ਹੁਸ਼ਿਆਰਪੁਰ, 26 ਅਗਸਤ 2024 : ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿੱਚ ਐਨਆਰਆਈ ਨੌਜਵਾਨ ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰਨ ਦੇ ਇਲਜ਼ਾਮਾਂ ਹੇਠ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਇਹਨਾਂ ਤਿੰਨਾਂ ਗੈਂਗਸਟਰਾਂ ਦੀ ਗਿਰਫਤਾਰੀ ਹੁਸ਼ਿਆਰਪੁਰ ਤੋਂ ਕੀਤੀ ਗਈ ਹੈ। ਗੋਲੀਕਾਂਡ ਦੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਲਗਾਤਾਰ ਅਪਰਾਧੀਆਂ ਨੂੰ ਫੜਨ ਲਈ ਜਾਲ ਵਿਛਾ ਰਹੀ ਸੀ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੀ ਇੱਕ ਧਰਮਸ਼ਾਲਾ ਤੋਂ ਇਹਨਾਂ ਬਦਮਾਸ਼ਾਂ ਨੂੰ ਘੇਰਾ ਪਾ ਕੇ ਗ੍ਰਿਫਤਾਰ ਕੀਤਾ ਗਿਆ ਹੈ। ਹੋਸ਼ਿਆਰਪੁਰ ਅਤੇ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਹਾਸਿਲ ਕੀਤੀ ਗਈ ਹੈ। ਹਾਲਾਂਕਿ ਇਹ ਜਾਣਕਾਰੀ ਅਜੇ ਪੂਰੀ ਤਰ੍ਹਾਂ ਨਹੀਂ ਮਿਲ ਸਕੀ ਹੈ ਕਿ ਪਿਛਲੇ ਕਿੰਨੇ ਦਿਨਾਂ ਤੋਂ ਇਹ ਅਪਰਾਧੀ ਹੁਸ਼ਿਆਰਪੁਰ ਦੀ ਇਸ ਧਰਮਸ਼ਾਲਾ ਦੇ ਵਿੱਚ ਰਹਿ ਰਹੇ ਸਨ। ਪਰ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਿਕ ਪਿਛਲੇ ਇੱਕ ਦੋ ਦਿਨਾਂ ਤੋਂ ਇਹਨਾਂ ਨੇ ਇਸ ਧਰਮਸ਼ਾਲਾ ਨੂੰ ਆਪਣੀ ਰਿਹਾਇਸ਼ ਬਣਾਇਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਹ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਤੇ ਕਿਤੇ ਨਾ ਕਿਤੇ ਪੁਲਿਸ ਦੇ ਉੱਪਰ ਵੀ ਇਸ ਨੂੰ ਲੈ ਕੇ ਦਬਾਅ ਬਣਿਆ ਹੋਇਆ ਸੀ। ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਇਹ ਮਾਮਲਾ ਸਿਆਸੀ ਰੰਗਤ ਲੈਂਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਐਨਆਰਆਈ ‘ਤੇ ਗੋਲੀਕਾਂਡ ਦੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲਿਸ ਤੇ ਸਵਾਲ ਚੁੱਕੇ ਜਾ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਅੰਮ੍ਰਿਤਸਰ ਦੇ ਦਬੁਰਜੀ ਕਸਬੇ ਦੇ ਵਿੱਚ ਇੱਕ ਐਨਆਰਆਈ ਨੌਜਵਾਨ ਸੁਖਚੈਨ ਸਿੰਘ ਉੱਪਰ ਦੋ ਨੌਜਵਾਨਾਂ ਵੱਲੋਂ ਉਸਦੇ ਘਰ ਦੇ ਅੰਦਰ ਵੜ ਕੇ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਨੌਜਵਾਨ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਇਸ ਵਾਰਦਾਤ ਤੋਂ ਬਾਅਦ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਨਾਂ ਦੇ ਵਿੱਚ ਪੀੜਿਤ ਐਨਆਰਆਈ ਨੌਜਵਾਨ ਦੀ ਪਹਿਲੀ ਪਤਨੀ ਦਾ ਪਿਤਾ ਵੀ ਗ੍ਰਿਫਤਾਰ ਕੀਤਾ ਗਿਆ ਸੀ। ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਦੀ ਮ੍ਰਿਤਕ ਪਤਨੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹਨਾਂ ਪੰਜ ਮੁਲਜ਼ਮਾਂ ਦੀ ਗਿਰਫਤਾਰੀ ਤੋਂ ਬਾਅਦ ਪੁਲਿਸ ਲਗਾਤਾਰ ਗੋਲੀਆਂ ਚਲਾਉਣ ਵਾਲੇ ਦੋ ਨੌਜਵਾਨਾਂ ਦੀ ਭਾਲ ਕਰ ਰਹੀ ਸੀ, ਤੇ ਅੱਜ ਹੁਸ਼ਿਆਰਪੁਰ ਦੀ ਇਕ ਧਰਮਸ਼ਾਲਾ ਤੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤਿੰਨਾਂ ਗੈਂਗਸਟਰਾਂ ਦੇ ਵਿੱਚ ਦੋ ਉਹ ਮੁਲਜ਼ਮ ਵੀ ਸ਼ਾਮਿਲ ਨੇ ਜਿਨਾਂ ਨੇ ਨੌਜਵਾਨ ਤੇ ਗੋਲੀਆਂ ਚਲਾ ਕੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਸੀ।