- ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਸਿੱਖ ਇੰਪਾਇਅਰ ਸਬੰਧੀ ਲਗਾਈ ਪ੍ਰਦਰਸ਼ਨੀ ਦੇਖਣ ਦੀ ਕੀਤੀ ਅਪੀਲ
ਬੰਗਾ, ਨਵਾਂਸ਼ਹਿਰ, 16 ਅਗਸਤ, 2024 : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਮਿਊਜੀਅਮ ਤੱਕ ਹੈਰੀਟੇਜ ਸਟਰੀਟ ਬਣਾਉਣ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪੁੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਨੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਮਿਊਜੀਅਮ ਵਿਖੇ ਸਿੱਖ ਇੰਪਾਇਅਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸਿੱਖ ਇੰਪਾਇਅਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਅੰਤਰ-ਰਾਸ਼ਟਰੀ ਕਲਾਕਾਰਾਂ ਅਤੇ ਲੇਖਕਾਂ ਦੇ ਨਜ਼ਰੀਏ ਦੁਆਰਾ ਇਹ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ। ਜਿਸ ਵਿੱਚ ਇਤਿਹਾਸ ਤੇ ਸ਼ਹੀਦਾਂ ਬਾਰੇ ਜਾਣਕਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦੁਆਰਾ ਲੋਕਾਂ ਨੂੰ ਇਤਿਹਾਸ ਤੇ ਸ਼ਹੀਦਾਂ ਬਾਰੇ ਜਾਣਕਾਰੀ ਮਿਲੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਮਿਊਜ਼ੀਅਮ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਬਹੁਤ ਜਲਦੀ ਹੈਰੀਟੇਜ ਸਟਰੀਟ ਦਾ ਕੰਮ ਬੜੇ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਰੀਟੇਜ ਸਟਰੀਟ ਬਣਨ ਨਾਲ ਇੱਥੇ ਟੂਰਿਜਮ ਕਾਫ਼ੀ ਵਧੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਖ ਇੰਪਾਇਅਰ (1710-1849) ਪ੍ਰਦਰਸ਼ਨੀ 15 ਅਗਸਤ ਤੋਂ 16 ਅਗਸਤ 2024 ਤੱਕ ਦੋ ਦਿਨਾਂ ਲਈ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਮਿਊਜੀਅਮ ਵਿੱਚ ਲਗਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਪ੍ਰਦਰਸ਼ਨੀ ਜ਼ਰੂਰ ਦੇਖਣ ਅਤੇ ਆਪਣੇ ਇਤਿਹਾਸ ਤੇ ਸ਼ਹੀਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ। ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਯਾਦਗਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਐਸ.ਐਸ.ਪੀ. ਡਾ. ਮਹਿਤਾਬ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਾਗਰ ਸੇਤੀਆ, ਐਸ.ਡੀ.ਐਮ. ਬੰਗਾ ਵਿਕਰਮਜੀਤ ਸਿੰਘ ਪਾਂਥੇ, ਗੁੱਡ ਗਵਰਨਸ ਫੈਲੋ ਅਸ਼ਮੀਤਾ ਪਰਮਾਰ, ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਆਦਿ ਹਾਜ਼ਰ ਸਨ।