ ਅਫ਼ਸਰ ਰਾਕੇਸ਼ ਕੁਮਾਰ, ਵਾਈਸ ਪ੍ਰਿੰਸੀਪਲ ਡਾ. ਜਸਵੀਰਾ ਮਿਨਹਾਸ, ਇੰਚਾਰਜ ਕਰੀਆਰ ਕਾਊਂਸÇਲੰਗ ਤੇ ਪਲੇਸਮੈਂਟ ਸੈੱਲ ਮੈਡਮ ਰੰਜਨਾ ਤੇ ਹੋਰ ਹਾਜ਼ਰ ਸਨ।