ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ (ਫ਼ਿਰੋਜ਼ਪੁਰ ) ਵਿਖੇ 4 ਵੈਸਾਖ 1561 ਬਿਕਰਮੀ ( 18 ਅਪ੍ਰੈਲ 1504 ਈਸਵੀ ) ਨੂੰ ਬਾਬਾ ਫੇਰੂਮੱਲ ਦੇ ਗ੍ਰਹਿ ਵਿਖੇ ਮਾਤਾ ਦਯਾ ਕੌਰ ਜੀ ਦੀ ਕੁੱਖੋਂ ਹੋਇਆ । ਆਪ ਜੀ ਸੱਤ ਭਰਾ ਅਤੇ ਇੱਕ ਭੈਣ ਬੀਬੀ ਵਰਾਈ ਸੀ ਜੋ ਖੰਡੂਰ ਸਾਹਿਬ ਵਿਖੇ ਚੌਧਰੀ ਨੂੰ ਵਿਆਹੀ ਹੋਈ ਸੀ । ਆਪ ਦਾ ਬਚਪਨ ਦਾ ਨਾਂ ਲਹਿਣਾ ਸੀ । ਆਪ ਦੀ ਸਾਦੀ 15 ਸਾਲਾਂ ਦੀ ਆਯੂ ਵਿੱਚ ਦੇਵੀ ਚੰਦ ਦੀ ਸਪੁੱਤਰੀ ਮਾਤਾ ਖੀਵੀ ਨਾਲ 1519 ਈਸਵੀ ਨੂੰ ਪਿੰਡ ਸੰਘਰ ਨੇੜੇ ਖੰਡੂਰ ਸਾਹਿਬ ਵਿਖੇ ਹੋਈ । ਪਿਤਾ ਨੇ ਬਾਲ ਲਹਿਣੇ ਦਾ ਪਾਲਣ – ਪੋਸ਼ਣ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਸੀ । ਪਿਤਾ ਵੱਲੋਂ ਪੜ੍ਹਾਈ ਕਰਨ ਸਮੇ ਉੱਨ੍ਹਾਂ ਨੂੰ ਫ਼ਾਰਸੀ ਭਾਸ਼ਾ ਦਾ ਗਿਆਨ ਦਿਵਾਉਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ । ਆਪ ਜੀ ਚੌਧਰੀ ਤਖਤ ਪਾਸ ਮੁਨਸ਼ੀ ਦੀ ਨੌਕਰੀ ਕਰਦੇ ਸਨ । ਪਰ ਕਿਸੇ ਗੱਲੋਂ ਚੌਧਰੀ ਨਾਲ ਮੱਤ-ਭੇਦ ਹੋ ਜਾਣ ਕਾਰਨ ਆਪ ਜੀ ਨੇ ਮੁਨਸ਼ੀ ਦੀ ਨੌਕਰੀ ਛੱਡ ਦਿੱਤੀ ਅਤੇ ਆਪ ਆਪਣੇ ਸਹੁਰੇ ਘਰ ਪਿੰਡ ਸੰਘਰ ਵਿਖੇ ਆ ਗਏ । ਇੱਥੇ ਆਪ ਜੀ ਦੇ ਘਰ ਦੋ ਪੁੱਤਰਾਂ, ਦਾਸੂ ਅਤੇ ਦਾਤੂ ਅਤੇ ਦੋ ਧੀਆਂ, ਬੀਬੀ ਅਨੋਖੀ ਅਤੇ ਬੀਬੀ ਅਮਰੋ ਜੀ ਨੇ ਜਨਮ ਲਿਆ ।
ਆਪ ਜੀ ਦਾ ਸਾਰਾ ਪਰਿਵਾਰ ਧਾਰਮਿਕ ਪ੍ਰਵਿਰਤੀਆਂ ਵਾਲਾ ਸੀ । ਇਸੇ ਕਾਰਨ ਬਚਪਨ ਤੋਂ ਹੀ ਆਪ ਸਾਧੂ ਸੁਭਾਅ ਵਾਲੇ ਸਨ । ਆਪ ਜੀ ਦਾ ਸਮੁੱਚਾ ਪਰਿਵਾਰ ਦੁਰਗਾ ਮਾਤਾ ਦਾ ਅਨੁਯਾਈ ਸੀ ਅਤੇ ਆਪ ਦੇ ਪਿਤਾ ਹਰ ਸਾਲ ਸੰਗਤਾਂ ਨੂੰ ਲੈ ਕੇ ਮਾਤਾ ਦੇ ਦਰਸ਼ਨਾਂ ਲਈ ਲੈ ਕੇ ਜਾਇਆ ਕਰਦੇ ਸਨ । ਸੰਨ 1526 ਈਸਵੀ ਨੂੰ ਆਪ ਦੇ ਪਿਤਾ ਦੇ ਅਕਾਲ ਚਲਾਣਾ ਕਰਨ ਪਿੱਛੋਂ ਆਪ ਜੀ ਦੀ ਜ਼ੁੰਮੇਵਾਰੀ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਮਾਤਾ ਦੁਰਗਾ ਦੇ ਦਰਸ਼ਨ ਕਰਵਾਉਣ ਦੀ ਲੱਗ ਗਈ ਅਤੇ ਆਪ ਨਿਰੰਤਰ ਇਹ ਸੇਵਾ 1533 ਈਸਵੀ ਤੱਕ ਨਿਭਾਉਂਦੇ ਰਹੇ । ਇੱਕ ਵਾਰ ਮਾਤਾ ਦੇ ਦਰਸ਼ਨਾਂ ਦੀ ਯਾਤਰਾ ਸਮੇ ਆਪ ਜੀ ਦਾ ਮੇਲ ਭਈ ਜੋਧਾ ਜੀ ਨਾਲ ਹੋਇਆ । ਭਈ ਜੋਧਾ ਜੀ ਗੁਰੂ ਨਾਨਕ ਦੇਵ ਜੀ ਦੇ ਨਿਕਟਵਰਤੀ ਸਿੱਖ ਸਨ ਜੋ ਗੁਰੂ ਜੀ ਦੀ ਬਾਣੀ ਦਾ ਗਾਇਨ ਬਹੁਤ ਹੀ ਮਿੱਠੀ ਅਤੇ ਰਸ ਭੁੰਨੀ ਆਵਾਜ ਵਿੱਚ ਕਰਿਆ ਕਰਦੇ ਸਨ । ਆਪ ਜੀ ਭਾਈ ਜੋਧਾ ਜੀ ਦੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਗਾਇਨ ਸ਼ੈਲੀ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੇ ਦਿਲ ਹੀ ਦਿਲ ਵਿੱਚ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਪਾਲ ਲਈ । ਹਰ ਸਾਲ ਵਾਂਗ ਦੇਵੀ ਦੇ ਦਰਸ਼ਨਾਂ ਦੀ ਯਾਤਰਾ ਕਰਦਿਆਂ ਆਪ ਅਚਾਨਕ ਜੱਥੇ ਨਾਲ਼ੋਂ ਵਿੱਛੜਕੇ ਵੱਖ ਹੋ ਗਏ। ਕਿਉਂਕਿ ਆਪ ਜੀ ਦੇ ਦਿਲ ਵਿੱਚ ਤਾਂਘ ਤਾਂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਸੀ । ਉੱਧਰ ਗੁਰੂ ਜੀ ਆਪਣੀਆਂ ਚਾਰ ਉਦਾਸੀਆਂ ਸੰਪੂਰਨ ਕਰਨ ਉਪਰੰਤ ਆਪਣਾ ਮਗਰਲਾ ਜੀਵਨ ਗੁਜ਼ਾਰਨ ਲਈ ਕਰਤਾਰਪੁਰ ਆ ਵਸੇ । ਜੱਥੇ ਤੋਂ ਅਲੱਗ ਹੋਣ ਪਿੱਛੋਂ ਲਹਿਣਾ ਜੀ ਕਰਤਾਰਪੁਰ ਵਿਖੇ ਇੱਕ ਸਿੱਖ ਕੋਲੋਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਲਈ ਪੁੱਛਣ ਲੱਗਾ । ਉਸ ਸਿੱਖ ਨੇ ਆਪਣੇ ਘੋੜੇ ਤੋਂ ਹੇਠਾਂ ਉਤਰਦਿਆਂ ਲਹਿਣਾ ਜੀ ਨੂੰ ਆਪਣੇ ਘੋੜੇ ਉੱਪਰ ਬਿਠਾ ਲਿਆ ਅਤੇ ਘੋੜੇ ਦੀਆ ਲਗਾਮਾਂ ਫੜਕੇ ਲਹਿਣੇ ਨੂੰ ਗੁਰੂ ਜੀ ਨੂੰ ਮਿਲਾਉਣ ਲਈ ਅੱਗੇ ਪੈਦਲ ਤੁਰ ਪਏ । ਧਰਮਸ਼ਾਲਾ ਪਹੁੰਚਕੇ ਸਿੱਖ ਲਹਿਣਾ ਜੀ ਨੂੰ ਘੋੜਾ ਬੰਨਣ ਲਈ ਕਹਿਕੇ ਅੰਦਰੋਂ ਗੁਰੂ ਜੀ ਨੂੰ ਲੈ ਕੇ ਆਉਣ ਲਈ ਆਖਕੇ ਚੱਲੇ ਗਏ ਅਤੇ ਦੂਸਰੇ ਦਰਵਾਜ਼ਿਆਂ ਬਾਹਰ ਲਹਿਣਾ ਜੀ ਕੋਲ ਆ ਖਲੋਤੇ । ਲਹਿਣਾ ਜੀ ਨੇ ਗੁਰੂ ਸਾਹਿਬ ਵੱਲ ਆਦਰ ਸਿਹਤ ਸੀਸ ਝੁਕਾ ਲਿਆ । ਪਰ ਜਦੋਂ ਉਸਨੇ ਆਪਣਾ ਸੀਸ ਉਠਾ ਕੇ ਗੁਰੂ ਜੀ ਵੱਲ ਤੱਕਿਆ ਤਾਂ ਉਹਨਾਂ ਦੇ ਚਰਨੀਂ ਡਿੱਗ ਪਿਆ, ਕਿਉਂਕਿ ਉਸ ਨਾਲ ਆਏ ਉਹ ਘੋੜੇ ਵਾਲੇ ਸਿੱਖ ਹੀ ਗੁਰੂ ਜੀ ਸਨ, ਜੋ ਉਸਨੂੰ ਘੋੜੇ ਉੱਤੇ ਬਿਠਾ ਕੇ ਆਪ ਅੱਗੇ ਅੱਗੇ ਪੈਦਲ ਚੱਲਦੇ ਰਹੇ । ਲਹਿਣਾ ਜੀ ਗੁਰੂ ਜੀ ਅੱਗੇ ਭੁੱਲਾਂ ਬਖਸ਼ਾਉਣ ਲੱਗਾ । ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਸਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ । ਗੁਰੂ ਜੀ ਦੀ ਸੰਗਤ ਵਿੱਚ ਆ ਕੇ ਲਹਿਣਾ ਜੀ ਗੁਰੂ ਜੀ ਦਾ ਹੀ ਹੋ ਕੇ ਰਹਿ ਗਿਆ ਅਤੇ ਉਹਨਾਂ ਪਾਸ ਰਹਿਣ ਲੱਗ ਪਏ ।
ਕਰਤਾਰਪੁਰ ਸਾਹਿਬ ਵਿਖੇ ਰੋਜ਼ਾਨਾ ਗੁਰਬਾਣੀ ਦਾ ਨਿਰੰਤਰ ਪ੍ਰਵਾਹ ਚੱਲਦਾ ਸੀ। ਇੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਸਨ। ਲਹਿਣਾ ਜੀ ਇੱਥੇ ਗੁਰੂ ਜੀ ਦੀ ਛਤਰ ਛਾਇਆ ਹੇਠ ਰੋਜ਼ਾਨਾ ਹੱਥੀ ਕਿਰਤ ਕਰਿਆ ਕਰਦੇ ਸਨ । ਉਹ ਇੱਥੇ ਆਉਂਦੀ ਸੰਗਤ ਨੂੰ ਲੰਗਰ ਛਕਾਇਆ ਕਰਦੇ ਸਨ ਅਤੇ ਰੋਜ਼ਾਨਾ ਬਾਣੀ ਦਾ ਨਿਰੰਤਰ ਜਾਪ ਕਰਿਆ ਕਰਦੇ ਸਨ । ਭਾਈ ਲਹਿਣਾ ਜੀ ਨੇ 1532 ਤੋਂ 1539 ਤੱਕ ਤਕਰੀਬਨ ਸੱਤ ਸਾਲ ਗੁਰੂ ਨਾਨਕ ਸਾਹਿਬ ਦੀ ਅਣਥੱਕ ਸੇਵਾ ਕੀਤੀ । ਆਪ ਸਾਰਾ ਸਾਰਾ ਦਿਨ ਗੁਰੂ ਜੀ ਨਾਲ ਖੇਤਾਂ ਵਿੱਚ ਕੰਮ ਕਰਦੇ ਰਹਿੰਦੇ । ਖੇਤਾਂ ਤੋਂ ਵਾਪਸ ਆ ਕੇ ਆਪ ਗੁਰੂ ਜੀ ਪਾਸ ਆਉਣ ਵਾਲੀ ਸੰਗਤ ਦੀ ਸੇਵਾ ਵਿੱਚ ਜੁੱਟ ਜਾਂਦੇ । ਆਪ ਦੇ ਸਿਰੜ ਅਤੇ ਸਿਦਕ ਤੋਂ ਗੁਰੂ ਜੀ ਬਹੁਤ ਪ੍ਰਸੰਨ ਹੋਇਆ ਕਰਦੇ ਸਨ । ਇਸ ਤਰਾਂ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਲਹਿਣਾ ਜੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਦੂਰ ਰਹਿ ਕੇ ਸੇਵਾ ਅਤੇ ਭਜਨ ਬੰਦਗੀ ਕਰਦੇ ਹੋਏ ਗੁਰੂ ਜੀ ਵਿੱਚ ਪੂਰਨ ਰੂਪ ਵਿੱਚ ਅਭੇਦ ਹੋ ਕੇ ਗੁਰੂ ਨਾਨਕ ਸਾਹਿਬ ਦਾ ਹੀ ਅੰਗ ਬਣ ਗਏ। ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਮਗਰਲੇ ਸਮੇ ਲਹਿਣਾ ਜੀ ਅੰਦਰਲੀ ਰੂਹਾਨੀ ਜੋਤ ਨੂੰ ਪਛਾਣ ਲਿਆ ਸੀ । ਜ਼ਿੰਦਗੀ ਵਿੱਚ ਵਿਚਰਦਿਆਂ ਗੁਰੂ ਜੀ ਲਹਿਣਾ ਜੀ ਦੀਆਂ ਅਕਸਰ ਸਹਿਜ ਸੁਭਾਅ ਪ੍ਰੀਖਿਆਵਾਂ ਲੈਣ ਲੱਗ ਪਏ ਸਨ ਜਿਸਦਾ ਜ਼ਿਕਰ ਗੁਰੂ ਸਾਹਿਬ ਦੀਆ ਸਾਖੀਆਂ ਵਿੱਚ ਵੀ ਮਿਲਦਾ ਹੈ।
ਗੁਰੂ- ਗੱਦੀ ਮਿਲਣ ਪਿੱਛੋਂ ਗੁਰੂ ਅੰਗਦ ਦੇਵ ਜੀ ਦਾ ਜੀਵਨ :
ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਮਗਰਲੇ ਦਿਨਾਂ ਵਿੱਚ ਇੱਕ ਦਿਨ ਬਾਬਾ ਬੁੱਢਾ ਜੀ ਤੋਂ ਗੁਰਗੱਦੀ ਦੀ ਰਸਮ ਅਦਾ ਕਰਵਾਈ । ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਲਗਾ ਕੇ ਲਹਿਣਾ ਜੀ ਦਾ ਨਵਾਂ ਨਾਂ “ਅੰਗਦ” ਰੱਖਿਆ । ਇਸ ਉਪਰੰਤ ਗੁਰੂ ਨਾਨਕ ਸਾਹਿਬ ਨੇ ਆਪਣੇ ਦੁਬਾਰਾ ਰਚੀ ਸਾਰੀ ਬਾਣੀ ਪੋਥੀਆਂ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੇ ਸਪੁਰਦ ਕਰ ਦਿੱਤੀ । ਮੌਕੇ ‘ਤੇ ਮੌਜੂਦ ਸਮੂਹ ਸੰਗਤ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕਿਆ ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਬਿਓਰਾ :
ਗੁਰੂ ਅੰਗਦ ਦੇਵ ਜੀ ਨੇ 9 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ । ਆਪ ਜੀ ਦੇ 63 ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਅਨੁਸਾਰ ਦਰਜ ਹਨ –
• 1 ਰਾਗੁ ਸਿਰੀ : 2 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 83 ਅਤੇ 89 ਉੱਤੇ ਦਰਜ ਹੈ )
• 2 ਰਾਗੁ ਮਾਝ : 12 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 138-150 ਤੱਕ ਦਰਜ ਹੈ )
• 3 ਰਾਗੁ ਆਸਾ : 15 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 463-475 ਤੱਕ ਦਰਜ ਹੈ )
• 4 ਰਾਗੁ ਸੋਰਠਿ : 1 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 653 ਉੱਤੇ ਦਰਜ ਹੈ )
• 5 ਰਾਗੁ ਸੂਹੀ : 11 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 787-792 ਉੱਤੇ ਦਰਜ ਹੈ )
• 6 ਰਾਗੁ ਰਾਮਕਲੀ : 7 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 954-955 ਉੱਤੇ ਦਰਜ ਹੈ )
• 7 ਰਾਗੁ ਮਾਰੂ : 1 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1093 ਉੱਤੇ ਦਰਜ ਹੈ )
• 8 ਰਾਗੁ ਸਾਰੰਗ : 9 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1237-1245 ਉੱਤੇ ਦਰਜ ਹੈ )
• 9 ਰਾਗੁ ਮਲਾਰ : 5 ਸਲੋਕ ( ਗੁਰੂ ਗ੍ਰੰਥ ਸਾਹਿਬ ਦੇ ਅੰਗ 1279-1290 ਉੱਤੇ ਦਰਜ ਹੈ