- ਕੈਬਨਿਟ ਮੰਤਰੀ ਨੇ ਡਰਾਈਵਰਾਂ ਦੀ ਸਹਾਇਤਾ ਲਈ ਚਲਾਏ ਜਾ ਰਹੇ ‘ਬ੍ਰਦਰਜ਼ ਹੈਲਪਲਾਈਨ ਗਰੁੱਪ’ ਦੇ ਸਮਾਰੋਹ ’ਚ ਕੀਤੀ ਸ਼ਿਰਕਤ
ਹੁਸ਼ਿਆਰਪੁਰ, 1 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਅਤੇ ਵਿਕਾਸ ਦੀ ਗਤੀ ਨੂੰ ਬਣਾਏ ਰੱਖਣ ਵਿਚ ਡਰਾਈਵਰ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਉੁਨ੍ਹਾਂ ਕਿਹਾ ਕਿ ਪੂਰਾ ਦੇਸ਼ ਸੌ ਜਾਂਦਾ ਹੈ, ਪਰੰਤੂ ਸਾਡੀ ਹਰ ਜ਼ਰੂਰਤ ਨੂੰ ਪੂਰੀ ਕਰਨ ਲਈ ਡਰਾਈਵਰ ਭਰਾਵਾਂ ਵਲੋਂ ਦਿਨ-ਰਾਤ ਮਿਹਨਤ ਕੀਤੀ ਜਾਂਦੀ ਹੈ। ਉਹ ਅੱਜ ਭੂਆ ਬਾਈ ਦਸੂਹਾ ਰੋਡ ਹੁਸ਼ਿਆਰਪੁਰ ਵਿਚ ‘ਬ੍ਰਦਰਜ਼ ਹੈਲਪਲਾਈਨ ਗਰੁੱਪ’ ਵਲੋਂ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਹ ਗਰੁੱਪ ਦੇਸ਼ ਭਰ ਦੇ ਡਰਾਈਵਰਾਂ ਦੀ ਮਦਦ ਲਈ ਬਣਾਇਆ ਗਿਆ ਹੈ, ਜੋ ਕਿ 24 ਘੰਟੇ ਉਨ੍ਹਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਬ੍ਰਦਰਜ਼ ਹੈਲਪਜ ਗਰੁੱਪ ਦੇ ਨਾਲ 30 ਹਜ਼ਾਰ ਤੋਂ ਵੱਧ ਡਰਾਈਵਰ ਭਰਾ ਜੁੜੇ ਹਨ, ਜੋ ਕਿ ਡਰਾਈਵਰਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਗਰੁੱਪ ਹੁਣ ਤੱਕ ਸੈਂਕੜੇ ਡਰਾਈਵਰਾਂ ਦੀ ਮਦਦ ਕਰ ਚੁੱਕਾ ਹੈ, ਜੋ ਕਿ ਡਰਾਈਵਿੰਗ ਦੌਰਾਨ ਅਕਸਰ ਹਾਦਸਿਆਂ ਅਤੇ ਹੋਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਉਪਰਾਲੇ ਦੀ ਪ੍ਰਸੰਸਾ ਕਰਦੀ ਹੈ ਅਤੇ ਵਿਸ਼ਵਾਸ ਦਿਵਾਇਆ ਕਿ ਸਰਕਾਰ ਡਰਾਈਵਰਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਆਯੋਜਿਤ ਸਮਾਰੋਹ ਵਿਚ ਵੱਖ-ਵੱਖ ਖੇਤਰਾਂ ਵਿਚ ਬਿਹਤਰੀਨ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਸਤਵੰਤ ਸਿੰਘ ਸਿਆਣ, ਸੰਤੋਸ਼ ਸੈਣੀ, ਮਨਜੀਤ ਕੌਰ ਤੋਂ ਇਲਾਵਾ ਗਰੁੱਪ ਦੇ ਰਾਜਵੀਰ ਸਿੰਘ ਰਾਜਾ, ਮਨਦੀਪ ਸਿੰਘ, ਹਰਜਿੰਦਰ ਸਿੰਘ ਵਿਰਦੀ ਅਤੇ ਹੋਰ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ।