ਹੁਸ਼ਿਆਰਪੁਰ, 5 ਸਤੰਬਰ : ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿੱਚ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਜ਼ਿਲਾ ਪੱਧਰ ਅਤੇ ਸਬ ਡਵੀਜਨ ਪੱਧਰ ’ਤੇ ਪੰਜ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੈਮੀਨਾਰਾਂ ਦੀ ਪ੍ਰਧਾਨਗੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੈਨਲ ਐਡਵੋਕੇਟਾਂ ਵੱਲੋਂ ਕੀਤੀ ਗਈ। ਜਿਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਦੇ ਵਿਦਿਆਰਥੀਆਂ ਨੂੰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ ਗਿਆ ਅਤੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਦੇਸ਼ ਭਾਰਤ ਦੀ ਸਿੱਖਿਆ ਵਿਵਸਥਾ ਨੂੰ ਅੱਗੇ ਵਧਾਉਣ ਲਈ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤਾਂ ਜੋ ਦੇਸ਼ ਦਾ ਹਰੇਕ ਨੌਜਵਾਨ ਪੜ੍ਹ-ਲਿਖ ਕੇ ਦੇਸ਼ ਦਾ ਨਾਮ ਰੌਸ਼ਨ ਕਰੇ। ਇਸ ਤੋਂ ਇਲਾਵਾ ਮਿਤੀ 9 ਸਤੰਬਰ ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ਤੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਇਹ ਲੋਕ ਅਦਾਲਤ ਪੰਜਾਬ ਰਾਜ ਦੇ ਸਾਰੇ ਜ਼ਿਲਿ੍ਹਆਂ ਦੀਆਂ ਅਦਾਲਤਾਂ ਵਿੱਚ ਲੱਗ ਰਹੀ ਹੈ। ਇਸ ਲੋਕ ਅਦਾਲਤ ਵਿਚ ਪੈਂਡਿੰਗ ਅਤੇ ਪ੍ਰੀ ਲਿਟੀਗੇਟਿਵ ਕੇਸ ਸੁਣੇ ਜਾਣਗੇ ਅਤੇ ਨਾਲ ਹੀ ਲੋਕਾਂ ਦੇ ਟੈ੍ਰਫਿਕ ਚਲਾਨ ਭੁਗਤੇ ਜਾਣਗੇ। ਇਸ ਮੌਕੇ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਮੂਹ ਸਟਾਫ ਸ਼ਾਮਿਲ ਸੀ। ਅੰਤ ਵਿੱਚ ਪੈਰਾਲੀਗਲ ਵਲੰਟੀਅਰਾਂ ਵੱਲੋਂ ਨੈਸ਼ਨਲ ਲੋਕ ਅਦਾਲਤ ਦੇ ਪੈਂਫਲਿਟ ਵੀ ਵੰਡੇ ਗਏ।