- ਕੈਬਨਿਟ ਮੰਤਰੀ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ’ਚ ਵਣ ਮਹਾਉਤਸਵ ਦੌਰਾਨ ਪੌਦੇ ਲਗਾਏ
ਹੁਸ਼ਿਆਰਪੁਰ, 15 ਜੁਲਾਈ 2024 : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਣ ਚੇਤਨਾ ਪਾਰਕ ਬੱਸੀ ਪੁਰਾਣੀ ਵਿਚ ਆਯੋਜਿਤ ਵਣ ਮਹਾਉਤਸਵ ਦੌਰਾਨ ਪੌਦੇ ਲਗਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿਚ ਵੱਧ ਤੋਂ ਵੱਧ ਪੌਦੇ ਲਗਾਉਣ ਨੂੰ ਲੈ ਕੇ ਵਿਸ਼ੇਸ਼ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਚ 38 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜੋ ਕਿ ਲੋਕਾਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸੀ. ਐਫ. ਨਾਰਥ ਡਾ. ਸੰਜੀਵ ਕੁਮਾਰ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡੀ.ਐਫ.ਓ ਨਲਿਨ ਯਾਦਵ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਇਸ ਦੌਰਾਨ ਗ੍ਰਾਮ ਪੰਚਾਇਤ ਬੱਸੀ ਪੁਰਾਣੀ ਦਾ ਧੰਨਵਾਦ ਕੀਤਾ, ਜਿਸ ਨੇ ਵਣ ਚੇਤਨਾ ਪਾਰਕ ਦੇ ਨਿਰਮਾਣ ਵਿਚ ਆਪਣਾ ਪੂਰਨ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਹਮੇਸ਼ਾ ਹੀ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਲਾਗੂ ਕਰਵਾਉਣ ਵਿਚ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ। ਇਸ ਦੌਰਾਨ ਸਕੂਲ ਦੇ ਬੱਚਿਆਂ ਤੋਂ ਪੌਦੇ ਲਗਵਾਉਂਦੇ ਹੋਏ ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਵਿਦਿਆਰਥੀਆਂ ਨੂੰ ਵਣ ਚੇਤਨਾ ਪਾਰਕ ਵਿਚ ਬਣੇ ਨੇਚਰ ਇੰਟਰਪ੍ਰਿਟੇਸ਼ਨ ਸੈਂਟਰ ਦਾ ਦੌਰਾ ਵੀ ਕਰਵਾਇਆ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖਭਾਲ ਕਰਕੇ ਉਨ੍ਹਾਂ ਨੂੰ ਜਿਊਂਦਾ ਵੀ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਵਾਤਾਵਰਨ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਵਣ ਖੇਤਰ ਦਾ ਘੱਟ ਹੋਣਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਲੋੜ ਹੈ, ਕਿਉਂਕਿ ਰੁੱਖਾਂ ਨਾਲ ਵਾਤਾਵਰਨ ਸੰਤੁਲਨ ਬਣਿਆ ਰਹਿੰਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਅੱਜ ਦੇ ਵਿਸ਼ੇਸ਼ ਦਿਨ ਅਸੀਂ ਲੋਕਾਂ ਤੱਕ ਸੰਦੇਸ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਰਿਆਲੀ ਲਈ ਪੌਦੇ ਲਗਾਉਣਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਬਜ਼ੁਰਗਾਂ ਦੀ ਯਾਦ ਵਿਚ ਪੌਦੇ ਲਗਾਉਣ। ਇਸ ਨਾਲ ਪੌਦੇ ਦੇ ਨਾਲ ਵਿਸ਼ੇਸ਼ ਲਗਾਅ ਬਣਦਾ ਹੈ। ਉਨ੍ਹਾਂ ਕਿਹਾ ਕਿ ਉਹ ਪੌਦੇ ਲਗਾਉਣ ਤੋਂ ਬਾਅਦ ਘੱਟ ਤੋਂ ਘੱਟ ਤਿੰਨ ਜਾਂ ਚਾਰ ਸਾਲ ਪੌਦੇ ਦੀ ਦੇਖਭਾਲ ਵੀ ਜ਼ਰੂਰ ਕਰਨ। ਇਸ ਦੌਰਾਨ ਕੈਬਨਿਟ ਮੰਤਰੀ ਨੇ ਵਣ ਵਿਭਾਗ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਡਿਪਟੀ ਡੀ.ਈ.ਓ (ਸ) ਧੀਰਜ ਵਸ਼ਿਸ਼ਟ, ਡਿਪਟੀ ਡੀ.ਈ.ਓ (ਅ) ਸੁਖਵਿੰਦਰ ਸਿੰਘ, ਰੇਂਜ ਅਫ਼ਸਰ ਜਤਿੰਦਰ ਸਿੰਘ, ਪ੍ਰੀਤਪਾਲ, ਰਾਜਨ ਸੈਣੀ, ਵਿਸ਼ਾਲ ਮੋਨੂੰ, ਮਦਨ ਲਾਲ, ਬਿਮਲ ਤਲਵਾੜ, ਸ਼ਰੀਫ, ਵਰਿੰਦਰ ਵੈਦ, ਸੁਮੇਸ਼ ਸੈਣੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।