- ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਸਮੀਖਿਆ ਮੀਟਿੰਗ
ਨਵਾਂਸ਼ਹਿਰ, 7 ਅਗਸਤ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆ ਦੀ ਸੁਰੱਖਿਆ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਕੋਂਪਲ ਧੰਜਲ ਪ੍ਰਿੰਸੀਪਲ ਮੈਜਿਸਟ੍ਰੇਟ, ਜੁਵੇਨਾਇਲ ਜਸਟਿਸ ਬੋਰਡ, ਸ਼ਹੀਦ ਭਗਤ ਸਿੰਘ ਨਗਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਡੀ.ਸੀ.ਪੀ.ਓ ਕੰਚਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰ ਰਹੀ ਹੈ। ਉਕਤ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਪਿਛਲੀ ਤਿਮਾਹੀ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਅਤੇ ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ ਦੇ ਸਥਾਈ ਦਫ਼ਤਰੀ ਢਾਂਚੇ ਲਈ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਰੰਧਾਵਾ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਚਨਾ ਮਿਲਣ ‘ਤੇ ਤੁਰੰਤ ਪੁਲਿਸ ਵਿਭਾਗ ਰਾਬਤਾ ਕਾਇਮ ਕਰਕੇ ਯੋਗ ਕਾਰਵਾਈ ਕਰਿਆ ਕਰਨ। ਉਨ੍ਹਾਂ ਕਿਹਾ ਕਿ ਸਬੰਧਤ ਸਾਰੇ ਅਧਿਕਾਰੀਆਂ ਦੇ ਕੋਲ ਇਕ ਦੂਸਰੇ ਨਾਲ ਤਾਲਮੇਲ ਲਈ ਮੋਬਾਇਲ ਨੰਬਰ ਹੋਣੇ ਚਾਹੀਦੇ ਹਨ, ਤਾਂ ਜੋ ਉਸੇ ਸਮੇਂ ਇਕ ਦੂਸਰੇ ਦਾ ਸਹਿਯੋਗ ਲਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਬੇਸਹਾਰਾ, ਲੋੜਵੰਦ ਅਤੇ ਕਾਨੂੰਨੀ ਵਿਵਾਦ ਵਿੱਚ ਸ਼ਾਮਲ ਬੱਚਿਆਂ ਦੀ ਸਹਾਇਤਾ ਦੇ ਲਈ ਤੁਰੰਤ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਖਿਲਾਫ਼ ਜੁਰਮਾਂ, ਬਾਲ ਮਜ਼ਦੂਰੀ ਦੀ ਸ਼ਿਕਾਇਤ ਜਾਂ ਕੋਈ ਮੁਸੀਬਤ ਵਿੱਚ ਫਸਿਆ ਬੱਚਾ ਜਾਂ ਉਨ੍ਹਾਂ ਬਾਰੇ ਸੂਚਨਾ ਰੱਖਦਾ ਸਮਾਜ ਦਾ ਕੋਈ ਵੀ ਜ਼ਿੰਮੇਂਵਾਰ ਵਿਅਕਤੀ ਚਾਈਲਡ ਹੈਲਪਲਾਈਨ ਨੰ.1098 ’ਤੇ ਫ਼ੋਨ ਕਰਕੇ ਵੀ ਮਦਦ ਲੈ ਸਕਦਾ ਹੈ। ਉਨ੍ਹਾਂ ਨੇ ਮੀਟਿੰਗ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਰਾਸ਼ਟਰੀ ਬਾਲ ਸੁਰੱਖਿਆ ਪ੍ਰੋਗਰਾਮ ਤਹਿਤ ਬੱਚਿਆਂ ਦੀ ਸਿਹਤ ਦੀ ਜਾਂਚ ਪ੍ਰਿਕ੍ਰਿਆ ਸਮੇਂ ਅਨੁਸਾਰ ਕੀਤੀ ਜਾਵੇ ਅਤੇ ਸਹੂਲਤਾਂ ਵਿਹੂਣੀਆਂ ਅਬਾਦੀਆਂ (ਸਲਮ ਏਰੀਆ) ਵਿੱਚ ਸਮੇਂ-ਸਮੇਂ ’ਤੇ ਮੈਡੀਕਲ ਕੈਂਪ ਲਗਵਾਏ ਜਾਣ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਦੇ ਵਿੱਚ ਇਕ ਨੋਡਲ ਅਫ਼ਸਰ ਲਗਾਇਆ ਜਾਵੇ ਜੋ ਸਕੂਲ ਦੇ ਵਿੱਚ ਸਬੰਧਤ ਵੱਖ-ਵੱਖ ਐਕਟ ਬਾਰੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕੰਚਨ ਅਰੋੜਾ ਨੂੰ ਹਦਾਇਤ ਕੀਤੀਕਿ ਸਮੇਂ-ਸਮੇਂ ਤੇ ਜ਼ਿਲ੍ਹਾ ਟਾਸਕ ਫ਼ੋਰਸ ਨਾਲ ਮਿਲ ਕੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਸਬੰਧੀ ਚੈਕਿੰਗ ਕੀਤੀ ਜਾਵੇ ਅਤੇ ਬੱਚਿਆਂ ਦੇ ਪੁਨਰ ਵਸੇਬੇ ਲਈ ਬਾਕੀ ਸਹਿਕਰਮੀਆਂ ਦੀ ਮਦਦ ਨਾਲ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਨੂੰ ਇਕ ਚੰਗਾ ਨਾਗਰਿਕ ਬਣਾਉਣ ਵਿੱਚ ਕਾਰਜਸ਼ੀਲ ਹੋਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਚੇਅਰਪਰਸਨ ਬਾਲ ਭਲਾਈ ਕਮੇਟੀ ਸ੍ਰੀਮਤੀ ਸੋਨੀਆ, ਸ਼ਿਵ ਲਾਲ ਜੈਨ, ਮੈਂਬਰ ਜੁਵੇਨਾਇਲ ਜਸਟਿਸ ਬੋਰਡ, ਬਾਲ ਸੁਰੱਖਿਆ ਰਜਿੰਦਰ ਕੌਰ, ਚੇਅਰਪਰਸਨ ਬਾਲ ਭਲਾਈ ਕਮੇਟੀ ਸੋਨੀਆ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।