- ਡੀ.ਆਈ.ਜੀ ਜਲੰਧਰ ਰੇਂਜ ਸਵਪਨ ਸ਼ਰਮਾ ਅਤੇ ਐਸ. ਐਸ. ਪੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਹੁਸ਼ਿਆਰਪੁਰ, 9 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਅਪਰਾਧ ਮੁਕਤ ਬਣਾਉਣ ਦੇ ਸੰਕਲਪ ਤਹਿਤ ਹੁਸ਼ਿਆਰਪੁਰ ਪੁਲਿਸ ਦੀ ਵਿਸ਼ੇਸ਼ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਟਰੋਲ ਪੰਪ ਲੁੱਟਣ ਅਤੇ ਫਿਰੌਤੀ ਮੰਗਣ ਵਾਲੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਅਤੇ ਕਾਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਸਵਪਨ ਸ਼ਰਮਾ ਨੇ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੀ ਮੌਜੂਦਗੀ ਵਿਚ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਕੀਤੀ ਗਈ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿਚ ਮਨਰਾਜ ਰਾਜ ਪੁੱਤਰ ਰਣਵੀਰ ਸਿੰਘ ਵਾਸੀ ਚੱਬੇਵਾਲ, ਨਵਜੋਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਜਿਆਣ, ਥਾਣਾ ਚੱਬੇਵਾਲ ਅਤੇ ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਿਆਣ ਥਾਣਾ ਚੱਬੇਵਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਮੁਲਜ਼ਮਾਂ ਖਿਲਾਫ਼ ਥਾਣਾ ਚੱਬੇਵਾਲ ਵਿਚ 7 ਜੂਨ 2023, ਥਾਣਾ ਹਰਿਆਣਾ ਵਿਚ 4 ਜੁਲਾਈ 2023, ਥਾਣਾ ਚੱਬੇਵਾਲ ਵਿਚ 8 ਜੁਲਾਈ 2023 ਅਤੇ ਥਾਣਾ ਚੱਬੇਵਾਲ ਵਿਚ ਹੀ 9 ਜੁਲਾਈ 2023 ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਮੁਲਜ਼ਮ ਮਨਰਾਜ ਖਿਲਾਫ਼ ਅੰਮ੍ਰਿਤਸਰ ਵਿਖੇ 14 ਨਵੰਬਰ 2022 ਅਤੇ 22 ਮਈ 2023 ਨੂੰ ਐਨ. ਡੀ. ਪੀ. ਐਸ ਐਕਟ ਤਹਿਤ ਪਹਿਲਾਂ ਤੋਂ ਹੀ ਦੋ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 7.65 ਐਮ. ਐਮ ਦੇ ਤਿੰਨ ਪਿਸਤੌਲ, 19 ਰੌਂਦ ਅਤੇ ਕਾਲੇ ਰੰਗ ਦੀ ਇਕ ਸਕਾਰਪੀਓ ਕਾਰ ਬਰਾਮਦ ਕੀਤੀ ਗਈ ਹੈ। ਡੀ. ਆਈ. ਜੀ ਨੇ ਦੱਸਿਆ ਕਿ ਦੱਸਿਆ ਕਿ ਇਹ ਗਿਰੋਹ ਅਮਰੀਕਾ ਰਹਿੰਦੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਚੱਬੇਵਾਲ, ਜੋ ਕਿ ਪੁਲਿਸ ਨੂੰ ਕਰੀਬ 18 ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਂਦਾ ਹੈ, ਦੇ ਨਿਰਦੇਸ਼ਾਂ ’ਤੇ ਫਿਰੌਤੀ ਮੰਗਣ ਦਾ ਧੰਦਾ ਕਰਦਾ ਹੈ। ਇਸ ਨੇ 7 ਜੂਨ 2023 ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਕਸਬਾ ਚੱਬੇਵਾਲ ਵਿਚ ਸਥਿਤ ਇਕ ਦੁਕਾਨ ਤੋਂ ਫਿਰੌਤੀ ਲਈ ਫਾਇਰਿੰਗ ਕੀਤੀ ਸੀ, ਜਿਸ ’ਤੇ ਦੋਸ਼ੀਆਂ ਖਿਲਾਫ਼ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਹੀ ਥੋੜ੍ਹੇ ਸਮੇਂ ਵਿਚ ਇਸ ਗਿਰੋਹ ਨੂੰ ਟਰੇਸ ਕਰਕੇ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ। ਇਸੇ ਗਿਰੋਹ ਦੇ ਮੈਂਬਰਾਂ ਵੱਲੋਂ 3 ਜੁਲਾਈ 2023 ਨੂੰ ਕਸਬਾ ਹਰਿਆਣਾ ਦੇ ਘਾਸੀਪੁਰ ਦੇ ਵਿਸ਼ਾਲ ਫਿਊਲ ਕੇਅਰ ਪੈਟਰੋਲ ਪੰਪ ਦੇ ਕਰਿੰਦੇ ’ਤੇ ਗੋਲੀਆਂ ਚਲਾ ਕੇ ਲੁੱਟ-ਖੋਹ ਕਰਨ ਅਤੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਉਸ ਨੂੰ ਜ਼ਖਮੀ ਕੀਤਾ ਸੀ। ਇਸ ਉਪਰੰਤ 4 ਜੁਲਾਈ 2023 ਨੂੰ ਕਸਬਾ ਮਾਹਿਲਪੁਰ ਵਿਚ ਸਥਿਤ ਚਾਹਤ ਪੈਟਰੋਲ ਪੰਪ ਜੈਜੋਂ ਰੋਡ ’ਤੇ ਗੋਲੀਆਂ ਚਲਾ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਉਪਰੋਕਤ ਵਾਰਦਾਤਾਂ ਕਰਨ ’ਤੇ ਥਾਣਾ ਹਰਿਆਣਾ ਅਤੇ ਮਾਹਿਲਪੁਰ ਵਿਖੇ ਮੁਕੱਦਮੇ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਲਵਿੰਦਰ ਸਿੰਘ ਉਰਫ਼ ਬਿੰਦਰ ਨੂੰ ਫਿਰੌਤੀ ਦੀ ਰਕਮ ਨਾ ਮਿਲਣ ’ਤੇ ਉਸ ਦੇ ਸਾਥੀਆਂ ਨੇ ਇਕ ਘਰ ਦੇ ਬਾਹਰ ਡਰਾਉਣ ਲਈ ਦੁਬਾਰਾ ਗੋਲੀਆਂ ਚਲਾਈਆਂ, ਜਿਸ ’ਤੇ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੁਲਿਸ ਕਪਤਾਨ ਤਫਤੀਸ਼ ਸਰਬਜੀਤ ਸਿੰਘ ਬਾਹੀਆ, ਉੱਪ ਪੁਲਿਸ ਕਪਤਾਨ ਤਫਤੀਸ਼ ਪਰਮਿੰਦਰ ਸਿੰਘ ਮੰਡ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ਼ ਹੁਸ਼ਿਆਰਪੁਰ ਦੇ ਅਧੀਨ ਇਕ ਵਿਸ਼ੇਸ਼ ਟੀਮ ਦਾ ਗਠਨ ਕਰਕੇ ਉਪਰੋਕਤ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਨੂੰ ਟਰੇਸ ਕਰਨ ਸਬੰਧੀ ਹੁਕਮ ਕੀਤਾ ਗਿਆ। ਇਸ ’ਤੇ 8 ਜੁਲਾਈ 2023 ਨੂੰ ਇਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ ਹੁਸ਼ਿਆਰਪੁਰ ਨੂੰ ਗੁਪਤ ਸੂਚਨਾ ਮਿਲੀ ਕਿ ਮਨਰਾਜ ਰਾਜ ਪੁੱਤਰ ਰਣਵੀਰ ਸਿੰਘ ਵਾਸੀ ਚੱਬੇਵਾਲ, ਨਵਜੋਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਜਿਆਣ ਅਤੇ ਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਿਆਣ, ਜੋ ਕਿ ਬਲਵਿੰਦਰ ਸਿੰਘ ਉਰਫ ਬਿੰਦਰ ਨਾਲ ਗਰੁੱਪ ਬਣਾ ਕੇ ਸਾਜਿਸ਼ ਰਚ ਕੇ ਲੁੱਟ-ਖੋਹ ਅਤੇ ਵੱਡੇ ਕਾਰੋਬਾਰੀਆਂ ਪਾਸੋਂ ਧਮਕੀ ਦੇ ਕੇ ਅਤੇ ਉਨ੍ਹਾਂ ਨੂੰ ਡਰਾਉਣ ਲਈ ਉਨ੍ਹਾਂ ਦੇ ਕਾਰੋਬਾਰੀ ਦਫ਼ਤਰਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਕੇ ਫਿਰੌਤੀ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਲੁਕ-ਛਿਪ ਕੇ ਰਹਿੰਦੇ ਹਨ, ਜੋ ਅਕਸਰ ਸੰਦੀਪ ਸਿਘ ਉਰਫ਼ ਭੀਮਾ ਪੁੱਤਰ ਬਲੀ ਸਿੰਘ ਵਾਸੀ ਭੀਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਘਰ ਆਉਂਦੇ ਰਹਿੰਦੇ ਹਨ ਅਤੇ ਅੱਜ ਵੀ ਸੰਦੀਪ ਸਿੰਘ ਉਰਫ਼ ਭੀਮਾ ਦੇ ਘਰ ਆ ਸਕਦੇ ਹਨ। ਇਹ ਪਤਾ ਲੱਗਾ ਕਿ ਇਨ੍ਹਾਂ ਨੇ ਆਪਣੀ ਦੁਸ਼ਮਣੀ ਕੱਢਣ ਲਈ ਆਪਣੇ ਸਾਥੀਆਂ ਰਾਹੀਂ ਸੰਦੀਪ ਸਿੰਘ ਉਰਫ਼ ਭੀਮੇ ਦਾ ਨੁਕਸਾਨ ਕਰਨਾ ਹੈ। ਇਸ ’ਤੇ ਪੁਲਿਸ ਕਪਤਾਨ ਤਫਤੀਸ਼ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਨੇ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ ਸੀ. ਆਈ. ਏ ਸਟਾਫ ਹੁਸ਼ਿਆਰਪਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਥਾਣਾ ਚੱਬੇਵਾਲ ਦੇ ਇਲਾਕੇ ਵਿਚ ਖੁਫ਼ੀਆ ਤੌਰ ’ਤੇ ਘੇਰਾਬੰਦੀ ਕੀਤੀ ਗਈ। ਇਸ ਦੌਰਾਨ ਸੀ. ਆਈ. ਏ ਸਟਾਫ ਦੀ ਵਿਸ਼ੇਸ਼ ਟੀਮ ਦੇ ਕੁਝ ਕਰਮਚਾਰੀ ਸਿਵਲ ਵਰਦੀ ਵਿਚ ਅਤੇ ਕੁਝ ਕਰਮਚਾਰੀ ਵਰਦੀ ਵਿਚ ਸੰਦੀਪ ਸਿੰਘ ਉਰਫ਼ ਭੀਮਾ ਦੇ ਘਰ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਦੀ ਉਡੀਕ ਕਰਨ ਲੱਗੇ। ਕਰੀਬ 12 ਵਜੇ ਕਾਲੇ ਰੰਗ ਦੀ ਸਕਾਰਪੀਓ ਕਾਰ ਭੀਮਾ ਦੇ ਘਰ ਦੇ ਬਾਹਰ ਆ ਕੇ ਰੁਕੀ, ਜਿਸ ਵਿਚੋਂ ਤਿੰਨ ਨੌਜਵਾਨ ਉਤਰ ਕੇ ਭੀਮਾ ਦੇ ਰਿਹਾਇਸ਼ੀ ਕਮਰੇ ਵੱਲ ਆਏ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਿਵੇਂ ਹੀ ਪੁਲਿਸ ਪਾਰਟੀ ਕਮਰੇ ਤੋਂ ਬਾਹਰ ਨਿਕਲਣ ਲੱਗੀ ਤਾਂ ਮਨਰਾਜ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਕਦਮ ਆਪਣੇ-ਆਪਣੇ ਪਿਸਤੌਲ ਬਾਹਰ ਕੱਢ ਲਏ। ਇਸ ’ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਥਿਆਰ ਹੇਠਾਂ ਸੁੱਟ ਕੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਵਿਚ ਪਹਿਲਾਂ ਹਵਾਈ ਫਾਇਰ ਕੀਤਾ ਪਰੰਤੂ ਉਨ੍ਹਾਂ ਵੱਲੋਂ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ’ਤੇ ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਨ ਲਈ ਫਾਇਰ ਕੀਤੇ। ਇਸ ਨਾਲ ਮਨਰਾਜ ਸਿੰਘ ਅਤੇ ਉਸ ਦੇ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਪਾਰਟੀ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਰਤੋਂ ਵਿਚ ਲਿਆਂਦੇ ਪਿਸਤੌਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਅਤੇ ਥਾਣਾ ਚੱਬੇਵਾਲ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਡੀ. ਆਈ. ਜੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ’ਤੇ ਉਨ੍ਹਾਂ ਮੰਨਿਆਂ ਕਿ ਉਨ੍ਹਾਂ ਵੱਲੋਂ ਉਪਰੋਕਤ ਸਾਰੀਆਂ ਵਾਰਦਾਤਾਂ ਬਲਵਿੰਦਰ ਸਿੰਘ ਉਰਫ਼ ਬਿੰਦਰ ਦੇ ਕਹਿਣ ’ਤੇ ਆਪਣੇ ਵੱਖ-ਵੱਖ ਸਾਥੀਆਂ ਨਾਲ ਮਲ ਕੇ ਦਹਿਸ਼ਤ ਫੈਲਾਅ ਕੇ ਡਰ ਦਾ ਮਾਂਹੌਲ ਪੈਦਾ ਕਰਨ ਲਈ ਅਤੇ ਵੱਡੀਆਂ ਫਿਰੌਤੀਆਂ ਹਾਸਲ ਕਰਨ ਲਈ ਕੀਤੀਆਂ ਹਨ। ਜ਼ਖ਼ਮੀ ਮੁਲਜ਼ਮਾਂ ਮਨਰਾਜ ਰਾਜ ਅਤੇ ਨਵਜੋਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ ਗਿਆ ਹੈ ਜੋ ਜ਼ੇਰੇ ਇਲਾਜ ਹਨ। ਉਨ੍ਹਾਂ ਦੇ ਠੀਕ ਹੋਣ ਉਪਰੰਤ ਉਨਾਂ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀ. ਆਈ. ਜੀ ਸਵਪਨ ਸ਼ਰਮਾ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂੁ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਜ਼ੁਰਮ ਨੂੰ ਠੱਲ ਪਾਈ ਗਈ ਹੈ।