- 80 ਪ੍ਰਤੀਸ਼ਤ ਤੱਕ ਵੋਟਿੰਗ ਟੀਚੇ ਨੂੰ ਹਾਸਲ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਦਿੱਤੀ ਜਾ ਰਹੀ ਹੈ ਵਿਸ਼ੇਸ਼ ਤਵੱਜੋਂ
ਨਵਾਂਸ਼ਹਿਰ, 17 ਮਾਰਚ : ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਸਬੰਧੀ ਸਮਾਂ ਸਾਰਨੀ ਜਾਰੀ ਕਰਨ ਦੇ ਨਾਲ ਹੀ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 4 ਲੱਖ 93 ਹਜ਼ਾਰ 282 ਯੋਗ ਵੋਟਰ ਹਨ, ਜਿੰਨ੍ਹਾਂ ਵਿਚੋਂ 2 ਲੱਖ 55 ਹਜ਼ਾਰ 545 ਪੁਰਸ਼ ਵੋਟਰ ਅਤੇ 2 ਲੱਖ 37 ਹਜ਼ਾਰ 718 ਮਹਿਲਾਵਾਂ ਵੋਟਰ ਅਤੇ ਥਰਡਜੈਂਡਰ ਦੇ 19 ਵੋਟਰ ਹਨ। ਇਸ ਤੋਂ ਇਲਾਵਾ 18 ਤੋਂ 19 ਸਾਲ ਦੀ ਉਮਰ ਦੇ 13 ਹਜ਼ਾਰ 311 ਵੋਟਰ, ਪੀ.ਡਬਲਿਯੂ.ਡੀ ਵੋਟਰਾਂ ਦੀ ਸੰਖਿਆ 5113, 85 ਸਾਲ ਤੋਂ ਵੱਧ ਉਮਰ ਦੇ 4559 ਅਤੇ 1298 ਸਰਵਿਸ ਵੋਟਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 615 ਪੋਲਿੰਗ ਬੂਥ ਬਣਾਏ ਹਨ, ਹਲਕਾ ਬੰਗਾ ‘ਚ 201, ਨਵਾਂਸ਼ਹਿਰ ‘ਚ 217 ਅਤੇ ਬਲਾਚੌਰ ‘ਚ 197 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ 170 ਪੋਲਿੰਗ ਬੂਥ ਸਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 3 ਪਿੰਕ, 1 ਪੀ.ਡਬਲਿਯੂ.ਡੀ ਅਤੇ 30 ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਾਰ 70 ਪ੍ਰਤੀਸ਼ਤ ਤੋਂ ਵੱਧ 80 ਪ੍ਰਤੀਸ਼ਤ ਤੱਕ ਵੋਟਿੰਗ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਲਈ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਵੋਟਾਂ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਜਿੱਥੇ 1950 ਨੰਬਰ ਜਾਰੀ ਕੀਤਾ ਗਿਆ ਹੈ, ਉਥੇ ਸੀ.ਵਿਜਲ ਐਪ ਅਤੇ ਈ.ਐਸ.ਐਮ.ਐਸ ਡਿਜੀਟਲ ਐਪ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਸਰਕਾਰੀ ਜਾਇਦਾਦਾਂ ਤੋਂ ਵਾਲ ਪੇਂਟਿੰਗਾਂ, ਪੋਸਟਰ/ਪੇਪਰਜ ਜਾਂ ਹੋਰ ਜਿਵੇਂ ਕਟਆਊਟ/ਹੋਰਡਿੰਗਜ਼/ਬੈਨਰ/ਫਲੈਗਜ਼ ਆਦਿ ਨੂੰ ਉਤਰਾਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਬਣਾਈਆਂ ਗਈਆਂ ਸਾਰੀਆਂ ਟੀਮਾਂ ਜਿਵੇਂ ਆਦਰਸ਼ ਚੋਣ ਜਾਬਤਾ, ਚੋਣ ਖ਼ਰਚਾ ਨਿਗਰਾਨ, ਨਕਦੀ ਦੇ ਲੈਣ-ਦੇਣ, ਪੇਡ ਨਿਊਜ ਦੀ ਨਜ਼ਰਸਾਨੀ ਲਈ ਐਮ.ਸੀ.ਐਮ.ਸੀ. ਅਤੇ ਸ਼ਿਕਾਇਤ ਨਿਵਾਰਣ ਕਮੇਟੀਆਂ ਨੂੰ ਤੁਰੰਤ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇੱਕ ਬਟਾਲੀਨ ਤਾਇਨਾਤ ਕਰ ਦਿੱਤੀ ਗਈ ਅਤੇ ਐਸ.ਐਸ.ਪੀ. ਸਾਹਿਬ ਦੀ ਨਿਗਰਾਨੀ ਹੇਠ ਸੁਰੱਖਿਆ ਸਬੰਧੀ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ‘ਤੇ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਹਰੇਕ ਦੇ ਆਉਣ-ਜਾਉਣ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।