ਅਸਲ ਮਾਅਨਿਆਂ ਵਿੱਚ ਸਿੱਖ ਧਰਮ ਦੀ ਨੀਂਹ ਸਥਾਪਿਤ ਹੋਣੀ ਸਿੱਖਾਂ ਦੇ ਪ੍ਰਥਮ ਗੁਰੂ , ਗੁਰੂ ਨਾਨਕ ਦੇਵ ਜੀ ਦੇ ਦੱਖਣ ਏਸ਼ੀਆ ਦੇ ਪੰਜਾਬ ਪ੍ਰਾਂਤ ਵਿੱਚ 15ਵੀਂ ਸਦੀ ਵਿੱਚ ਪ੍ਰਕਾਸ਼ਮਾਨ ਹੋਣ ਵਕਤ ਹੀ ਮੰਨੀ ਜਾਂਦੀ ਹੈ । ਇਸਨੂੰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਮਲੀ ਜਾਮਾ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਈ. ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਜਾਇਆ ਅਤੇ ਉਪਰੰਤ ਆਪ ਨੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ । ਇਸ ਤਰ੍ਹਾਂ ਇਹ ਦਿਵਸ ਸਮੁੱਚੇ ਵਿਸ਼ਵ ਵਿੱਚ ਖਾਲਸਾ ਪੰਥ ਦੇ ਸਾਜਨਾਂ ਦਿਵਸ ਵਜੋਂ ਮਨਾਇਆ ਅਤੇ ਜਾਣਿਆਂ ਜਾਣ ਲੱਗ ਪਿਆ । ਖਾਲਸਾ ਪੰਥ ਦਾ ਸਾਜਨਾ ਦਿਵਸ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਹੋਇਆ ਸਦੀਵੀ ਅਤੇ ਯਾਦਗਾਰੀ ਘਟਨਾਕ੍ਰਮ ਹੈ । ਸਿੱਖ ਇਤਿਹਾਸ 16ਵੀਂ ਸਦੀ ਵੇਲੇ ਦੇ ਭਾਰਤ – ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵਾਲੇ ਸਾਂਝੇ ਪੰਜਾਬ ਸਮੇਤ ਪੂਰੇ ਉੱਤਰ -ਦੱਖਣੀ ਏਸ਼ੀਆ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ ।
ਸੰਨ 1556 ਈਸਵੀ ਤੋਂ ਲੈ ਕੇ ਸੰਨ 1707 ਦਸਵੀਂ ਤੱਕ ਸਮੁੱਚੇ ਦੱਖਣ ਏਸ਼ੀਆ ਖ਼ਿੱਤੇ ਉੱਤੇ ਮੁਗਲਾਂ ਦਾ ਰਾਜ ਸੀ । ਮੁਗਲ ਸਲਤਨਤ ਵੱਲੋਂ ਗ਼ੈਰ ਮੁਸਲਿਮ ਫ਼ਿਰਕਿਆਂ ਨੂੰ ਜਬਰਨ ਧਰਮ ਤਬਦੀਲ ਕਰਨ ਹਿੱਤ ਜਬਰ ਜ਼ੁਲਮ ਢਾਹਿਆ ਜਾਂਦਾ ਸੀ । ਜਬਰ ਅਤੇ ਜ਼ੁਲਮ ਵਿਰੁੱਧ ਹੱਕ ਅਤੇ ਸੱਚ ਲਈ ਲੋਕਾਂ ਦੇ ਹਿੱਤਾਂ ਲਈ ਲੜਨਾ ਅਤੇ ਮਰਨਾ ਸਿੱਖ ਧਰਮ ਦਾ ਮੂਲ ਸਿਧਾਂਤ ਰਿਹਾ ਹੈ । ਇਸੇ ਕਾਰਨ ਉਸ ਸਮੇਂ ਦੀ ਹਕੂਮਤ ਨਾਲ ਇਸੇ ਗੱਲ ਨੂੰ ਲੈ ਕੇ ਸਿੱਖ ਕੌਮ ਦਾ ਟਾਕਰਾ ਹੁੰਦਾ ਸੀ ਜਿਸ ਕਰਕੇ ਸਿੱਖ ਗੁਰੂਆਂ ਅਤੇ ਹੋਰ ਅਨੇਕਾਂ ਸਿੱਖਾਂ ਨੂੰ ਮੁਗਲਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ । ਮੁਗਲ ਸਲਤਨਤ ਦੇ ਜ਼ੁਲਮ ਨਾਲ ਟੱਕਰ ਲੈਣ ਕਾਰਨ ਹੀ ਸਿੱਖਾਂ ਵਿੱਚ ਫੌਜੀਕਰਨ ਹੋਂਦ ਵਿੱਚ ਆਇਆ । ਇਸੇ ਲੜੀ ਤਹਿਤ ਸਿੱਖ ਮਿਸਲਾਂ ਹੋਂਦ ਵਿੱਚ ਅਈਆਂ ਅਤੇ ਸਿੱਖ ਮਿਸਲਾਂ ਦੇ ਅਧੀਨ ਸਿੱਖ ਕੌਨਫੈਡਰੇਸ਼ਨ ਦਾ ਪ੍ਰਸਾਰ ਹੋਇਆ ।
ਮੁਗਲ ਸਲਤਨਤ ਦੇ ਮੁਕਾਬਲੇ ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਇੱਕ ਸ਼ਕਤੀਸਾਲੀ ਹੁਕਮਰਾਨ ਵਜੋਂ ਹਰਮਨ ਪਿਆਰੇ ਹੋਏ । ਇੱਕ ਤਾਕਤਵਰ ਸਿੱਖ ਸਾਸ਼ਕ ਹੋਣ ਦੇ ਨਾਲ – ਨਾਲ ਉਹ ਗ਼ੈਰ ਮੁਸਲਿਮ ਅਤੇ ਗ਼ੈਰ ਸਿੱਖ ਭਾਵ ਹਿੰਦੂਆਂ ਅਤੇ ਇਸਾਈਆਂ ਵਿੱਚ ਇੱਕ ਧਾਰਮਿਕ ਅਤੇ ਸਮਾਜਿਕ ਆਗੂ ਅਤੇ ਲੋਕ ਨਾਇਕ ਵਜੋਂ ਵੀ ਜਾਣੇ ਜਾਣ ਲੱਗੇ ਸਨ । ਇਸੇ ਕਰਕੇ ਸਿੱਖ ਸਲਤਨਤ ਦੀ ਸਥਾਪਨਾ ਵਿੱਚ ਮੁਗਲਾਂ ਵਿਰੁੱਧ ਲੋਕ ਲਹਿਰ ਸਥਾਪਿਤ ਹੋ ਗਈ ਜਿਸ ਕਾਰਨ ਕਸ਼ਮੀਰ , ਪੇਸ਼ਾਵਰ ਅਤੇ ਲੱਦਾਖ਼ ਵੀ ਸਿੱਖ ਸਲਤਨਤ ਵਿੱਚ ਸ਼ਾਮਿਲ ਹੋ ਗਏ । ਖਾਲਸਾ ਫੌਜ ਦੇ ਮੁੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਬਣੇ ਅਤੇ ਉਹਨਾਂ ਨੇ ਖਾਲਸਾ ਰਾਜ ਦੀ ਅਗਵਾਈ ਕਰਦਿਆਂ ਹੋਇਆਂ ਖ਼ੈਬਰ ਪਖਤੁਨਖਵਾ ਤੋਂ ਪਾਰ ਦੱਰਾ – ਏ – ਖ਼ੈਬਰ ਨੂੰ ਜਿੱਤ ਕੇ ਕਬਜ਼ੇ ਅਧੀਨ ਕਰ ਲਿਆ ਜਿਸ ਨਾਲ ਸਿੱਖ ਸਾਮਰਾਜ ਦੀ ਸਰਹੱਦ ਸੰਸਾਰ ਦੇ ਨਕਸ਼ੇ ਉੱਪਰ ਹੋਰ ਵਿਸ਼ਾਲ ਹੋ ਗਈ । ਇਸ ਪਿੱਛੋਂ ਇੱਥੇ ਖਾਲਸਾ ਰਾਜ ਦੀ ਸਮਾਪਤੀ ਹੋਣ ਉਪਰੰਤ ਇੱਥੇ ਸਮਾਜਿਕ , ਆਰਥਿਕ ਅਤੇ ਹੋਰ ਅਨੇਕਾਂ ਸੁਧਾਰ ਹੋਏ ।
ਪ੍ਰੰਤੂ ਦੇਸ਼ ਦੀ ਵੰਡ ਸਮੇਂ ਅਚਾਨਕ ਸਭ ਕੁਝ ਬਦਲ ਗਿਆ । ਭਾਰਤ ਪਾਕਿਸਤਾਨ ਵੰਡ ਨੇ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਇੱਕ ਤਰ੍ਹਾਂ ਨਾਲ ਜਿਵੇਂ ਲਕੀਰ ਖਿੱਚ ਦਿੱਤੀ ਹੋਵੇ । ਪਾਕਿਸਤਾਨ ਵਿੱਚ ਪੈਂਦੇ ਲਹਿੰਦੇ ਪੰਜਾਬ ਵਿੱਚ ਭਾਰਤ ਵਸਦੇ ਮੁਸਲਮਾਨਾਂ ਨੂੰ ਪਰਵਾਸ ਕਰਨਾ ਪਿਆ ਅਤੇ ਭਾਰਤ ਵਿੱਚ ਪੈਂਦੇ ਚੜ੍ਹਦੇ ਪੰਜਾਬ ਵਿੱਚ ਪਾਕਿਸਤਾਨ ਵਸਦੇ ਹਿੰਦੂ – ਸਿੱਖਾਂ ਨੂੰ ਪਰਵਾਸ ਕਰਨਾ ਪਿਆ ।