- ਮਸ਼ਾਲ ਮਾਰਚ ਨਵਾਂਸ਼ਹਿਰ ਬੱਸ ਸਟੈਂਡ, ਚੰਡਗੜ੍ਹ ਚੌਂਕ, ਬਲਾਚੌਰ ਤੋਂ ਹੁੰਦੀ ਹੋਈ ਰੂਪਨਗਰ ਲਈ ਹੋਈ ਰਵਾਨਾ
ਨਵਾਂਸ਼ਹਿਰ, 28 ਅਗਸਤ : ਪੰਜਾਬ ਸਰਕਾਰ ਵਲੋਂ ਜ਼ਮੀਨੀ ਪੱਧਰ ’ਤੇ ਖੇਡ ਸੱਭਿਆਚਾਰ ਪੈਦਾ ਕਰਕੇ ਉਭਰਦੇ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੀ ਮਸ਼ਾਲ ਅੱਜ ਖਟਕੜ ਕਲਾਂ ਵਿਖੇ ਪੁੱਜੀ। ਆਦਮਪੁਰ ਤੋਂ ਹੁੰਦੇ ਹੋਏ ਖਟਕੜ ਕਲਾਂ ਵਿਖੇ ਮਸ਼ਾਲ ਦਾ ਸਵਾਗਤ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਐਸ.ਡੀ.ਐਮ. ਬੰਗਾ ਮਨਰੀਤ ਰਾਣਾ, ਐਸ.ਡੀ.ਐਮ. ਬਲਾਚੌਰ ਵਿਕਰਮਜੀਤ ਸਿੰਘ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਪਿਛਲੇ ਸਾਲ ਜਲੰਧਰ ਤੋਂ ਕੀਤੀ ਗਈ ਸੀ, ਜਿਸ ਨਾਲ ਸੂਬੇ ਵਿਚ ਨੌਜਵਾਨਾਂ, ਵਿਦਿਆਰਥੀਆਂ ਨੂੰ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਇਹ ਖੇਡਾਂ ਨਰੋਏ ਸਮਾਜ ਦੀ ਸਿਰਜਣਾ ਵਿਚ ਵੱਡੀ ਭੂਮਿਕਾ ਅਦਾ ਕਰਨਗੀਆਂ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚੋਂ ਵੀ ਜ਼ਿਲ੍ਹਾ ਖੇਡ ਅਫ਼ਸਰ ਵਲੋਂ ਵਧੀਆ ਖੇਡਣ ਵਾਲੇ ਖਿਡਾਰੀਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ ਜੋ ਖੇਡਾਂ ਦੇ ਵਿੱਚ ਆਪਣੇ ਜੋਹਰ ਦਿਖਾਉਣਗੇ ਅਤੇ ਵੱਧ ਤੋਂ ਵੱਧ ਖੇਡਾਂ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਨਾਲ ਚੱਲ ਰਹੇ ਨਸ਼ਾ ਮੁਕਤੀ ਮੁਹਿੰਮ ਨੂੰ ਵੀ ਹੁਲਾਰਾ ਮਿਲੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਧਿਆਨ ਖੇਡਾਂ ਵੱਲ ਲਗਾਉਣ ਦੀ ਸੇਧ ਮਿਲੇਗੀ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਤਹਿਤ ਬਲਾਕ ਪੱਧਰੀ ਖੇਡਾਂ 1 ਸਤੰਬਰ ਤੋਂ 10 ਸਤੰਬਰ 2023 ਤੱਕ ਜ਼ਿਲ੍ਹੇ ਵਿੱਚ ਵੱਖੋਂ ਵੱਖ ਥਾਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡਾਂ 16 ਸਤੰਬਰ ਤੋਂ 26 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਖੇਡਾਂ ਵਿਚ ਸ਼ਾਮਿਲ ਹੋਣ ਲਈ ਖਿਡਾਰੀਆਂ ਦੀ ਰਜਿਸਟਰੇਸ਼ਨ ਆਨਲਾਈਨ khedanwatanpunjabdia.com ਪੋਰਟਲ ’ਤੇ ਕੀਤੀ ਜਾ ਸਕਦੀ ਹੈ। ਮਸ਼ਾਲ ਮਾਰਚ ਖਟਕੜ ਕਲਾਂ ਤੋਂ ਹੁੰਦੇ ਹੋਏ ਨਵਾਂਸ਼ਹਿਰ ਬੱਸ ਸਟੈਂਡ, ਚੰਡੀਗੜ੍ਹ ਚੌਂਕ ਤੋਂ ਹੁੰਦੀ ਹੋਈ ਬਲਾਚੌਰ ਪਹੁੰਚੀ, ਜਿਥੇ ਵਿਧਾਇਕ ਸੰਤੋਸ਼ ਕਟਾਰੀਆ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਇਹ ਮਸ਼ਾਲ ਮਾਰਚ ਰੂਪਨਗਰ ਦੇ ਲਈ ਰਵਾਨਾ ਹੋ ਗਈ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਕੌਰ, ਪੰਜਾਬ ਗੁਡ ਗਵਰਨਸ ਫੈਲੋ ਸੰਜਨਾ ਸਕਸੈਨਾ, ਜ਼ਿਲ੍ਹਾ ਖੇਡ ਅਫ਼ਸਰ ਬੰਦਨਾ ਚੌਹਾਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਮੌਜੂਦ ਸਨ।