”ਕੀਨੋ ਬਡੋ ਕਲੂ ਮਹਿ ਸਾਕਾ”
(ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ)
ਸਿੱਖ ਇਤਿਹਾਸ ਦੇ ਕੋਈ ਬਹੁਤ ਜ਼ਿਆਦਾ ਪੁਖ਼ਤਾ ਅਤੇ ਵਿਸ਼ਵਾਸਯੋਗ ਵੇਰਵੇ ਤਾਂ ਪ੍ਰਾਪਤ ਨਹੀਂ ਹਨ; ਖੋਜੀ ਵਿਦਵਾਨਾਂ ਅਤੇ ਸਮਕਾਲੀ ਭੱਟਾਂ ਦੀਆਂ ਵਹੀਆਂ ਵਿਚੋਂ ਮਿਲਦੇ ਵੇਰਵਿਆਂ ਦੇ ਆਧਾਰ ਤੇ ਹੀ ਗੁਰੂ ਸਾਹਿਬਾਨਾਂ ਨਾਲ ਸਬੰਧਤ ਪੁਰਬ/ਦਿਹਾੜੇ ਸਿੱਖ ਕੌਮ ਦੁਆਰਾ ਮਨਾਏ ਜਾਂਦੇ ਹਨ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਿਤੀ 11 ਨਵੰਬਰ, 1675 ਨੂੰ ਮੰਨਦਿਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੰਬਰ ਮਹੀਨੇ ਵਿੱਚ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਨੇ ਸ਼ਰਧਾਪੂਰਬਕ ਮਨਾਇਆ ਹੈ। ਇਸੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ (01.04.1621-01.04.2021) ਸਿੱਖ ਸੰਗਤਾਂ ਸ਼ਰਧਾ ਪੂਰਬਕ ਮਨਾ ਰਹੀਆਂ ਹਨ।
ਬਚਪਨ ਵਿੱਚ ‘ਤਿਆਗ ਮੱਲ’ ਦੇ ਨਾਮ ਨਾਲ ਵਿਚਰੇ ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ, 1621 ਈਸਵੀ ਨੂੰ ਪਿਤਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਵਿਖੇ ਹੋਇਆ ਸੀ। ਆਪ ਪੰਜ ਭਰਾਵਾਂ ਤੇ ਇਕ ਭੈਣ (ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟੱਲ ਰਾਏ ਜੀ, (ਤੇਗ ਬਹਾਦਰ ਜੀ) ਤਿਆਗ ਮੱਲ ਜੀ ਅਤੇ ਬੀਬੀ ਵੀਰੋ ਜੀ) ਵਿੱਚੋਂ ਸਭ ਤੋਂ ਛੋਟੇ ਸਨ। ‘ਤਿਆਗ ਮੱਲ’ ਆਪ ਜੀ ਦਾ ਅਤਿ ਢੁੱਕਵਾਂ ਨਾਮ ਸੀ। ਬਚਪਨ ਤੋਂ ਹੀ ਸੰਤ ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ। ਕਈ ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ। ਅੱਖਰੀ ਵਿੱਦਿਆ ਅਤੇ ਗੁਰਬਾਣੀ ਦਾ ਗਿਆਨ ਆਪ ਜੀ ਨੇ ਅੰਮ੍ਰਿਤਸਰ ਵਿੱਚ ਪਰਿਵਾਰ ਨਾਲ਼ ਰਹਿੰਦਿਆਂ ਹੀ ਭਾਈ ਗੁਰਦਾਸ ਜੀ ਦੀ ਦੇਖ ਰੇਖ ਵਿੱਚ ਪ੍ਰਾਪਤ ਕੀਤਾ ਸੀ। ਘੋੜ ਸਵਾਰੀ, ਨੇਜ਼ੇਬਾਜ਼ੀ ਅਤੇ ਸੂਰਮਗਤੀ ਦੇ ਕਈ ਕਰਤੱਬ ਆਪ ਜੀ ਨੂੰ ਪੰਥ ਦੀ ਮਹਾਨ ਸ਼ਖ਼ਸੀਅਤ ਬਾਬਾ ਬੁੱਢਾ ਜੀ ਨੇ ਸਿਖਾਏ ਸਨ ।
ਤਿਆਗ ਦੀ ਹੀ ਇਹ ਵਿਲੱਖਣ ਮਿਸਾਲ ਸੀ ਹੈ ਕਿ ਆਪ ਜੀ ਨੂੰ ਗੁਰਗੱਦੀ ਆਪਣੀਆਂ ਅਗਲੀਆਂ ਦੋ ਪੀੜ੍ਹੀਆਂ ਤੋਂ ਬਾਅਦ ਹੀ ਮਿਲੀ ਸੀ। ਪ੍ਰੰਤੂ ਆਪ ਜੀ ਨੇ ਕਿਸੇ ਵੀ ਪੜਾਅ ਤੇ ਕੋਈ ਉਜ਼ਰ ਜਾਂ ਵਿਰੋਧ ਦਾ ਪ੍ਰਗਟਾਵਾ ਨਹੀਂ ਕੀਤਾ ਸੀ। ਸਿੱਖ ਇਤਿਹਾਸ ਗਵਾਹ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ‘ਅੰਗਦ ਬਣਾ ਕੇ’ ਗੁਰਗੱਦੀ ਸੌਂਪੀ ਤਾਂ ਗੁਰੂ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਨੇ ਵਿਰੋਧ ਪ੍ਰਗਟ ਕੀਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੁਆਰਾ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪਣ ਸਮੇਂ ਦੂਜੇ ਪਾਤਸ਼ਾਹ ਜੀ ਦੇ ਪੁੱਤਰ ਦਾਸੂ ਜੀ ਤੇ ਦਾਤੂ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਜਦ ਸ੍ਰੀ ਗੁਰੂ ਅਮਰਦਾਸ ਜੀ ਨੇ ਦੋ ਪੁੱਤਰਾਂ ਤੇ ਵੱਡੇ ਜਵਾਈ ਨੂੰ ਛੱਡ ਕੇ ਭਾਈ ਜੇਠਾ ਜੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਕਰਕੇ ਗੁਰਗੱਦੀ ਸੌਂਪੀ ਤਾਂ ਗੁਰੂ ਪੁੱਤਰ ਬਾਬਾ ਮੋਹਨ ਜੀ ਨਾਰਾਜ਼ ਹੋ ਗਏ ਸਨ; ਪ੍ਰੰਤੂ ਬਾਬਾ ਮੋਹਰੀ ਜੀ ਕੁਝ ਸ਼ਾਂਤ ਰਹੇ ਸਨ।
ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਸੌਂਪਣ ਸਮੇਂ ਵੱਡੇ ਪੁੱਤਰ ਪ੍ਰਿਥੀ ਚੰਦ ਨੇ ਝਗੜਾ ਕੀਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਉਸ ਨੂੰ ਮੀਣਾ ਕਹਿ ਕੇ ਫਿਟਕਾਰਿਆ ਸੀ। ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰਾਂ ਅਤੇ ਵੱਡੇ ਪੋਤਰੇ ਨੂੰ ਛੱਡ ਕੇ ਛੋਟੇ ਪੋਤਰੇ ਹਰਿ ਰਾਇ ਜੀ ਨੂੰ ਗੁਰਗੱਦੀ ਦੇਣ ਦਾ ਫ਼ੈਸਲਾ ਕੀਤਾ ਸੀ, ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਬੇਟੇ ਸਨ । ਸ੍ਰੀ ਗੁਰੂ ਹਰਿ ਰਾਇ ਜੀ ਨੇ ਵੀ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਛੱਡ ਕੇ ਅੱਠਵੇਂ ਨਾਨਕ ਦੇ ਰੂਪ ਵਿੱਚ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਜੀ ਨੂੰ ਗੱਦੀ ਦਾ ਵਾਰਸ ਬਣਾਇਆ ਸੀ। ਰਾਮ ਰਾਏ ਨੇ ਵਿਰੋਧ ਪ੍ਰਗਟ ਕੀਤਾ ਸੀ। ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਬਾਣੀ ਦੀ ਇੱਕ ਤੁਕ ਦਾ ਗ਼ਲਤ ਵਿਖਿਆਨ ਕਰਕੇ ਗੁਰੂ ਘਰ ਦਾ ਦੋਖੀ ਸਾਬਤ ਹੋਇਆ ਸੀ। ਗੁਰੂ ਘਰ ਵਿੱਚ ਗੁਰ ਗੱਦੀ ਲਈ ਮੈਰਿਟ ਸੇਵਾ ਭਾਵਨਾ, ਲਗਨ ਤੇ ਸਮਰਪਣ ਨੂੰ ਮੰਨਿਆ ਗਿਆ ਸੀ ਨਾ ਕਿ ਰਿਸ਼ਤਿਆਂ ਨੂੰ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਤੀਜੇ ਹਰਿ ਰਾਏ (ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਪੁਤਰ) ਅਤੇ ਪੋਤਰੇ ਹਰਿਕ੍ਰਿਸ਼ਨ (ਭਤੀਜੇ ਹਰਿ ਰਾਏ ਜੀ ਦੇ ਪੁੱਤਰ) ਉਪਰੰਤ ਗੁਰਗੱਦੀ ਬੈਠ ਸਿੱਖਾਂ ਦੀ ਅਗਵਾਈ ਕਰਨ ਦਾ ਅਵਸਰ ਮਿਲਿਆ ਸੀ। ਪਰ ‘ਤਿਆਗ ਮੱਲ’ ਜੋ 13-14ਸਾਲ ਦੀ ਉਮਰ (1635) ਵਿੱਚ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਕਰਤਾਰਪੁਰ ਸਾਹਿਬ ਦੀ ਲੜਾਈ ਵਿੱਚ ਤੇਗ ਦੇ ਜੌਹਰ ਵਿਖਾਉਂਦਿਆਂ ਗੁਰੂ ਬਚਨਾਂ ਅਨੁਸਾਰ ‘ਤੇਗ ਬਹਾਦਰ’ ਬਣ ਗਏ ਸਨ, ਨੇ ਕਿਤੇ ਵੀ ਗੁਰੂ ਹੁਕਮਾਂ ਤੋਂ ਮੁਖ ਮੋੜਦਿਆਂ ਵਿਰੋਧ ਨਹੀਂ ਪ੍ਰਗਟਾਇਆ ਸੀ। ਉਹਨਾਂ ਇਹ ਸਮਝ ਰੱਖਿਆ ਸੀ ਕਿ ਗੁਰਗੱਦੀ ਬੈਠ ਸਿੱਖ ਕੌਮ ਦੀ ਅਗਵਾਈ ਕਰਨ ਦਾ ਉਹਨਾ ਦਾ ਸਮਾਂ ਹਾਲੇ ਨਹੀਂ ਆਇਆ ਸੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਸਬਰ, ਸਿਦਕ, ਤਿਆਗ ਤੇ ਸਿਰੜ ਦੀ ਮੂਰਤ- ਸੁੰਦਰ ਜਵਾਨ, ਵਿਦਵਾਨ, ਸੂਰਬੀਰ, ਸ਼ਸਤਰਧਾਰੀ, ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ। ਬਾਬਾ ਬੁੱਢਾ ਜੀ ਤੋਂ ਸੈਨਿਕ ਸਿੱਖਿਆ ਪ੍ਰਾਪਤ ਕਰਦਿਆਂ ਵੀ ਆਪ ਜੀ ਨੇ ਨਿਮਰਤਾ ਅਤੇ ਹਲੀਮੀ ਦਾ ਪੱਲਾ ਨਹੀਂ ਛੱਡਿਆ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਉਂਗਲ ਫੜ ਕੇ ‘ਬਾਬੇ ਦੀ ਬੀੜ’ ਵਿਖੇ ਬਾਬਾ ਬੁੱਢਾ ਜੀ ਨੂੰ ਉਨ੍ਹਾਂ ਨੂੰ ਸਿੱਖਿਆ ਦੀ ਜ਼ਿੰਮੇਵਾਰੀ ਸੌਂਪਣ ਲਈ ਗਏ ਸਨ। ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਨਮਨ ਵੀ ਕੀਤਾ ਪੂਰਨ ਸਤਿਕਾਰ ਵੀ ਦਿੱਤਾ। ਬਦਲੇ ਵਿੱਚ ਬਾਬਾ ਬੁੱਢਾ ਜੀ ਨੇ ਸਿੱਖਿਆ ਵੀ ਦਿੱਤੀ ਅਤੇ ਅਸੀਸਾਂ ਵੀ ਦਿੱਤੀਆਂ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਦਵਾਨ ਤੇ ਯੋਧੇ ਹੁੰਦੇ ਹੋਏ ਵੀ ਇਕਾਂਤ ਪਸੰਦ ਤੇ ਸਦਾ ਸਾਦਾ ਤੇ ਸਾਫ਼-ਸੁਥਰਾ ਜੀਵਨ ਬਿਤਾਉਣ ਵਾਲੇ ਸਨ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਵਿਲੀਨ ਹੋਣ ਉਪਰੰਤ ਆਪ ਜੀ ਬਕਾਲ਼ਾ ਪਿੰਡ ਆ ਕੇ ਵੀਹ ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਕੁੱਝ ਇਤਿਹਾਸਕਾਰ ਇਹ ਸਮਾਂ 24 ਕੁੱਝ 26 ਸਾਲ ਵੀ ਦੱਸਦੇ ਹਨ। 1634 ਈਸਵੀ ਵਿੱਚ ਕਰਤਾਰਪੁਰ ਰਹਿੰਦਿਆਂ ਹੀ ਪਿੰਡ ਲਖਨੌਰ ਦੇ ਵਾਸੀ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਆਪ ਜੀ ਦੀ ਸ਼ਾਦੀ ਹੋ ਗਈ ਸੀ। ਆਪ ਜੀ ਦੇ ਗ੍ਰਹਿ ਵਿਖੇ ਇਕਲੌਤੇ ਪੁੱਤਰ ਬਾਲ ਗੋਬਿੰਦ ਰਾਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦਾ ਜਨਮ 22 ਦਸੰਬਰ, 1666 ਵਿੱਚ ਹੋਇਆ ਸੀ।
ਗੁਰਗੱਦੀ ਦੀ ਜ਼ਿੰਮੇਵਾਰੀ ਆਪ ਜੀ ਨੂੰ ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੋਂ (ਜੋ ਰਿਸ਼ਤੇ ਵਿੱਚ ਉਨ੍ਹਾਂ ਦੇ ਪੋਤਰੇ, ਭਾਵ ਉਹਨਾ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦੇ ਪੋਤਰੇ ਸਨ) ਦੇ ਜੋਤੀ ਜੋਤ ਸਮਾਉਣ ਉਪਰੰਤ ਹੀ ਮਿਲੀ ਸੀ। ਜਦੋਂ ਬਾਲਾ ਗੁਰ ਸ੍ਰੀ ਗੁਰੂ ਰਹਿ ਕ੍ਰਿਸ਼ਨ ਜੀ ਚੇਚਕ ਦੀ ਬਿਮਾਰੀ ਦੀ ਜਕੜ ਵਿੱਚ ਆ ਕੇ ਸੱਚਖੰਡ ਜਾਣ ਦੀ ਤਿਆਰੀ ਵਿੱਚ ਸਨ ਤਾਂ ਸੰਗਤ ਨੇ ਬੇਨਤੀ ਕੀਤੀ, “ਰਾਮਰਾਏ, ਧੀਰਮਲ ਅਤੇ ਕਈ ਹੋਰ ਸੋਢੀ ਗੁਰਗੱਦੀ ਮੱਲਣ ਦੀਆਂ ਗੋਂਦਾਂ ਗੁੰਦ ਰਹੇ ਹਨ। ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ?” ਤਾਂ ਗੁਰੂ ਜੀ ਦੇ ਮੁੱਖੋਂ ਅਚਾਨਕ ਨਿਕਲਿਆ ‘ਬਾਬਾ ਬਕਾਲੇ।’
ਇਹ ਬਚਨ ਹੋਣ ਉਪਰੰਤ 22 ਚਾਹਵਾਨ ਬਕਾਲੇ ਵਿਖੇ ਗੁਰੂ ਬਣ ਬੈਠੇ। ਸੰਗਤਾਂ ਪਰੇਸ਼ਾਨ ਸਨ ਕਿ ਕਿਸ ਨੂੰ ਗੁਰੂ ਮੰਨਿਆ ਜਾਵੇ। ਇਕ ਸਾਖੀ ਅਨੁਸਾਰ ਇੱਕ ਸ਼ਰਧਾਲੂ ਸਿੱਖ ਮੱਖਣ ਸ਼ਾਹ ਲੁਬਾਣਾ, ‘ਸੱਚਾ ਗੁਰੂ’ ਅਰਥਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੱਭਣ ਵਿਚ ਸਫਲ ਹੋਇਆ। 20 ਮਾਰਚ, 1665 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਨਾਨਕ ਵਜੋਂ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਭਾਨਾ ਜੀ ਦੇ ਪੁੱਤਰ ਭਾਈ ਗੁਰਦਿੱਤਾ ਜੀ ਨੇ ਲਗਾਇਆ। ਕੁੱਝ ਇਤਿਹਾਸਕਾਰ ਮੰਜੀਆਂ ਦੀ ਗਿਣਤੀ 16 ਦੱਸਦੇ ਹਨ 22 ਤਾਂ ਸਿਰਫ਼ ਉਸ ਸਮੇਂ ਜਾਣਿਆ ਜਾਣ ਵਾਲਾ ਅੰਕ ਸੀ। ਜਿਵੇਂ ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ 22 ਮੰਜੀਆਂ ਦੀ ਸਿੱਖ ਪ੍ਰਚਾਰ ਲਈ ਸਥਾਪਨਾ ਕੀਤੀ ਸੀ। 16 ਮੰਜੀਆਂ ਦੀ ਗਿਣਤੀ ਨੂੰ ਹੀ ਜ਼ਿਆਦਾ ਸਹੀ ਮੰਨਿਆ ਗਿਆ ਹੈ।
ਗੁਰ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਅਤੇ ਅੰਮ੍ਰਿਤਸਰ ਦਰਸ਼ਨਾਂ ਲਈ ਗਏ। ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਜਦੋਂ ਉਹ ਦਰਬਾਰ ਸਾਹਿਬ ਨਮਸਕਾਰ ਕਰਨਾ ਚਾਹੁੰਦੇ ਸਨ ਤਾਂ ਮਸੰਦਾਂ, ਪੁਜਾਰੀਆਂ ਤੇ ਗੁਰੂ ਘਰ ਦੇ ਦੋਖੀਆਂ/ਬਾਗ਼ੀਆਂ ਨੇ ਦਰਵਾਜ਼ੇ ਬੰਦ ਕਰ ਲਏ। ਵਾਪਸ ਆਉਣ ਤੇ ਦੇਖਿਆ ਕਿ ਬਾਬਾ ਬਕਾਲਾ ਵਿਖੇ ਵੀ ਸੋਢੀਆਂ ਦਾ ਵਤੀਰਾ ਠੀਕ ਨਹੀਂ ਸੀ। ਕਰਤਾਰਪੁਰ ਵਿਖੇ ਧੀਰਮਲ ਅਤੇ ਕੀਰਤਪੁਰ ਆ ਕੇ ਵੀ ਧੀਰਮੱਲ ਦੇ ਬੰਦਿਆਂ ਦਾ ਵਿਰੋਧ ਬਰਦਾਸ਼ਤ ਕਰਨਾ ਪਿਆ ।
ਉਪਰੰਤ ਗੁਰੂ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਪਾਸੋਂ (ਜਿਸਦੇ ਦਾਦਾ ਰਾਜਾ ਤਾਰਾ ਚੰਦ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਚੋਂ ਆਜ਼ਾਦ ਕਰਵਾਇਆ ਸੀ) ਮਾਖੋਵਾਲ, ਮਟੌਰ ਅਤੇ ਲੋਧੀਵਾਲ ਦੀ ਜ਼ਮੀਨ 2200/- ਰੁਪਏ ਵਿੱਚ ਖਰੀਦੀ ਅਤੇ ‘ਚੱਕ ਨਾਨਕੀ’ ਨਾਂ ਦੇ ਪਿੰਡ ਦੀ ਨੀਂਹ ਰੱਖੀ। ਜੋ ਅੱਜ ਆਨੰਦਪੁਰ ਸਾਹਿਬ ਵਜੋਂ ਮੌਜੂਦ ਹੈ।
ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ ਅਸਾਮ ਦੇ ਬਹੁਤ ਸਾਰੇ ਇਲਾਕਿਆਂ ਦਾ ਦੌਰਾ ਕੀਤਾ। ਸ਼ਰਧਾਲੂਆਂ ਨੂੰ ਮਿਲੇ, ਪਾਣੀ ਦੀ ਥੁੜ੍ਹ ਵਾਲੀਆਂ ਥਾਂਵਾਂ ਤੇ ਕਈ ਖੂਹ ਲਗਵਾਏ ਅਤੇ ਬਹੁਤ ਸਾਰੇ ਰੁੱਖ ਵੀ ਲਗਵਾਏ। ਬਿਹਾਰ, ਬੰਗਾਲ ਤੇ ਅਸਾਮ ਦੇ ਦੌਰਿਆਂ ਸਮੇਂ ਪਰਿਵਾਰ ਨੂੰ ਪਟਨਾ ਸਾਹਿਬ (ਬਿਹਾਰ) ਵਿਖੇ ਛੱਡਿਆ ਕਿਉਂਕਿ ਬਾਲ ਗੁਰੂ ਗੋਬਿੰਦ ਰਾਇ ਜੀ ਦਾ ਜਨਮ ਹੋਣ ਵਾਲਾ ਸੀ ।ਪਟਨਾ ਸਾਹਿਬ ਵਿਖੇ ਹੀ ਇਕਲੌਤੇ ਪੁੱਤਰ ਗੋਬਿੰਦ ਰਾਏ ਦਾ ਜਨਮ 22 ਦਸੰਬਰ, 1666 ਈਸਵੀ ਨੂੰ ਹੋਇਆ ਸੀ।
ਮੁਗਲ ਬਾਦਸ਼ਾਹ ਔਰੰਗਜ਼ੇਬ ਜਿਸ ਨੇ ਭਰਾਵਾਂ ਨੂੰ ਮਾਰ ਕੇ ਅਤੇ ਪਿਤਾ ਸ਼ਾਹਜਹਾਨ ਨੂੰ ਜੇਲ੍ਹ ਵਿੱਚ ਸੁੱਟ ਕੇ ਦਿੱਲੀ ਦਾ ਤਖ਼ਤ ਪ੍ਰਾਪਤ ਕੀਤਾ ਸੀ ਨੇ 6-7 ਸਾਲਾਂ ਵਿੱਚ ਆਪਣੇ ਰਾਜ ਪ੍ਰਬੰਧ ਨੂੰ ਬਹੁਤ ਮਜ਼ਬੂਤ ਕਰ ਲਿਆ ਸੀ। ਹੁਣ ਉਸ ਨੇ ਗੈਰ-ਮੁਸਲਿਮ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਵਿਚ ਲਿਆਉਣ ਦਾ ਕੰਮ ਆਰੰਭ ਕਰ ਦਿੱਤਾ ਸੀ। ਹਿੰਦੂਆਂ ਦੇ ਬਹੁਤ ਸਾਰੇ ਮੰਦਰ ਢਾਹ ਕੇ ਮਸਜਿਦਾਂ ਬਣਾ ਦਿੱਤੀਆਂ ਸਨ। ਗ਼ੈਰ ਮੁਸਲਿਮ ਲੋਕਾਂ ਤੇ ਜਜ਼ੀਆ/ਟੈਕਸ ਲਗਾ ਦਿੱਤਾ। ਗ਼ੈਰ-ਮੁਸਲਿਮ ਕਰਮਚਾਰੀਆਂ ਨੂੰ ਇਸਲਾਮ ਨਾ ਮੰਨਣ ਤੇ ਨੌਕਰੀ ਵਿੱਚੋਂ ਕੱਢ ਦਿੱਤਾ ਜਾਂਦਾ ਸੀ। ਕਸ਼ਮੀਰ ਵਿੱਚ ਉੱਥੋਂ ਦਾ ਹਾਕਮ ਇਫ਼ਤਿਖ਼ਾਰ ਖਾਨ ਹਿੰਦੂਆਂ ਤੇ ਮੁਸਲਮਾਨ ਬਣਨ ਲਈ ਸਖ਼ਤੀ ਵਰਤ ਰਿਹਾ ਸੀ। ਗ਼ਰੀਬ ਤੇ ਕਮਜ਼ੋਰ ਲੋਕ ਤਸੀਹਿਆਂ ਤੋਂ ਡਰਦੇ ਧਰਮ ਛੱਡਣ ਲੱਗੇ ਸਨ।
ਪੰਡਤ ਕਿਰਪਾ ਰਾਮ ਦੱਤ ਜੋ ਕੁਝ ਸਮਾਂ ਗੋਬਿੰਦ ਰਾਏ ਜੀ ਦਾ ਅਧਿਆਪਕ ਵੀ ਰਿਹਾ ਸੀ; ਕਸ਼ਮੀਰੀ ਪੰਡਤਾਂ ਦੇ ਵਫ਼ਦ ਸਮੇਤ 25 ਮਈ, 1675 ਨੂੰ ਅਨੰਦਪੁਰ ਸਾਹਿਬ ਨੌਵੇਂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਫ਼ਰਿਆਦ ਲੈ ਕੇ ਪੁੱਜਾ ਤੇ ਮੁਗਲ ਹਾਕਮਾਂ ਦੇ ਜ਼ੁਲਮਾਂ ਦੀ ਦੁੱਖ ਭਰੀ ਕਹਾਣੀ ਸੁਣਾਈ। ਗੰਭੀਰ ਸੋਚ ਤੋਂ ਬਾਅਦ ਨੌਵੇਂ ਪਾਤਸ਼ਾਹ ਕਹਿਣ ਲੱਗੇ ਕਿ “ਇਹ ਜ਼ੁਲਮ ਰੋਕਣ ਲਈ ਕਿਸੇ ਪਵਿੱਤਰ ਆਤਮਾ (ਸੱਤ ਪੁਰਖ) ਨੂੰ ਕੁਰਬਾਨੀ ਦੇਣੀ ਪਵੇਗੀ।” ਇਹ ਗੱਲ ਸੁਣ ਕੇ ਗੁਰੂ ਦਰਬਾਰ ਵਿੱਚ ਚੁੱਪ ਵਰਤ ਗਈ। ਫਰਿਆਦੀ ਵੀ ਸੋਚੀਂ ਪੈ ਗਏ। ਬਾਲ ਗੋਬਿੰਦ ਰਾਏ ਜਿਨ੍ਹਾਂ ਦੀ ਉਮਰ ਉਸ ਸਮੇਂ ਕਰੀਬ ਸਾਢੇ 8 ਸਾਲ ਸੀ। ਗੁਰੂ ਪਿਤਾ ਜੀ ਨੂੰ ਗੰਭੀਰ ਸੋਚ ਵਿੱਚ ਵੇਖ ਕੇ ਚਿੰਤਾ ਦਾ ਕਾਰਨ ਪੁੱਛਣ ਲੱਗੇ ਤਾਂ ਗੁਰੂ ਜੀ ਨੇ ਜਵਾਬ ਦਿੱਤਾ, “ਦੇਸ਼ ਦੇ ਹਾਲਾਤ ਬਹੁਤ ਖਰਾਬ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਕਿਸੇ ਪਵਿੱਤਰ ਆਤਮਾ ਵੱਲੋਂ ਕੁਰਬਾਨੀ ਦਿੱਤੇ ਜਾਣ ਦੀ ਲੋੜ ਹੈ।” ਬਾਲ ਗੁਰੂ ਗੋਬਿੰਦ ਰਾਇ ਜੀ ਤੁਰੰਤ ਬੋਲ ਉੱਠੇ, “ਆਪ ਜੀ ਨਾਲ਼ੋਂ ਵਧੇਰੇ ਪਵਿੱਤਰ ਆਤਮਾ ਹੋਰ ਕੌਣ ਹੋ ਸਕਦੀ ਹੈ ?”
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲ ਗੋਬਿੰਦ ਰਾਏ ਦੇ ਸੁਝਾਅ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਉਨ੍ਹਾਂ ਨੂੰ ਗਲੇ ਲਗਾਇਆ ਤੇ ਵਫਦ ਨੂੰ ਇਹ ਕਹਿ ਦਿੱਤਾ ਕਿ “ਸਰਕਾਰ ਨੂੰ ਜਾ ਕੇ ਦੱਸ ਦਿਓ ਕਿ ਸਾਡਾ ਆਗੂ ਤੇਗ ਬਹਾਦਰ ਹੈ। ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ।” ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਮਰਿਆਦਾ ਨੂੰ ਵੀ ਪਰਪੱਕ ਕੀਤਾ ਕਿ, “ਨਾਨਕ ਦੇ ਦਰ ਤੇ ਆਇਆ ਸਵਾਲੀ ਕਦੀ ਖਾਲੀ ਨਹੀਂ ਮੁੜਿਆ।” ਸੁਨੇਹਾ ਸੁਣ ਕੇ ਰਾਜ ਪ੍ਰਸ਼ਾਸਕਾਂ ਨੂੰ ਇਹ ਬੜਾ ਆਸਾਨ ਕੰਮ ਜਾਪਿਆ ਕਿ ਹੁਣ ਟੀਚੇ ਸਹਿਜੇ ਹੀ ਪ੍ਰਾਪਤ ਹੋ ਜਾਣਗੇ। ਗੁਰੂ ਜੀ ਨੂੰ ਦਿੱਲੀ ਬੁਲਾ ਲਿਆ ਗਿਆ।
ਗੁਰੂ ਜੀ ਨੂੰ ਵੀ ਗਿਆਨ ਹੋ ਗਿਆ ਕਿ ਛੇਤੀ ਗ੍ਰਿਫ਼ਤਾਰੀ ਹੋਵੇਗੀ। ਉਨ੍ਹਾਂ ਨੇ ਪੰਜਾਬ ਦਾ ਤੁਫ਼ਾਨੀ ਦੌਰਾ ਕੀਤਾ। ਤੇ ਪ੍ਰਚਾਰ ਕੀਤਾ ਕਿ ‘ਨਾ ਕਿਸੇ ਨੂੰ ਡਰਾਉ ਤੇ ਨਾ ਕਿਸੇ ਤੋਂ ਡਰੋ; ਨਾ ਕਿਸੇ ਤੇ ਜ਼ੁਲਮ ਕਰੋ ਤੇ ਨਾ ਹੀ ਜ਼ੁਲਮ ਬਰਦਾਸ਼ਤ ਕਰੋ।’
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥”
ਗੁਰੂ ਜੀ ਆਪਣੇ ਸਾਥੀਆਂ- ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਸਮੇਤ ਦਿੱਲੀ ਨੂੰ ਚੱਲ ਪਏ। ਕੁੱਝ ਇਤਿਹਾਸਕਾਰ ਗੁਰੂ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋਈ ਦੱਸਦੇ ਹਨ। ਪ੍ਰੰਤੂ ਭੱਟ ਵਹੀਆਂ ਅਨੁਸਾਰ ਜਦੋਂ ਗੁਰੂ ਸਾਹਿਬ ਇੱਥੋਂ ਜਾਣ ਲਈ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਤਾਂ ਰੋਪੜ ਦੇ ਲਾਗੇ ਪਿੰਡ ਮਲਕਪੁਰ ਰੰਘੜਾਂ ਵਿਖੇ ਰਾਤ ਗੁਜ਼ਾਰਨ ਲਈ ਠਹਿਰ ਗਏ। ਕਿਸੇ ਸੂਹੀਏ ਨੇ ਇਹ ਖਬਰ ਰੋਪੜ ਦੇ ਕੋਤਵਾਲ ਨੂੰ ਭੇਜ ਦਿੱਤੀ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਵਿੱਚ ਕੈਦ ਕਰ ਦਿੱਤਾ ਗਿਆ। ਇਹ ਗੱਲ 12 ਜੁਲਾਈ 1675 ਦੀ ਹੈ। 4 ਮਹੀਨੇ ਬਾਅਦ 5-6, ਨਵੰਬਰ ਨੂੰ ਗੁਰੂ ਜੀ ਨੂੰ ਸਾਥੀਆਂ ਸਮੇਤ ਦਿੱਲੀ ਲਿਜਾਇਆ ਗਿਆ। ਪਿੰਜਰੇ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਤਰ੍ਹਾਂ ਤਰ੍ਹਾਂ ਦੇ ਲਾਲਚ ਤੇ ਡਰਾਵੇ ਦਿੱਤੇ ਗਏ। ਪਰ ਗੁਰੂ ਜੀ ਅਡੋਲ ਰਹੇ। ਗੁਰੂ ਜੀ ਨੂੰ ਤਿੰਨ ਸ਼ਰਤਾਂ ਸੁਣਾਈਆਂ ਗਈਆਂ-
1) ਕਰਾਮਾਤ ਦਿਖਾਓ। 2) ਦੀਨ ਕਬੂਲ ਕਰੋ ਜਾਂ 3) ਮਰਨ ਲਈ ਤਿਆਰ ਹੋ ਜਾਓ
ਗੁਰੂ ਜੀ ਨੇ ਆਖ਼ਰੀ ਸ਼ਰਤ ਪ੍ਰਵਾਨ ਕੀਤੀ। 11 ਨਵੰਬਰ, 1675 ਨੂੰ ਗੁਰੂ ਜੀ ਦੇ ਸਾਹਮਣੇ ਉਨ੍ਹਾਂ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।
ਭਾਈ ਮਤੀ ਦਾਸ ਜੀ ਨੂੰ ਦੋ ਥੰਮ੍ਹਾਂ ਵਿਚਕਾਰ ਬੰਨ੍ਹ ਕੇ ਆਰੇ ਨਾਲ ਚੀਰ ਕੇ ਸਰੀਰ ਦੇ ਦੋ ਟੁਕੜੇ ਕਰ ਦਿੱਤੇ ਗਏ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਪਾ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਦੇ ਸਰੀਰ ਦੁਆਲੇ ਰੂੰ ਲਪੇਟ ਕੇ ਜਿਊਂਦਿਆਂ ਸਾੜ ਦਿੱਤਾ ਗਿਆ। ਸਿਦਕੀ ਸਿੱਖਾਂ ਨੇ ਸੀ ਨਾ ਉਚਾਰੀ। ਵਾਹਿਗੁਰੂ ਵਾਹਿਗੁਰੂ ਉਚਾਰਦਿਆਂ ਸਵਾਸ ਤਿਆਗ ਦਿੱਤੇ।
ਆਪਣੀ ਵਾਰੀ ਆਉਣ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਹ ਮਹਾਨ ਕਰਾਮਾਤ ਕਰ ਦਿਖਾਈ ਕਿ ਆਪਣੇ ਧਰਮ ਤੇ ਅਡੋਲ ਰਹਿੰਦਿਆਂ ਜਬਰ ਦੇ ਸਾਹਮਣੇ ਨਾ ਝੁਕਦਿਆਂ ਆਪਣਾ ਬਲੀਦਾਨ ਦੇ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿੱਚ-
“ਠੀਕਰਿ ਫੋਰਿ ਦਿਲੀਸ ਸਿਰਿ, ਪ੍ਰਭ ਪੁਰ ਕਿਯਾ ਪਯਾਨ॥
ਤੇਗ ਬਹਾਦੁਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ ਸੁਰ ਲੋਕ॥”
(ਬਚਿੱਤਰ ਨਾਟਕ )
ਗੁਰੂ ਜੀ ਦੇ ਅਟੱਲ ਤੇ ਅਡੋਲ ਰਹਿਣ ਤੇ ਚਾਂਦਨੀ ਚੌਂਕ ਵਿੱਚ ਬਰੋਟੇ ਦੇ ਰੁੱਖ ਹੇਠ, ਸਮਾਣੇ ਦੇ ਜੱਲਾਦ (ਸੱਯਦ ਜਲਾਲ-ਉ-ਦੀਨ) ਨੇ ਆਪਣੀ ਤਲਵਾਰ ਦੀ ਧਾਰ ਤਿੱਖੀ ਕਰਦਿਆਂ ਗੁਰੂ ਜੀ ਨੂੰ ਥਿੜਕਾਉਣ ਦਾ ਯਤਨ ਕੀਤਾ। ਪ੍ਰੰਤੂ ਅਸਫ਼ਲ ਰਿਹਾ। ਗੁਰੂ ਜੀ ਦੀ ਇੱਛਾ ਅਨੁਸਾਰ ਨੇਡ਼ੇ ਦੀ ਖੂਹੀ ਤੋਂ ਇਸ਼ਨਾਨ ਕਰਵਾਇਆ ਗਿਆ। ਜਦੋਂ ਗੁਰੂ ਸਾਹਿਬ ਨੇ ਚੌਂਕੜਾ ਮਾਰ ਕੇ ਜਪੁ ਜੀ ਸਾਹਿਬ ਦਾ ਪਾਠ ਕਰ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸੀਸ ਝੁਕਾਇਆ ਤਾਂ ਜਲਾਦ ਨੇ ਤਲਵਾਰ ਦੇ ਵਾਰ ਨਾਲ ਸੀਸ ਧੜ ਨਾਲੋਂ ਵੱਖ ਕਰ ਦਿੱਤਾ।
ਮੁਗਲ ਸਰਕਾਰ ਦਾ ਹੁਕਮ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਦਿੱਲੀ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ ਟੰਗ ਦਿੱਤੇ ਜਾਣ। ਕਿਹਾ ਜਾਂਦਾ ਹੈ ਕਿ ਅਜਿਹੀ ਤੇਜ਼ ਹਨ੍ਹੇਰੀ ਆਈ, ਜਿਸ ਦੀ ਤਾਬ ਸ਼ਾਹੀ ਫੌਜ ਦੇ ਸਿਪਾਹੀ ਨਾ ਸਹਾਰ ਸਕੇ। ਦਿੱਲੀ ਦਾ ਦਿਲ ਕੰਬ ਉੱਠਿਆ। ਲੋਕ ਕੁਰਲਾ ਰਹੇ ਸਨ। ਭੀੜ ਵਿੱਚ ਹਾਜ਼ਰ ਗੁਰੂ ਜੀ ਦੇ ਸਿੱਖਾਂ ਨੇ ਆਪਣੇ ਫ਼ਰਜ਼ਾਂ ਵੱਲ ਧਿਆਨ ਕੀਤਾ। ਵਿਉਂਤ ਮੁਤਾਬਕ ਭਾਈ ਜੈਤਾ ਜੀ ਨੇ ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ‘ਪਾਵਨ ਸੀਸ’ ਉਠਾ ਕੇ ਵਿੰਗੇ-ਟੇਢੇ ਰਸਤਿਆਂ ਰਾਹੀਂ ਕੀਰਤਪੁਰ ਸਾਹਿਬ ਲਈ ਪੈਦਲ ਹੀ ਚਾਲੇ ਪਾ ਦਿੱਤੇ। ਬਾਕੀ ਸਿੱਖ ਭਾਈ ਸਦਾ ਨੰਦ ਜੀ,ਭਾਈ ਆਗਿਆ ਰਾਮ ਜੀ, ਭਾਈ ਉਦੈ ਜੀ ਤੇ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰੇ ਦੇ ਗੱਡੇ ਵਿੱਚ ਰੂੰ ਵਿਚ ਰੱਖ ਕੇ ਲੈ ਗਏ ਅਤੇ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਅੰਦਰ ਰੂੰ ਦੇ ਭਰੇ ਗੱਡੇ ਸਮੇਤ ਘਰ ਨੂੰ ਅੱਗ ਲਗਾ ਕੇ ਸੰਸਕਾਰ ਕਰ ਦਿੱਤਾ। ਜਿੱਥੇ ਅੱਜਕੱਲ੍ਹ ‘ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ, ਦਿੱਲੀ’ ਸੁਸ਼ੋਭਿਤ ਹੈ।
ਜਦੋਂ ਭਾਈ ਜੈਤਾ ਜੀ ਪਾਵਨ ਸੀਸ ਸਮੇਤ ਕੀਰਤਪੁਰ ਸਾਹਿਬ ਪੁੱਜੇ ਤਾਂ ਭਾਈ ਉਦੈ ਜੀ ਵੀ ਆ ਮਿਲੇ। ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ਅਨੁਸਾਰ ਆਨੰਦਪੁਰ ਵਿਖੇ ਜੁੜੀ ਸੰਗਤ ਵੱਲੋਂ ਕੀਰਤਪੁਰ ਸਾਹਿਬ ਪਹੁੰਚ ਕੇ ਪਾਵਨ ਸੀਸ, ਸੁੰਦਰ ਪਾਲਕੀ ਵਿੱਚ, ਦੁਸ਼ਾਲਿਆਂ ਵਿਚ ਸਜਾ ਕੇ ਆਨੰਦਪੁਰ ਸਾਹਿਬ ਤੱਕ ਹਰਿ-ਜਸ ਕਰਦਿਆਂ ਸਤਿਕਾਰ ਸਹਿਤ ਲਿਆਂਦਾ ਗਿਆ। ਪਰਿਵਾਰ ਤੇ ਗੁਰਸਿੱਖਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸੀਸ ਗੰਜ ਸਾਹਿਬ, ਅਨੰਦਪੁਰ ਸਾਹਿਬ ਵਾਲੀ ਥਾਂ ਤੇ ਪਵਿੱਤਰ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟਾ,ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ।
ਦੁਨੀਆਂ ਦੇ ‘ਕਿਸੇ ਵੀ ਧਰਮ ਦੇ ਇਤਿਹਾਸ’ ਵਿੱਚ ਕਿਸੇ ‘ਹੋਰ ਧਰਮ ਲਈ’ ਕਿਸੇ ‘ਮਹਾਂਪੁਰਸ਼ ਵੱਲੋਂ ਕੁਰਬਾਨੀ ਦੇਣ’ ਦੀ ਅਜਿਹੀ ‘ਵਿਲੱਖਣ ਉਦਾਹਰਣ’ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ‘ਉਹ ਕੌਮ, ਜਿਸ ਦਾ ਵਜੂਦ ਇਸ ਧਰਤੀ ਉੱਤੇ ਗੁਰੂ ਜੀ ਦੁਆਰਾ ਦਿੱਤੀਆਂ ਕੁਰਬਾਨੀਆਂ ਕਰਕੇ ਹੀ ਮੌਜੂਦ ਹੈ,’ ਇਸ ਕਰਮ ਨੂੰ ਭੁੱਲ ਕੇ ‘ਅਕ੍ਰਿਤਘਣਾਂ ਦੀ ਸ਼੍ਰੇਣੀ ਵਿਚ ਖੜ੍ਹਨ’ ਦੀ ‘ਸ਼ਰਮ’ ਵੀ ਮਹਿਸੂਸ ਨਹੀਂ ਕਰ ਰਹੀ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਹਿਲਾਂ ਪੁੱਜੇ ਸੰਦੇਸ਼ ਅਨੁਸਾਰ ਗੁਰਗੱਦੀ ਦੀ ਬਖ਼ਸ਼ਿਸ਼ ਹੋਣ ਤੇ ਇਹ ਜ਼ਿੰਮੇਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 11 ਨਵੰਬਰ, 1675 ਨੂੰ ਬਾਬਾ ਬੁੱਢਾ ਜੀ ਦੇ ਪੜਪੋਤਰੇ, ਭਾਈ ਰਾਮ ਕੁਇਰ ( ਜੋ ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਦੇ ਬੇਟੇ ਭਾਈ ਗੁਰਦਿੱਤਾ ਜੀ ਦੇ ਪੁੱਤਰ ਸਨ) ਪਾਸੋਂ ਤਿਲਕ ਲਗਵਾ ਕੇ ਸੰਭਾਲ ਲਈ ਸੀ।
ਗੁਰੂ ਤੇਗ ਬਹਾਦਰ ਜੀ ਨੇ ਮਿਸਾਲ ਕਾਇਮ ਕਰ ਕੇ
“ਸੀਸ ਦੀਆ ਪਰ ਸਿਰਰੁ ਨਾ ਦੀਆ”
ਬਚਨ ਨਿਭਾਉਂਦਿਆਂ
“ਬਾਂਹਿ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹਿ ਨਾ ਛੋੜੀਐ॥”
ਦੇ ਫੁਰਮਾਨ ਤੇ ਪਹਿਰਾ ਦੇ ਕੇ ਸਿੱਖ ਕੌਮ ਨੂੰ ‘ਇਨਕਲਾਬੀ ਲੀਹਾਂ’ ਤੇ ਪਾਉਣ ਦੀ ਪ੍ਰੇਰਨਾ ਦੇ ਕੇ ਅਮਰ ਹੋ ਗਏ। ਅਤੇ ਸੱਚਮੁੱਚ ਹੀ “ਹਿੰਦ ਦੀ ਚਾਦਰ” ਅਰਥਾਤ “ਭਾਰਤ ਦੀ ਇੱਜ਼ਤ ਤੇ ਅਣਖ ਦੇ ਰਖਵਾਲੇ” ਸਾਬਤ ਹੋਏ।
ਆਪ ਜੀ ਦੇ ਉਚਾਰੇ 59 ਸ਼ਬਦ ਅਤੇ 57 ਸ਼ਲੋਕ; 15 ਰਾਗਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਅਤੇ ਚੋਣਵੇਂ ਗੁਰਸਿੱਖਾਂ ਦੀ ਮਦਦ ਨਾਲ ਆਪਣੀ ਦੇਖ ਰੇਖ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਏ ਗਏ। ਇਸ ਤੋਂ ਅਗਲਾ ਸਿੱਖ ਕੌਮ ਦਾ ਇਤਿਹਾਸ ਅੱਜ ਵੀ ਕੌਮ ਦੀਆਂ ਗਤੀਵਿਧੀਆਂ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਹੈ। ਮੌਜੂਦਾ ‘ਕਿਸਾਨ ਸੰਘਰਸ਼’ ਵਿੱਚ ਅੱਜ ਵੀ ‘ਸਿਰੜ, ਸਿਦਕ, ਸਬਰ ਅਤੇ ਅਡੋਲਤਾ’ ਦੀ ਮਿਸਾਲ ‘ਪ੍ਰਤੱਖ’ ਦੇਖੀ ਜੀ ਸਕਦੀ ਹੈ।
ਕੁਰਬਾਨੀਆਂ ਭਰੇ ਇਤਿਹਾਸ ਵਿੱਚ ਸ੍ਰੀ ਗੁਰੂ ਤੇਗ਼ ਤੇਗ ਬਹਾਦਰ ਜੀ ਦਾ ਬਹੁਤ ਉੱਘਾ ਸਥਾਨ ਹੈ ਜਿਨ੍ਹਾਂ ਨੇ ਹਮੇਸ਼ਾਂ ਇਹੀ ਸਿੱਖਿਆ ਦਿੱਤੀ ਕਿ ‘ਨਾ ਕਿਸੇ ਤੋਂ ਡਰੋ, ਤੇ ਨਾ ਹੀ ਕਿਸੇ ਨੂੰ ਡਰਾਉ।’
ਇਹ ਵੀ ਸਪਸ਼ਟ ਕੀਤਾ ਕਿ ਇੱਥੇ ਸਭ ਕੁਝ ਨਾਸ਼ਵਾਨ ਹੈ। ਸੰਸਾਰ ਤੇ ਰਹਿੰਦਿਆਂ ਕਿਸੇ ਵੀ ਚੀਜ਼ ਨਾਲ ਬੇਲੋੜਾ ਮੋਹ ਨਾ ਲਗਾਓ। ਜੋ ਕੁਸ਼ ਇੱਥੇ ਪੈਦਾ ਹੁੰਦਾ ਹੈ ਉਹ ਸਭ ਨਸ਼ਟ ਹੋ ਜਾਣਾ ਹੈ
*”ਜੋ ਉਪਜਿਓ ਸੋ ਬਿਨਸਿ ਹੈ ਪਰੋ ਆਸ ਕੈ ਕਾਲ॥”
*”ਕਹੁ ਨਾਨਕ ਥਿਰੁ ਕਛੁ ਨਹੀਂ ਸੁਪਨੇ ਜਿਉਂ ਸੰਸਾਰੁ॥”
ਮਹਾਨ ਗੁਰੂ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਾਲ ਵਿੱਚੋਂ ਗੁਜ਼ਰਦਿਆਂ ਗੁਰੂ ਸਾਹਿਬ ਜੀ ਨੂੰ ਕੋਟਿ ਕੋਟਿ ਨਮਨ ਹੈ।