- ਡਿਪਟੀ ਕਮਿਸ਼ਨਰ ਨੇ 7 ਉਦਯੋਗਿਕ ਇਕਾਈਆਂ ਨੂੰ ਇਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ ਕੀਤੇ ਜਾਰੀ
ਹੁਸ਼ਿਆਰਪੁਰ, 26 ਜੂਨ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸੋਮਵਾਰ ਨੂੰ ਜੂਨ ਮਹੀਨੇ ਵਿਚ ਪੰਜਾਬ ਰਾਈਟ ਟੂ ਬਿਜਨੈਸ ਐਕਟ-2020 ਤਹਿਤ ਜ਼ਿਲ੍ਹੇ ਦੀਆਂ 7 ਉਦਯੋਗਿਕ ਇਕਾਈਆਂ ਨੂੰ ਇਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ ਜਾਰੀ ਕਰਨ ਦੀ ਮਨਜ਼ੂਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਰਾਹਤ ਦੇਣ ਲਈ ਅਨੇਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਲਬੱਧੀਆਂ ਤਹਿਤ ਪੰਜਾਬ ਸਰਕਾਰ ਵਲੋਂ ਬਿਜਨੈਸ ਫਸਟ ਪੋਰਟਲ ਰਾਹੀਂ ਸਿੰਗਲ ਵਿੰਡੋ ਸਿਸਟਮ ਚਲਾਇਆ ਜਾ ਰਿਹਾ ਹੈ। ਇਸ ਪੋਰਟਲ ਰਾਹੀਂ ਉਦਯੋਗਿਕ ਇਕਾਈਆਂ ਵਲੋਂ ਰੈਗੂਲਰੀ ਕਲੀਅਰੈਂਸ ਅਤੇ ਸਰਵਿਸਜ਼ ਪ੍ਰਾਪਤ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਤਹਿਤ ਜੋ ਨਵੀਂ ਉਦਯੋਗਿਕ ਇਕਾਈਆਂ ਜ਼ਿਲ੍ਹੇ ਦੇ ਅਪਰੂਵਡ ਇੰਡਸਟਰੀਅਲ ਏਰੀਆ ਤੋਂ ਬਾਹਰ ਆਪਣੀ ਇਕਾਈ ਸਥਾਪਿਤ ਕਰੇਗੀ, ਉਨ੍ਹਾਂ ਨੂੰ 15 ਦਿਨ ਦੇ ਅੰਦਰ-ਅੰਦਰ ਅਤੇ ਜੋ ਉਦਯੋਗਿਕ ਇਕਾਈ ਅਪਰੂਵਡ ਇੰਡਸਟਰੀਅਲ ਪਾਰਕ ਵਿਚ ਲੱਗੇਗੀ, ਉਨ੍ਹਾਂ ਨੂੰ 3 ਦਿਨਾਂ ਦੇ ਅੰਦਰ-ਅੰਦਰ ਇਨ ਪ੍ਰਿੰਸੀਪਲ ਅਪਰੂਵਲ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ ਪ੍ਰਿੰਸੀਪਲ ਅਪਰੂਵਲ ਪ੍ਰਾਪਤ ਕਰਨ ਲਈ ਉਸ ਨੂੰ 3 ਸਾਲ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ। ਇਨ ਪ੍ਰਿੰਸੀਪਲ ਅਪਰੂਵਲ ਲੈਣ ਲਈ ਇਕਾਈ ਨੂੰ ਪੰਜਾਬ ਬਿਜਨੈਸ ਫਸਟ ਪੋਰਟਲ ’ਤੇ ਆਨਲਾਈਨ ਅਪਲਾਈ ਕਰਨਾ ਹੁੰਦਾ ਹੈ। ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਸਾਲ 2022-23 ਤੋਂ ਹੁਣ ਤੱਕ ਜ਼ਿਲ੍ਹੇ ਵਿਚ ਨਿਵੇਸ਼ ਕਰਨ ਲਈ ਆਨਲਾਈਨ ਪੋਰਟਲ ਰਾਹੀਂ 112 ਨਿਵੇਸ਼ਕਾਂ ਵਲੋਂ 1130 ਕਰੋੜ ਰੁਪਏ ਦੇ ਨਿਵੇਸ਼ ਦਾ ਪ੍ਰਸਤਾਵ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਇਕਾਈਆਂ ਨੂੰ ਸਾਲ 2022-23 ਦੌਰਾਨ ਇਸ ਪੋਰਟਲ ਰਾਹੀਂ ਜ਼ਿਲ੍ਹੇ ਵਿਚ 132 ਇਕਾਈਆਂ ਨੂੰ ਰੈਗੂਲੇਟਰੀ ਕਲੀਅਰੈਂਸ ਮੁਹੱਈਆ ਕਰਵਾਈ ਗਈ ਹੈ ਅਤੇ ਵੱਖ-ਵੱਖ ਇਕਾਈਆਂ ਤੇ ਇੰਟਰਪ੍ਰਾਈਜ਼ਿਜ਼ ਨੂੰ 1072 ਸਰਵਿਸਜ਼ ਮੁਹੱਈਆ ਕਰਵਾਈ ਗਈ ਹੈ, ਜਿਸ ਵਿਚ ਰਜਿਸਟਰੇਸ਼ਨ ਆਫ਼ ਸ਼ਾਪ ਇਸਟੈਬਲਿਸ਼ਮੈਂਟ, ਬੁਆਇਲਰ ਰਿਨਿਊ, ਫਾਇਰ ਐਨ.ਓ.ਸੀ, ਸੋਸਾਇਟੀ ਰਜਿਸਟਰੇਸ਼ਨ, ਇਨ ਪ੍ਰਿੰਸੀਪਲ ਅਪਰੂਵਲ, ਟੈਲੀਕਾਮ ਟਾਵਰਾਂ ਸਬੰਧੀ ਮਨਜ਼ੂਰੀ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਉਦਯੋਗਿਕ ਨਿਵੇਸ਼ ਨੂੰ ਅਕਰਸ਼ਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਦਮੀਆਂ ਨੂੰ ਇਕ ਸਹਾਇਕ ਤੇ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ।