- ਕਲੱਬ ਦੇ ਵਿਕਾਸ ਕਾਰਜ ਲਈ ਆਪਣੇ ਅਖਤਿਆਰੀ ਫੰਡ ’ਚੋਂ ਦਿੱਤੀ ਸੀ 5 ਲੱਖ ਰੁਪਏ ਦੀ ਗਰਾਂਟ
- ਮਾਡਲ ਟਾਊਨ ਕਲੱਬ ’ਚ ਪੌਦੇ ਲਗਾ ਕੇ ਕਲੱਬ ਵਲੋਂ ਸ਼ੁਰੂ ਕੀਤੇ ਗਏ ਪੌਦਾ ਲਗਾਉਣ ਦੇ ਅਭਿਆਨ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 8 ਜੁਲਾਈ : 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਮਾਡਲ ਟਾਊਨ ਕਲੱਬ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਕਲੱਬ ਦੇ ਡਾਈਨਿੰਗ ਲਾਉਂਜ ਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਲੱਬ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਜਿਸ ਨਾਲ ਕਲੱਬ ਦੀ ਕਮੇਟੀ ਵਲੋਂ ਕਲੱਬ ਵਿਚ ਵਿਕਾਸ ਕਾਰਜ ਕਰਵਾੲ ਗਏ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮਾਡਲ ਟਾਊਨ ਕਲੱਬ ਸ਼ਹਿਰ ਦੇ ਉਘੇ ਕਲੱਬਾਂ ਵਿਚੋਂ ਇਕ ਹੈ ਜੋ ਕਿ ਸਮੇਂ-ਸਮੇਂ ਆਪਣੀ ਸਮਾਜਿਕ ਜ਼ਿੰਮੇਵਾਰੀਆਂ ਦਾ ਬਾਖੂਬੀ ਭੂਮਿਕਾ ਅਦਾ ਕਰਦਾ ਹੈ। ਇਸ ਦੌਰਾਨ ਉਨ੍ਹਾਂ ਕਲੱਬ ਦੇ ਵਿਹੜੇ ਵਿਚ ਪੌਦੇ ਲਗਾ ਕੇ ਸੋਨਾਲੀਕਾ ਦੇ ਸਹਿਯੋਗ ਨਾਲ ਕਲੱਬ ਦੇ ਮੈਂਬਰਾਂ ਵਲੋਂ ਸ਼ੁਰੂ ਕੀਤੇ ਗਏ ਵਾਤਾਵਰਣ ਸੁਰੱਖਿਆ ਪ੍ਰੋਗਰਾਮ ਦੀ ਵੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਾਫ-ਸੁਥਰਾ ਵਾਤਾਵਰਣ ਰੱਖਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਮਾਨਸੂਨ ਮੌਸਮ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜਿਕ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ। ਉਨ੍ਹਾਂ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਕਲੱਬ ਦੇ ਵਿਕਾਸ ਵਿਚ ਯੋਗਦਾਨ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੀ ਪੌਦੇ ਲਗਾਉਣ ਦਾ ਅਭਿਆਨ ਚਲਾਇਆ ਗਿਆ ਹੈ, ਤਾਂ ਜੋ ਅਸੀਂ ਲੋਕਾਂ ਨੂੰ ਇਕ ਸਾਫ਼-ਸੁਥਰਾ ਮਾਹੌਲ ਦੇ ਸਕੀਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਨਗਰ ਨਿਗਮ ਬਹੁਤ ਹੀ ਸ਼ਿਦਤ ਨਾਲ ਕੰਮ ਕਰ ਰਹੀ ਹੈ ਅਤੇ ਪੌਦੇ ਲਗਾਉਣ ਦਾ ਅਭਿਆਨ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੌਦੇ ਸਾਡੇ ਲਾਈਫ ਲਾਈਨ ਹਨ ਅਤੇ ਇਨ੍ਹਾਂ ਦੇ ਬਿਨਾ ਮਨੁੱਖੀ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ਼ਹਿਰ ਵਿਚ ਸਾਰੀਆਂ ਸਮਾਜਿਕ ਸੰਸਥਾਵਾਂ ਪੌਦੇ ਲਗਾ ਰਹੀਆਂ ਹਨ, ਜੋ ਕਿ ਸਾਡੇ ਵਾਤਾਵਰਣ ਦੇ ਲਿਹਾਜ਼ ਨਾਲ ਬਹੁਤ ਪ੍ਰਸੰਸਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਦੇਖਭਾਲ ਕਰਕੇ ਉਨ੍ਹਾਂ ਨੂੰ ਜਿੰਦਾ ਵੀ ਰੱਖਣਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਬ਼ਜ਼ੁਰਗਾਂ ਦੀ ਯਾਦ ਵਿਚ ਪੌਦੇ ਲਗਾਉਣ। ਇਸ ਤਰ੍ਹਾਂ ਪੌਦਿਆਂ ਨਾਲ ਵਿਸ਼ੇਸ਼ ਲਗਾਵ ਬਣਦਾ ਹੈ। ਇਸ ਮੌਕੇ ਸੋਨਾਲੀਕਾ ਤੋਂ ਏ.ਐਸ ਕੇ ਪੋਮਰਾ, ਕਲੱਬ ਦੇ ਪ੍ਰਧਾਨ ਪਰਮਿੰਦਰ ਚੀਮਾ, ਉਪ ਪ੍ਰਧਾਨ ਰਾਜੀਵ ਓਹਰੀ, ਜਨਰਲ ਸਕੱਤਰ ਗੁਰਪਾਲ ਸਿੰਘ, ਕਾਰਜਕਾਰੀ ਮੈਂਬਰ ਜੰਜੂਆ ਕੁਲਦੀਪ ਕੋਹਲੀ, ਏ ਕੇ ਸੇਠੀ, ਬਲਜੀਤ ਸਿੰਘ, ਡਾ. ਵਰਮਾ, ਵਿਕਾਸ ਅਗਰਵਾਲ, ਡੋਲੀ ਚੀਮਾ, ਯੋਗ ਰਾਜ ਟਕਰਾ, ਡਾ. ਬਲਵਿੰਦਰ ਸਿੰਘ, ਡਾ. ਸਵਾਤੀ (ਐਸ.ਐਮ.ਓ), ਹਰੀਸ਼ ਠਾਕੁਰ, ਮਲਕੀਅਤ ਮਹੇਰੂ, ਕਰਨਲ ਸੁਰਜੀਤ ਸਿੰਘ, ਵਿਵੇਕ ਸਾਹਨੀ, ਬਹਾਦਰ ਸਿੰਘ, ਰਚਨਾ ਕੌਰ, ਬਿੰਦਰਾ, ਕੇ ਐਲ ਖੁੱਲਰ, ਕਮਲਜੀਤ ਕਟਾਰੀਆ, ਐਡਵੋਕੇਟ ਅਮਰਜੋਤ ਸੈਣੀ ਵੀ ਮੌਜੂਦ ਸਨ।