- ਕੈਦੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦੇ ਹੱਲ ਲਈ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 23 ਅਕਤੂਬਰ : ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਵੱਲੋਂ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਉਨ੍ਹਾਂ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੀ ਸਿਹਤ ਪੱਖੋਂ ਜਾਣਕਾਰੀ ਲਈ। ਇਸ ਤੋਂ ਇਲਾਵਾ ਉਨ੍ਹਾਂ ਕੇਂਦਰੀ ਜੇਲ੍ਹ ਦੇ ਰਜਿਸਟਰ ਵੀ ਚੈੱਕ ਕੀਤੇ। ਇਸੇ ਤਰ੍ਹਾਂ ਜੇਲ੍ਹ ਵਿਚ ਬੰਦ ਮਹਿਲਾ ਕੈਦੀਆਂ ਦੀਆਂ ਬੈਰਕਾਂ ਦਾ ਵੀ ਜਾਇਜ਼ਾ ਲਿਆ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਜੇਲ੍ਹ ਸੁਪਰਡੈਂਟ ਨੂੰ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ 18 ਸਤੰਬਰ 2023 ਤੋਂ 20 ਨਵੰਬਰ 2023 ਤੱਕ ਚਲਾਈ ਜਾ ਰਹੀ ‘ਅੰਡਰ ਟ੍ਰਾਇਲ ਰਿਵੀਊ ਕਮੇਟੀ ਸਪੈਸ਼ਲ ਕੰਪੇਨ-2023’ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜੇਲ੍ਹ ਸੁਪਰਡੈਂਟ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਅਤੇ ਕਿਹਾ ਕਿ ਇਸ ਮੁਹਿੰਮ ਅਧੀਨ ਹਵਾਲਾਤੀਆਂ ਅਤੇ ਕੈਦੀਆਂ ਦੇ ਕੇਸਾਂ ਦਾ ਡਾਟਾ ਸਮੇਂ ਸਿਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤਾ ਜਾਵੇ, ਤਾਂ ਜੋ ਹਵਾਲਾਤੀਆਂ ਦੇ ਕੇਸਾਂ ਵਿਚ ਜ਼ਮਾਨਤ ’ਤੇ ਰਿਹਾਅ ਕਰਨ ਲਈ ਸਬੰਧਤ ਅਦਾਲਤਾਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਜਾ ਸਕੇ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਸ ਮੌਕੇ ਜੇਲ੍ਹ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਦਿੰਦਿਆਂ ਫੈਲ ਰਹੇ ਡੇਂਗੂ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕਰਵਾਉਣ ਅਤੇ ਅੱਖਾਂ ਦੇ ਵਾਇਰਸ ਤੋਂ ਬਚਾਅ ਲਈ ਕੈਦੀਆਂ ਦੀਆਂ ਸਮੇਂ-ਸਮੇਂ ’ਤੇ ਅੱਖਾਂ ਦੀ ਜਾਂਚ ਕਰਵਾ ਕੇ ਦਵਾਈਆਂ ਮੁਹੱਈਆ ਕਰਵਾਉਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਰਸੋਈ (ਲੰਗਰ ਹਾਲ) ਵਿਚ ਬਣਾਏ ਗਏ ਖਾਣੇ ਦਾ ਜਾਇਜ਼ਾ ਵੀ ਲਿਆ। ਇਸੇ ਤਰ੍ਹਾਂ ਉਨ੍ਹਾਂ ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ ਅਤੇ ਸਬ-ਡਵੀਜ਼ਨ ਪੱਧਰ ’ਤੇ 9 ਦਸੰਬਰ 2023 ਨੂੰ ਲਗਾਈ ਜਾਣ ਵਾਲੀ ਰਾਸ਼ਟਰੀਲੋਕ ਅਦਾਲਤ ਸਬੰਧੀ ਜਾਣਕਾਰੀ ਵੀ ਦਿੱਤੀ।