ਚੰਡੀਗੜ੍ਹ, 28 ਨਵੰਬਰ 2024 : ਪੰਜਾਬ ਭਰ ਦੇ ਤਹਿਸੀਲਦਾਰਾਂ ਵਲੋਂ ਅੱਜ ਸਮੂਹਿਕ ਹੜਤਾਲ ਕੀਤੀ ਗਈ ਹੈ। ਦੱਸ ਦੇਈਏ ਕਿ ਪੰਜਾਬ ਰੈਵੇਨਿਊ ਅਫ਼ਸਰ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਬੀਤੇ ਦਿਨੀ ਬਰਨਾਲਾ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਰਜਿਸਟਰੀ ਬਦਲੇ 20 ਹਜ਼ਾਰ ਦੀ ਰਿਸ਼ਵਤ ਦੇ ਇਲਜ਼ਾਮ ਲੱਗੇ ਸਨ। ਇਸ ਦੇ ਵਿਰੋਧ ‘ਚ ਪੰਜਾਬ ਭਰ ’ਚ ਤਾਇਨਾਤ ਤਹਿਸੀਲਦਾਰ, ਸਬ-ਰਜਿਸਟਰਾਰ, ਨਾਇਬ-ਤਹਿਸੀਲਦਾਰਾਂ ਨੇ ਅੱਜ ਸਮੂਹਿਕ ਹੜਤਾਲ ਦਾ ਐਲਾਨ ਕੀਤਾ ਅਤੇ ਵਿਜੀਲੈਂਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤਹਿਸੀਲਦਾਰ ਖਿਲਾਫ ਕੀਤਾ ਗਿਆ ਪਰਚਾ ਰੱਦ ਨਹੀਂ ਕੀਤਾ ਗਿਆ ਤਾਂ ਰੈਵਨਿਊ ਅਫਸਰਾਂ ਵਲੋਂ ਪੰਜਾਬ ਪੱਧਰ ’ਤੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਯੂਨੀਅਨ ਵੱਲੋਂ ਆਪਣੇ ਪ੍ਰਧਾਨ ਦੇ ਹੱਕ ਵਿਚ ਮੀਟਿੰਗ ਕਰਦਿਆਂ ਇਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰੀ ਦੇ ਰੋਸ ਵਿੱਚ ਸੂਬੇ ਭਰ ਦੇ ਮਾਲ ਅਧਿਕਾਰੀ ( ਜ਼ਿਲ੍ਹਾ ਮਾਲ ਅਫ਼ਸਰ, ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ) 28 ਨਵੰਬਰ ਨੂੰ ਸਮੂਹਿਕ ਛੁੱਟੀ ’ਤੇ ਜਾਣਗੇ। ਇਸ ਤੋਂ ਸਾਫ ਹੈ ਕਿ ਵੀਰਵਾਰ ਨੂੰ ਤਹਿਸੀਲਾਂ ਵਿੱਚ ਕੋਈ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਬ-ਰਜਿਸਟਰਾਰ ਅਤੇ ਜੁਆਇੰਟ ਸਬ-ਰਜਿਸਟਰਾਰ ਦਫਤਰਾਂ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਵੀ ਨਹੀਂ ਹੋਣਗੀਆਂ। ਜਾਰੀ ਪੱਤਰ ਅਨੁਸਾਰ ਯੂਨੀਅਨ ਵੱਲੋਂ ਡੀਐੱਸਪੀ ਵਿਜੀਲੈਂਸ ਬਰਨਾਲਾ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੂੰ ਅਮਰੀਕ ਸਿੰਘ ਵਾਸੀ ਟੱਲੇਵਾਲ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਤਪਾ ਤਹਿਸੀਲ ਵਿੱਚ 2 ਕਨਾਲ 4 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਸੀ ਪਰ ਤਹਿਸੀਲਦਾਰ ਸੁਖਚਰਨ ਸਿੰਘ, ਰਜਿਸਟਰੀ ਕਰਨ ਵਿੱਚ ਟਾਲਮਟੋਲ ਕਰਕੇ, ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਖਿਰ ਅਮਰੀਕ ਸਿੰਘ ਨੇ ਇਹ ਮਾਮਲਾ ਵਿਜੀਲੈਂਸ ਦੇ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਜਿਵੇਂ ਹੀ ਤਹਿਸੀਲਦਾਰ ਸੁਖਚਰਨ ਸਿੰਘ ਨੇ ਸ਼ਿਕਾਇਤਕਰਤਾ ਅਮਰੀਕ ਸਿੰਘ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਰਾਸ਼ੀ ਫੜ੍ਹੀ ਤਾਂ ਪਹਿਲਾਂ ਤੋਂ ਘਾਤ ਲਾਈ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਤਹਿਸੀਲਦਾਰ ਨੂੰ ਰਿਸ਼ਵਤ ਦੀ ਰਾਸ਼ੀ ਸਣੇ ਗ੍ਰਿਫਤਾਰ ਕਰ ਲਿਆ।