- ਕੈਬਨਿਟ ਮੰਤਰੀ ਨੇ ਨਗਰ ਸੁਧਾਰ ਟਰੱਸਟ ਦੇ ਸਫਲ 16 ਬੋਲੀਕਾਰਾਂ ਨੂੰ ਵੰਡੇ ਅਲਾਟਮੈਂਟ ਲੈਟਰ
- 7.73 ਏਕੜ ’ਚ ਰਾਜੀਵ ਗਾਂਧੀ ਐਵੀਨਿਊ ਨਾਮ ਨਾਲ ਜਲਦ ਹੀ ਸਥਾਪਿਤ ਕੀਤੀ ਜਾਵੇਗੀ ਨਵੀਂ ਰਿਹਾਇਸ਼ੀ ਸਕੀਮ, ਸਰਕਾਰ ਤੋਂ ਮਿਲੀ ਮਨਜ਼ੂਰੀ
ਹੁਸ਼ਿਆਰਪੁਰ, 15 ਜੁਲਾਈ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਨਗਰ ਸੁਧਾਰ ਟਰੱਸਟਾਂ ਨੂੰ ਮਜ਼ਬੂਤ ਕੀਤਾ ਗਿਆ ਹੈ ਅਤੇ ਸਾਲਾਂ ਤੋਂ ਟਰੱਸਟ ਦੀਆਂ ਖਾਲੀ ਪਈਆਂ ਜ਼ਮੀਨਾਂ ਦੀ ਈ-ਨਿਲਾਮੀ ਰਾਹੀਂ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਨਿਲਾਮੀ ਕੀਤੀ ਗਈ ਹੈ। ਸਰਕਾਰ ਦੇ ਇਸ ਯਤਨ ਨਾਲ ਜਿਥੇ ਲੋਕਾਂ ਨੂੰ ਜਾਇਜ਼ ਮੁੱਲਾਂ ’ਤੇ ਸੰਪਤੀ ਮਿਲੀ ਹੈ, ਉਥੇ ਟਰੱਸਟਾਂ ਦੀ ਆਮਦਨ ਵੀ ਵਧੀ ਹੈ। ਉਹ ਅੱਜ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਦਫ਼ਤਰ ਵਿਚ ਈ-ਨਿਲਾਮੀ ਦੌਰਾਨ ਸਫਲ ਰਹੇ 16 ਬੋਲੀਕਾਰਾਂ ਨੂੰ ਅਲਾਟਮੈਂਟ ਲੈਟਰ ਦੇਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਅਤੇ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਸਾਰੇ ਬੋਲੀਕਾਰਾਂ ਨੂੰ ਪੌਦੇ ਵੰਡਦੇ ਹੋਏ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਪਾਰਦਰਸ਼ੀ ਢੰਗ ਨਾਲ ਕਰਨ ਲਈ ਈ-ਨਿਲਾਮੀ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 20 ਫਰਵਰੀ 2024 ਤੋਂ 22 ਫਰਵਰੀ 2024 ਤੱਕ ਹੋਈ ਸਫਲ ਬੋਲੀ ਦੇ ਦੌਰਾਨ ਨਗਰ ਟਰੱਸਟ ਦੀ ਕਰੀਬ 3 ਕਰੋੜ ਦੀਆਂ ਜਾਇਦਾਦਾਂ ਵਿਕੀਆਂ, ਜਿਸ ਨਾਲ ਟਰੱਸਟ ਦੀ ਆਮਦਨ ਵਿਚ ਵਾਧਾ ਹੋਇਆ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਤੋਹਫੇ ਦੇ ਰੂਪ ਵਿਚ ਆਉਣ ਵਾਲੇ ਦਿਨਾਂ ਵਿਚ 7.73 ਏਕੜ ਵਿਚ ਰਾਜੀਵ ਗਾਂਧੀ ਐਵੀਨਿਊ ਨਾਂਅ ਦੀ ਇਕ ਰਿਹਾਇਸ਼ੀ ਸਕੀਮ ਸਥਾਪਿਤ ਕੀਤੀ ਜਾ ਰਹੀ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਮਨਜੂਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਆਧੁਨਿਕ ਸੁਵਿਧਾਵਾਂ, ਸਾਫ ਪਾਣੀ, ਸੀਵਰੇਜ, ਖੁੱਲ੍ਹੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਵੇਂ ਪਾਰਕ ਵਿਕਸਿਤ ਕੀਤਾ ਜਾ ਰਹੇ ਹਨ। ਸਕੀਮਾਂ ਦੇ ਰਿਹਾਇਸ਼ੀ ਪਲਾਟ ਸਰਕਾਰੀ ਰੇਟ (ਰਿਜ਼ਰਵ ਕੀਮਤ) ’ਤੇ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਮ ਜਨਤਾ ਲਈ ਡਰਾਅ ਰਾਹੀਂ ਪਲਾਟਾਂ ਦੇ ਮਾਲਕ ਬਣਨ ਦਾ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ ਨੇ ਦੱਸਿਆ ਕਿ 20 ਫਰਵਰੀ 2024 ਤੋਂ 22 ਫਰਵਰੀ 2024 ਤੱਕ ਹੋਈ ਸਫਲ ਬੋਲੀ ਦੌਰਾਨ ਸਕੀਮ ਨੰਬਰ 11 ਸ. ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ 8 ਦੁਕਾਨਾਂ , ਸਕੀਮ ਨੰਬਰ 10 ਸ਼ਹੀਦ ਊਧਮ ਸਿੰਘ ਨਗਰ ਵਿਚ 6 ਐਸ.ਸੀ.ਓ ਅਤੇ ਸਕੀਮ ਨੰਬਰ 11 ਸੰਤ ਹਰਚੰਦ ਸਿੰਘ ਲੌਂਗੋਵਾਲ ਵਿਚ ਦੋ ਰਿਹਾਇਸ਼ੀ ਪਲਾਟਾਂ ਦੀ ਸਫਲ ਬੋਲੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਥਾਪਿਤ ਹੋਣ ਵਾਲੀ ਰਿਹਾਇਸ਼ੀ ਸਕੀਮ ਰਾਜੀਵ ਗਾਂਧੀ ਐਵੀਨਿਊ ਵਿਚ 4-4 ਮਰਲੇ ਦੇ 34 ਪਲਾਟ, 6 ਮਰਲੇ ਦੇ 64 ਪਲਾਟ ਅਤੇ 8 ਮਰਲੇ ਦੇ 36 ਪਲਾਟ ਹੋਣਗੇ। ਉਨ੍ਹਾਂ ਦੱਸਿਆ ਕਿ ਉਥੇ 4 ਪਾਰਕ ਵੀ ਬਣਾਏ ਜਾਣਗੇ। ਇਸ ਮੌਕੇ ਚੇਅਰਮੈਨ ਸਰਕਾਰੀ ਕੋਆਪ੍ਰੇਟਿਵ ਬੈਂਕ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਨਿਗਮ ਫਾਈਨੈਂਸ ਕਮੇਟੀ ਦੇ ਚੇਅਰਮੈਨ ਅਤੇ ਕੌਂਸਲਰ ਬਲਵਿਦਰ ਬਿੰਦੀ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਟਰੱਸਟ ਇੰਜੀਨੀਅਰ ਅੰਮ੍ਰਿਤਪਾਲ ਸਿੰਘ, ਸਹਾਇਕ ਟਰੱਸਟ ਇੰਜੀਨੀਅਰ ਮਨਦੀਪ, ਲੇਖਾਕਾਰ ਆਸ਼ੀਸ਼ ਕੁਮਾਰ, ਸੀਨੀਅਰ ਸਹਾਇਕ ਸੰਜੀਵ ਕਾਲੀਆ, ਸੁਰਿੰਦਰਪਾਲ ਕਲਸੀ, ਸੰਦੀਪ ਚੇਚੀ, ਚੰਦਨ ਲੱਕੀ ਤੇ ਹੋਰ ਮੌਜੂਦ ਸਨ।