- ਕੈਬਨਿਟ ਮੰਤਰੀ ਜਿੰਪਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਤੇ ਡਿਪਟੀ ਸਪੀਕਰ ਰੌੜੀ ਨੇ ਹਰੀ ਝੰਡੀ ਦਿਖਾ ਕੇ ਕਰਵਾਈ ਸ਼ੁਰੂਆਤ
- ਵਿਧਾਇਕ ਡਾ. ਰਵਜੋਤ, ਜਸਵੀਰ ਰਾਜਾ ਗਿੱਲ, ਕਰਮਬੀਰ ਘੁੰਮਣ, ਡੀ.ਆਈ.ਜੀ ਨਵੀਨ ਸਿੰਗਲਾ ਸਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਸਮੂਹ ਅਧਿਕਾਰੀ ਰਹੇ ਮੌਜੂਦ
- ਜੇਤੂਆਂ ਨੂੰ ਨਕਦ ਇਲਾਮ ਤੇ ਸਰਟੀਫਿਕੇਟ ਦੇ ਕੇ ਕੀਤਾ ਗਿਆ ਸਨਮਾਨਿਤ
ਹੁਸ਼ਿਆਰਪੁਰ, 27 ਅਗਸਤ 2024 : ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਸੇਧ ਦੇਣ ਦੇ ਮੰਤਵ ਨਾਲ ਅੱਜ ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ 5 ਕਿਲੋਮੀਟਰ ਮੈਰਾਥਨ ਕਰਵਾਈ ਗਈ। ਇਸ ਦੌਰਾਨ ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਦੌੜ ਪੁਲਿਸ ਲਾਈਨ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ਤੋਂ ਹੁੰਦੀ ਹੋਈ ਵਾਪਸ ਪੁਲਿਸ ਲਾਈਨ ਗਰਾਊਂਡ ਵਿਖੇ ਸਮਾਪਤ ਹੋਈ। ਸਫਲਤਾਪੂਰਵਕ ਸੰਪੰਨ ਹੋਈ ਇਸ ਮੈਰਾਥਨ ਵਿਚ ਲਗਭਗ 3 ਹਜ਼ਾਰ ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਸ਼ਾਮਚੁਰਾਸੀ ਡਾ: ਰਵਜੋਤ ਸਿੰਘ, ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਡੀ.ਆਈ.ਜੀ ਜਲੰਧਰ ਰੇਂਜ ਨਵੀਨ ਸਿੰਗਲਾ, ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਮੇਅਰ ਸੁਰਿੰਦਰ ਕੁਮਾਰ, ਐਸ.ਐਸ.ਪੀ. ਸੁਰੇਂਦਰ ਲਾਂਬਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਜੇਤੂਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਨਸ਼ਿਆਂ ਵਿਰੁੱਧ ਇਸ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਸਮਾਜ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਭੈੜੀ ਲਾਹਨਤ ਤੋਂ ਬਚਾਉਣ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਜੰਗੀ ਪੱਧਰ 'ਤੇ ਚਲਾਈ ਜਾ ਰਹੀ ਹੈ ਅਤੇ ਇਸ ਲੜਾਈ ਵਿਚ ਸਾਨੂੰ ਜਨਤਾ ਦੇ ਪੂਰਨ ਸਹਿਯੋਗ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਪੁਲਿਸ ਦਾ ਸਾਥ ਦੇਣ ਅਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਲੋਕਾਂ ਬਾਰੇ ਗੁਪਤ ਸੂਚਨਾ ਪੁਲਿਸ ਨੂੰ ਦੇਣ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਇਸ ਸਮਾਗਮ ਦੇ ਆਯੋਜਨ ਲਈ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਸਾਡੇ ਸਮਾਜ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਖ਼ਤੀ ਕਾਰਨ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸਜ਼ਾ ਦਾ ਅਨੁਪਾਤ ਵੀ 85 ਫੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਨਸ਼ਿਆਂ ਵਿਰੁੱਧ ਸਾਡੀ ਲੜਾਈ ਸਹੀ ਦਿਸ਼ਾ ਵੱਲ ਜਾ ਰਹੀ ਹੈ ਅਤੇ ਇਸ ਨੂੰ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਹਤਮੰਦ ਪੰਜਾਬ ਦੇ ਮਿਸ਼ਨ ਨੂੰ ਲੈ ਕੇ ਅੱਗੇ ਵੱਧ ਰਹੇ ਹਨ, ਜਿਸ ਵਿਚ ਸਮਾਜ ਦੇ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਨਸ਼ਾ ਮੁਕਤ ਪੰਜਾਬ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਇਸ ਦਿਸ਼ਾ ਵਿਚ ਕੰਮ ਕਰੀਏ। ਉਨ੍ਹਾਂ ਕਿਹਾ ਕਿ ਇਸ ਸਮਾਗਮ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਵਧਾਉਣ ਵਿਚ ਅਹਿਮ ਯੋਗਦਾਨ ਪਾਇਆ ਅਤੇ ਸਾਬਿਤ ਕਰ ਦਿੱਤਾ ਕਿ ਸਮੂਹਿਕ ਯਤਨਾਂ ਨਾਲ ਹੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵੀ ਨਸ਼ਾ ਵੇਚਦਾ ਹੈ, ਤਾਂ ਉਹ ਹੁਸ਼ਿਆਰਪੁਰ ਪੁਲਿਸ ਡਰੱਗ ਹੈਲਪਲਾਈਨ ਨੰਬਰ 95016-60318 ‘ਤੇ ਇਸ ਦੀ ਸੂਚਨਾ ਦੇ ਸਕਦੇ ਹਨ। ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤਾ ਰੱਖਿਆ ਜਾਵੇਗਾ। ਇਸ ਮੌਕੇ ਏ.ਆਈ.ਜੀ ਨਰੇਸ਼ ਡੋਗਰਾ, ਐਸ.ਪੀ ਮਨੋਜ ਠਾਕੁਰ, ਐਸ.ਪੀ ਸਰਬਜੀਤ ਸਿੰਘ ਬਾਹੀਆ, ਸੋਨਾਲੀਕਾ ਤੋਂ ਅਕਸ਼ੈ ਸਾਂਗਵਾਨ, ਵਰਧਮਾਨ ਗਰੁੱਪ ਤੋਂ ਜਤਿੰਦਰਪਾਲ ਸਿੰਘ, ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ, ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਸਿੰਘ ਚੇਚੀ, ਐਸ.ਡੀ.ਐਮ ਸੰਜੀਵ ਸ਼ਰਮਾ, ਡੀ.ਐਸ.ਪੀ. ਵਿਜੀਲੈਂਸ ਮਨੀਸ਼ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸਿਵਲ ਸਰਜਨ ਡਾ: ਪਵਨ ਕੁਮਾਰ, ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਸਮੇਤ ਹੋਰ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਮੈਰਾਥਨ ਦੇ ਨਤੀਜੇ
ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੈਰਾਥਨ ਵਿਚ ਦਸੂਹਾ ਦਾ ਹਰਜੋਧਵੀਰ ਸਿੰਘ, ਫਿਰੋਜ਼ਪੁਰ ਦਾ ਲਵਪ੍ਰੀਤ ਸਿੰਘ ਅਤੇ ਸੰਗਰੂਰ ਦਾ ਪ੍ਰਭਜੋਤ ਸਿੰਘ ਪਹਿਲੇ ਸਥਾਨ ’ਤੇ ਰਿਹਾ। ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ 51-51 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਫਾਜ਼ਿਲਕਾ ਦਾ ਰਿੰਕੂ ਤੇ ਸੁਖਵਿੰਦਰ ਸਿੰਘ, ਟਾਂਡਾ ਦਾ ਲਕਸ਼ਦੀਪ ਸਿੰਘ, ਜਲੰਧਰ ਦਾ ਸ਼ਮਸ਼ੇਰ ਸਿੰਘ ਅਤੇ ਤਰਨਤਾਰਨ ਦਾ ਅੰਮ੍ਰਿਤਪਾਲ ਸਿੰਘ ਦੂਜੇ ਸਥਾਨ ’ਤੇ ਰਹੇ। ਇਨ੍ਹਾਂ ਪੰਜਾਂ ਖਿਡਾਰੀਆਂ ਨੂੰ 31-31 ਸੌ ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਹੁਸ਼ਿਆਰਪੁਰ ਦਾ ਅਰੁਣ, ਫਾਜ਼ਿਲਕਾ ਦਾ ਕੁਲਦੀਪ, ਅੰਮ੍ਰਿਤਸਰ ਦਾ ਗਗਨਦੀਪ ਸਿੰਘ, ਬਟਾਲਾ ਦਾ ਸ਼ੁਭਮ, ਐਸ.ਬੀ.ਐਸ.ਨਗਰ ਦਾ ਨੀਰਜ, ਟਾਂਡਾ ਦਾ ਜਤਿੰਦਰ ਸਿੰਘ, ਹੁਸ਼ਿਆਰਪੁਰ ਦਾ ਮੋਹਿਤ, ਹਰਸ਼ਦੀਪ ਸਿੰਘ, ਪਠਾਨਕੋਟ ਦਾ ਵੰਸ਼ ਅਤੇ ਬਟਾਲਾ ਦਾ ਭਰਤ ਤੀਜੇ ਸਥਾਨ ’ਤੇ ਰਹੇ। ਇਨ੍ਹਾਂ ਦਸ ਖਿਡਾਰੀਆਂ ਨੂੰ 11-11 ਸੌ ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ। ਇਸੇ ਤਰ੍ਹਾਂ ਲੜਕੀਆਂ ਵਿਚੋਂ ਦਸੂਹਾ ਦੀ ਮਨਦੀਪ ਕੌਰ ਪਹਿਲੇ ਸਥਾਨ ’ਤੇ ਰਹੀ। ਉਸ ਨੂੰ 5100 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਦਸੂਹਾ ਦੀ ਹੀ ਅਮਨਦੀਪ ਕੌਰ ਅਤੇ ਪੂਜਾ ਦੂਸਰੇ ਸਥਾਨ ’ਤੇ ਰਹੀਆਂ। ਇਨ੍ਹਾਂ ਨੂੰ 31-31 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਐੱਸ.ਬੀ.ਐੱਸ.ਨਗਰ ਦੀ ਇੰਦਰਜੋਤ ਕੌਰ, ਦਸੂਹਾ ਦੀ ਜਸਪ੍ਰੀਤ ਕੌਰ, ਜੀਆ, ਅਨੰਨਿਆ ਅਤੇ ਫਾਜ਼ਿਲਕਾ ਦੀ ਸੁਖਵਿੰਦਰ ਕੌਰ ਤੀਜੇ ਸਥਾਨ ’ਤੇ ਰਹੀਆਂ। ਇਨ੍ਹਾਂ ਪੰਜ ਦੌੜਾਕਾਂ ਨੂੰ 11-11 ਸੌ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।