ਸ਼ੇਖ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਈ : ਨੂੰ,ਪਿਤਾ ਸ਼ੇਖ ਜਮਾਲਉਦੀਨ ਸੁਲੇਮਾਨ ਦੇ ਗ੍ਰਹਿ ਵਿਖੇ,ਮਾਤਾ ਮਰੀਅਮ ਦੀ ਕੁੱਖ ਤੋਂ,ਪਿੰਡ ਖੋਤਵਾਲ ਜਿਲ੍ਹਾ ਮੁਲਤਾਨ,ਪਾਕਿਸਤਾਨ ‘ਚ ਹੋਇਆ। ਕੁੱਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਲਾਲਉਦੀਨ ਸੁਲੇਮਾਨ ਤੇ ਮਾਤਾ ਜੀ ਦਾ ਨਾਮ ਕਰਸੂਮ ਜਾਂ ਕੁਰਸਮ ਵੀ ਲਿਖਿਆ ਹੈ। ਇਸੇ ਤਰ੍ਹਾਂ,ਕੁਝ ਇਤਿਹਾਸਕਾਰਾਂ ਨੇ ਸ਼ੇਖ ਫਰੀਦ ਜੀ ਦਾ ਜਨਮ ਪਿੰਡ ਕੋਤਵਾਲ ਵਿਖੇ ਹੋਇਆ ਲਿਖਿਆ ਹੈ। ਸ਼ੇਖ ਫਰੀਦ ਜੀ ਦਾ ਜਨਮ ਅਸਥਾਨ ਜਿਲ੍ਹਾ ਮੁਲਤਾਨ ਵਿੱਚ ਮਹਾਰਨ ਤੇ ਆਯੋਜਨ ਵਿਚਕਾਰ ਸਥਿਤ ਹੈ। ਅੱਜ-ਕੱਲ੍ਹ ਇਸ ਪਿੰਡ ਨੂੰ “ਮਸਾਇਖ ਕਾ ਚਾਉਲੀ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਸ਼ੇਖ ਫਰੀਦ ਜੀ ਦਾ ਪੂਰਾ ਨਾਮ ਫਰੀਦ-ਉ-ਦੀਨ ਮਸਉਦ-ਗੰਜ-ਇ-ਸਦਰ ਸੀ। ਸ਼ੇਖ ਫਰੀਦ ਜੀ ਦੇ ਪੁਰਖੇ ਸ਼ਾਹੀ ਘਰਾਣੇ ਨਾਲ ਸਬੰਧਿਤ ਸਨ। ਆਪ ਜੀ ਦੇ ਪਿਤਾ ਜੀ ਕਾਜੀ ਸਨ ਅਤੇ ਮਾਤਾ ਜੀ ਹਜ਼ਰਤ ਅਲੀ (ਮੁਹੰਮਦ ਸਾਹਿਬ ਦੇ ਖਲੀਫੇ) ਦੇ ਵੰਸ਼ ਵਿੱਚੋਂ ਸਨ। ਆਪ ਜੀ ਦੇ ਮਾਤਾ ਜੀ,ਸ਼ੇਖ ਵਜੀਹੁਦੀਨ ਖੁਜੰਦੀ ਦੀ ਸਪੁੱਤਰੀ ਸਨ। ਸ਼ਾਹੀ ਘਰਾਣੇ ਨਾਲ ਸੰਬੰਧਿਤ ਹੋਣ ਕਾਰਨ,ਸ਼ੇਖ ਫਰੀਦ ਜੀ ਦੇ ਪਿਤਾ ਜੀ ਬਹੁਤ ਅਮੀਰ ਸਨ। ਇਸ ਦੇ ਨਾਲ-ਨਾਲ,ਆਪ ਜੀ ਦੇ ਮਾਤਾ-ਪਿਤਾ ਬਹੁਤ ਹੀ ਨੇਕ,ਸਦਾਚਾਰੀ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ।
ਆਪ ਜੀ ਦੇ ਬਚਪਨ ‘ਚ ਹੀ,ਆਪ ਜੀ ਦੇ ਪਿਤਾ ਜੀ ਦਾ ਸਾਇਆ,ਆਪ ਜੀ ਦੇ ਸਿਰ ਤੋਂ ਉੱਠ ਗਿਆ ਸੀ। ਆਪ ਜੀ ਦੇ ਮਾਤਾ ਜੀ,ਜਿੱਥੇ ਆਪ ਅੱਲ੍ਹਾ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਨ,ਉਥੇ ਉਹਨਾਂ ਦੇ ਮਨ ‘ਚ ਹਰ ਸਮੇਂ ਇਹੀ ਇੱਛਾ ਬਣੀ ਰਹਿੰਦੀ ਸੀ ਕਿ ਮੇਰਾ ਪੁੱਤਰ ਵੀ ਅੱਲ੍ਹਾ ਦੀ ਬੰਦਗੀ ਵਿੱਚ ਜੁੜਿਆ ਰਿਹਾ ਕਰੇ। ਸੰਸਾਰ ਅੰਦਰ ਬਹੁਤ ਘੱਟ ਮਾਵਾਂ ਇਹੋ ਜਿਹੀਆ ਹੁੰਦੀਆਂ ਹਨ,ਜਿਹੜੀਆਂ ਆਪਣੇ ਬੱਚਿਆ ਅੰਦਰ, ਸਦਾਚਾਰਕ ਗੁਣਾਂ ਦੇ ਨਾਲ-ਨਾਲ,ਉਸ ਅੱਲ੍ਹਾ ਦੀ ਭਜਨ ਬੰਦਗੀ ਦੇ ਬੀਜ ਬੋ ਦਿੰਦੀਆਂ ਹਨ। ਸ਼ੇਖ ਫਰੀਦ ਜੀ ਦੇ ਮਾਤਾ ਜੀ ਨੇ,ਆਪ ਜੀ ਦੇ ਜੀਵਨ ਨੂੰ ਮਹਾਨ ਬਣਾਉਣ ਲਈ,ਬਹੁਤ ਅਹਿਮ ਤੇ ਨਿੱਘਾ ਯੋਗਦਾਨ ਪਾਇਆ।
ਸ਼ੇਖ ਫਰੀਦ ਜੀ ਨੂੰ ਬਚਪਨ ਵਿੱਚ ਸ਼ੱਕਰ ਤੇ ਗੁੜ ਬਹੁਤ ਸਵਾਦ ਲੱਗਦੇ ਸਨ। ਸ਼ੇਖ ਫਰੀਦ ਜੀ ਦੇ ਮਾਤਾ ਜੀ ਨੇ,ਸ਼ੇਖ ਫਰੀਦ ਜੀ ਨੂੰ ਭਜਨ ਬੰਦਗੀ ਤੇ ਇਬਾਦਤ ਦੀ ਚੇਟਰ ਲਾਉਣ ਲਈ,ਇੱਕ ਵਿਉਂਤ ਬਣਾਈ। ਇਸ ਵਿਉਂਤ ਅਧੀਨ,ਮਾਤਾ ਜੀ ਸ਼ੇਖ ਫਰੀਦ ਜੀ ਨੂੰ ਕਹਿੰਦੇ ਹੁੰਦੇ ਸਨ ਕਿ ਹੇ ਫਰੀਦ!ਜੇ ਤੂੰ ਨਮਾਜ ਪੜ੍ਹੇਂਗਾ,ਅੱਲ੍ਹਾ ਦੀ ਬੰਦਗੀ ਕਰੇਂਗਾ ਤਾਂ ਅੱਲ੍ਹਾ ਖਾਣ ਲਈ ਤੈਨੂੰ ਮਿੱਠੀਆਂ-ਮਿੱਠੀਆਂ ਚੀਜਾਂ ਦੇਵੇਗਾ। ਇੰਜ ਕਹਿ ਕੇ, ਆਪ ਜੀ ਨੂੰ ਨਮਾਜ ਪੜ੍ਹਨ ਦੀ ਪ੍ਰੇਰਣਾ ਕਰਦੇ ਰਹਿੰਦੇ ਸਨ। ਫਿਰ,ਸ਼ੇਖ ਫਰੀਦ ਜੀ ਨਮਾਜ ਪੜ੍ਹਦੇ ਸਨ ਤਾਂ ਮਾਤਾ ਆਪ ਹੀ ਮਸੁੱਲੇ (ਨਮਾਜ ਪੜ੍ਹਨ ਲੱਗਿਆ ਹੇਠ ਵਿਛਾਉਣ ਵਾਲਾ ਕੱਪੜਾ) ਹੇਠ ਸ਼ੱਕਰ ਜਾਂ ਗੁੜ ਰੱਖ ਦਿੰਦੇ ਸਨ। ਸ਼ੇਖ ਫਰੀਦ ਜੀ ਜਦੋਂ ਨਮਾਜ ਪੜ੍ਹ ਕੇ ਉੱਠਦੇ ਸਨ ਤਾਂ ਦੇਖਦੇ ਸਨ ਕਿ ਉਹਨਾਂ ਦੇ ਮਸੁੱਲੇ ਹੇਠ ਸ਼੍ਰਕਰ ਜਾਂ ਗੁੜ ਆਦਿ ਕੋਈ ਮਿੱਠੀ ਚੀਜ਼ ਪਈ ਹੈ। ਫਿਰ, ਮਾਤਾ ਜੀ ਕਹਿ ਦਿੰਦੇ ਸਨ ਕਿ ਫਰੀਦ! ਤੇਰੀ ਇਬਾਦਤ ਤੋਂ ਖੁਸ਼ ਹੋ ਕੇ ਅੱਲ੍ਹਾ ਨੇ ਤੇਰੇ ਲਈ ਸ਼ੱਕਰ ਤੇ ਗੁੜ ਭੇਜਿਆ ਹੈ। ਸ਼ੁਰੂ-ਸ਼ੁਰੂ ਵਿੱਚ ਸ਼ੇਖ ਫਰੀਦ ਜੀ ਸ਼ੱਕਰ ਤੇ ਗੁੜ ਦੇ ਲਾਲਚ ਵਸ ਹੋ ਕੇ,ਨਮਾਜ ਪੜ੍ਹਦੇ ਰਹੇ ਤੇ ਅੱਲਾ ਦੀ ਇਬਾਦਤ ਕਰਦੇ ਰਹੇ। ਪਰ ਹੌਲੀ-ਹੌਲੀ ਸ਼ੇਖ ਫਰੀਦ ਜੀ ਨੂੰ ਅੱਲ੍ਹਾ ਦੀ ਭਜਨ ਬੰਦਗੀ ਵਿੱਚ ਰਸ ਆਉਣਾ ਸ਼ੁਰੂ ਹੋ ਗਿਆ।
ਫਿਰ, ਭਗਤ ਫਰੀਦ ਜੀ ਨੂੰ ਭਜਨ ਬੰਦਗੀ ਦੀ ਐਸੀ ਚੇਟਕ ਲੱਗੀ ਕਿ ਇਸ ਰਸ ਦੀ ਮਿਠਾਸ ਦੇ ਸਾਹਮਣੇ, ਹੋਰਨਾਂ ਪਦਾਰਥਾਂ ਦਾ ਰਸ ਫਿੱਕਾ ਲੱਗਣਾ ਸ਼ੁਰੂ ਹੋ ਗਿਆ। ਸ਼ੇਖ ਫਰੀਦ ਜੀ ਫਰਮਾਉਂਦੇ ਹਨ:
ਫਕੀਰਾ ਸਕਰ ਖੰਡ ਨਿਵਾਤ ਗੁੜੁ ਮਾਖਿਉ ਮਾਂਝਾ ਦੁਧੁ।।
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ।।27।।
ਭਾਵ ਅਰਥ :ਸ਼ੇਖ ਫਰੀਦ ਜੀ ਰਹਿੰਦੇ ਹਨ ਕਿ ਸ਼ੱਕਰ,ਖੰਡ,ਮਿਸ਼ਰੀ,ਗੁੜ,ਸ਼ਹਿਦ ਤੇ ਮੱਝ ਦਾ ਦੁੱਧ ਹਨ, ਪਰ,ਹੇ, ਅੱਲ੍ਹਾ! ਇਹਨਾਂ ਪਦਾਰਥਾਂ ਦੀ ਮਿਠਾਸ, ਤੇਰੇ ਨਾਮ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦੀ ਭਾਵ ਕਿ ਜੋ ਮਿਠਾਸ ਤੇਰੇ ਨਾਮ ਵਿੱਚ ਹੈ, ਉਹ ਮਿਠਾਸ ਇਹਨਾਂ ਪਦਾਰਥਾਂ ਵਿੱਚ ਨਹੀਂ ਹੌ। ਇਤਿਹਾਸ ਅੰਦਰ ਇੰਜ ਵੀ ਲਿਖਿਆ ਮਿਲਦਾ ਹੈ ਕਿ ਇੱਕ ਦਿਨ ਸ਼ੇਖ ਫਰੀਦ ਜੀ ਦੇ ਮਾਤਾ ਜੀ, ਸ਼ੇਖ ਫਰੀਦ ਜੀ ਦੇ ਮਸੁੱਲੇ ਹੇਠ ਸ਼ੱਕਰ ਜਾਂ ਗੁੜ ਰੱਖਣਾ ਭੁੱਲ ਗਏ। ਸ਼ੇਖ ਫਰੀਦ ਜੀ ਜਦੋਂ ਨਮਾਜ ਪੜ੍ਹ ਕੇ ਉੱਠੇ ਤੇ ਮੁਸੱਲਾ ਚੁੱਕਿਆ ਤਾਂ ਮੁਸੱਲੇ ਹੇਠ ਸ਼ੱਕਰ ਪਈ ਹੋਈ ਸੀ। ਜਦੋਂ ਮਾਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਹਿਜੇ ਹੀ ਸਮਝ ਗਏ ਕਿ ਸ਼ੇਖ ਫਰੀਦ ਜੀ ਦੀ ਇਬਾਦਤ ਅੱਲ੍ਹਾ ਦੇ ਦਰ ਤੇ ਪ੍ਰਵਾਨ ਹੋ ਗਈ ਹੈ ।
ਇੱਕ ਵਾਰ ਦੀ ਗੱਲ ਹੈ,ਰਾਤ ਦੇ ਸਮੇਂ ਸ਼ੇਖ ਫਰੀਦ ਜੀ ਦੇ ਘਰ ਇੱਕ ਚੋਰ ਆ ਗਿਆ। ਅਚਾਨਕ ਹੀ ਇੱਕ ਕੌਤਕ ਵਰਤਿਆ। ਚੋਰ ਦੀਆਂ ਅੱਖਾਂ ਸਾਹਵੇਂ ਹਨੇਰਾ ਛਾ ਗਿਆ ਤੇ ਉਸ ਨੂੰ ਦਿਖਣਾ ਬੰਦ ਹੋ ਗਿਆ। ਚੋਰ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਉਸ ਨੇ ਇਸ ਘਰ ਵਿੱਚ ਆ ਕੇ ਬਹੁਤ ਭਾਰੀ ਗਲਤੀ ਕੀਤੀ ਹੈ । ਉਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਇਹ ਕਿਸੇ ਆਮ ਮਨੁੱਖ ਦਾ ਘਰ ਨਹੀਂ ਸਗੋਂ ਕਿਸੇ ਮਹਾਂਪੁਰਖ ਦਾ ਘਰ ਹੈ। ਉਸ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਤੇ ਪ੍ਰਣ ਕੀਤਾ ਕਿ ਜੇ ਮੇਰੀਆਂ ਅੱਖਾਂ ਦੀ ਰੋਸ਼ਨੀ ਆ ਜਾਵੇ ਤੇ ਮੇਰੀਆਂ ਅੱਖਾਂ ਠੀਕ ਹੋ ਜਾਣ ਤਾਂ ਮੈਂ ਕਦੇ ਚੋਰੀ ਨਹੀਂ ਕਰਾਂਗਾ ਅਤੇ ਪੱਕਾ ਮੁਸਲਮਾਨ ਹਣ ਜਾਵਾਂਗਾ। ਜਦੋਂ ਸ਼ੇਖ ਫਰੀਦ ਜੀ ਦੇ ਮਾਤਾ ਜੀ ਨੂੰ ਚੋਰ ਦੇ ਦਿਲ ਦੀ ਅਵਸਥਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪ ਚੋਰ ਦੀ ਭਲਾਈ ਲਈ ਰੱਬ ਅੱਗੇ ਅਰਦਾਸ ਕੀਤੀ। ਰੱਬ ਦੀ ਮਹਿਰ ਹੋਈ, ਇਸ ਚੋਰ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੇ ਚੋਰ ਸੁਜਾਖਾ ਹੋ ਗਿਆ।
ਮੁੱਢਲੀ ਵਿੱਦਿਆ: ਸ਼ੇਖ ਫਰੀਦ ਜੀ ਨੂੰ ਮੁੱਢਲੀ ਵਿੱਦਿਆ ਦਿਵਾਉਣ ਲਈ, ਛੋਟੀ ਉਮਰੇ ਹੀ ਮੁਲਦਾਨ ਦੇ ਇੱਕ ਮਦਰੱਸੇ ਵਿੱਚ ਭੇਜ ਦਿੱਤਾ ਗਿਆ। ਸ਼ੇਖ ਫਰੀਦ ਜੀ ਦੀ ਬੁੱਧੀ ਬਹੁਤ ਤੀਖਣ ਸੀ। ਆਪ ਜੀ ਨੇ 15—16 ਸਾਲ ਦੀ ਉਮਰ ਵਿੱਚ ਹੀ ਸਾਰੀ ਕੁਰਾਨ ਕੰਠ ਕਰ ਲਈ ਸੀ। ਆਪ ਜੀ 24 ਘੰਟਿਆਂ ਵਿੱਚ ਕੁਰਾਨ ਸ਼ਰੀਫ ਦਾ ਸੰਪੂਰਨ ਪਾਠ ਕਰ ਲਿਆ ਕਰਦੇ ਸਨ। ਆਪ ਜੀ ਨੇ 16 ਸਾਲ ਦੀ ਉਮਰ ਵਿੱਚ ਹੱਜ ਵੀ ਕਰ ਲਿਆ ਸੀ।
ਮੁਲਤਾਨ ਵਿਖੇ ਹੀ ਆਪ ਜੀ ਦੀ ਮੁਲਾਕਾਤ ਖੁਆਜਾ ਕੁਤਬਦੀਨ ਬਖ਼ਤਿਆਰ ਕਾਕੀ, ਜੋ ਕਿ ਚਿਸ਼ਤੀ ਸਿਲਸਿਲੇ ਨਾਲ ਸਬੰਧ ਰੱਖਦੇ ਸਨ, ਨਾਲ ਹੋਈ। ਸ਼ੇਖ ਫਰੀਦ ਜੀ, ਬਖ਼ਤਿਆਰ ਕਾਕੀ ਜੀ ਦੇ ਜੀਵਨ ਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਅਤੇ ਆਪ ਜੀ ਨੇ ਬਖ਼ਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਨ ਕਰ ਲਿਆ। ਬਖ਼ਤਿਆਰ ਕਾਕੀ ਜੀ ਦਿੱਲੀ ਜਾਣ ਲੱਗੇ ਤਾਂ ਆਪ ਜੀ ਵੀ ਬਖ਼ਤਿਆਰ ਕਾਕੀ ਨਾਲ ਦਿੱਲੀ ਜਾਣ ਲਈ ਤਿਆਰ ਹੋ ਗਏ, ਪਰ ਬਖ਼ਤਿਆਰ ਕਾਕੀ ਨੇ ਸ਼ੇਖ ਫਰੀਦ ਜੀ ਨੂੰ ਹੁਕਮ ਦਿੱਤਾ ਕਿ ਫਰੀਦ ਜੀ! ਪਹਿਲਾਂ ਉੱਚ ਵਿੱਦਿਆ ਹਾਸਲ ਕਰੋ, ਫਿਰ ਮੇਰੇ ਪਾਲ ਆਉਣਾ। ਆਪ ਜੀ ਨੇ ਆਪਣੇ ਮੁਰਸ਼ਦ ਦੀ ਆਗਿਆ ਅਨੁਸਾਰ, ਹੋਰ ਵਧੇਰੇ ਤਲੀਮ ਹਾਸਲ ਕਰਨ ਲਈ, ਸ਼ੇਖ ਫਰੀਦ ਜੀ ਅਫਗਾਨਿਸਤਾਨ ਤੇ ਈਰਾਨ ਹੁੰਦੇ ਹੋਏ ਬਗਦਾਦ ਪਹੁੰਚੇ। ਇਸ ਸਮੇਂ ਬਗਦਾਦ, ਇਸਮ ਅਰਬੀ ਤੇ ਇਸਲਾਮੀ ਫ਼ਲਸਫੇ ਦਾ ਗੜ੍ਹ ਬਣਿਆ ਹੋਇਆ ਸੀ। ਦੂਰ ਦੁਰੇਡਿਓਂ ਮੁਸਲਮਾਨ ਵਿਦਿਆਰਥੀ ਇਥੇ ਆ ਕੇ ਉੱਚ ਵਿੱਦਿਆ ਹਾਸਲ ਕਰਦੇ ਹੁੰਦੇ ਸਨ। ਸ਼ੇਖ ਫਰੀਦ ਜੀ ਨੇ, ਇਥੇ ਇਸਲਾਮ ਦੇ ਵਿਦਵਾਨਾਂ ਪਾਸੋਂ ਤਾਲੀਮ ਹਾਸਲ ਕਰਕੇ ਲਾਭ ਲਿਆ।
ਮੁੱਢਲੀ ਵਿੱਦਿਆ ਪੂਰੀ ਕਰਕੇ, ਉੱਚ ਵਿੱਦਿਆ ਹਾਸਲ ਕਰਨ ਲਈ ਕੰਧਾਰ ਗਏ ਅਤੇ ਲਗਭਗ ਪੰਜ ਸਾਲ ਇਥੇ ਰਹਿ ਕੇ, ਉੱਚ ਵਿੱਦਿਆ ਹਾਸਲ ਕੀਤੀ।
ਸ਼ੇਖ ਫਰੀਦ ਜੀ ਗ੍ਰਹਿਸਥ ਦੇ ਧਾਰਨੀ ਸਨ। ਆਪ ਜੀ ਦੇ ਪੰਜ ਪੁੱਤਰ (ਖੁਆਜਾ ਨਸੀਰੁੱਦੀਨ, ਖੁਆਜਾ ਸ਼ਹਾਬੁੱਦੀਨ, ਸ਼ੇਖ ਬਦਰੁੱਦੀਨ ਸੁਲੇਮਾਨ, ਸ਼ੇਖ ਨਿਜਾਮੂਦੀਨ ਤੇ ਸ਼ੇਖ ਯਾਕੂਬ) ਅਤੇ ਤਿੰਨ ਧੀਆਂ (ਬੀਬੀ ਮਸਤੂਰਾ, ਬੀਬੀ ਸ਼ਰੀਫਾ ਤੇ ਬੀਬੀ ਫਾਤਿਮਾ) ਸਨ। ਆਪ ਜੀ ਦਾ ਜੀਵਨ ਬਹੁਤ ਸੰਜਮੀ ਸੀ। ਆਪ ਜੀ ਬਹੁਤ ਘੱਟ ਭੋਜਨ ਕਰਦੇ ਸਨ, ਲਿਬਾਸ ਵੀ ਸਾਦਾ ਹੀ ਧਾਰਨ ਕਰਦੇ ਸਨ। ਆਪ ਜੀ ਬਹੁਤ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ। ਆਪ ਜੀ ਬਹੁਤ ਸੰਤੋਖੀ ਜੀਵਨ ਜਿਉਣ ਦੀ ਪ੍ਰੇਰਣਾ ਕਰਦੇ ਰਹਿੰਦੇ ਸਨ।
ਕੁੱਝ ਸਮਾਂ ਪਾ ਕੇ ਸ਼ੇਖ ਫਰੀਦ ਜੀ ਆਪਣੇ ਮੁਰਸ਼ਦ ਬਖ਼ਤਿਆਰ ਕਾਕੀ ਪਾਸ ਮਹਿਰੋਲੀ (ਦਿੱਲੀ) ਚਲੇ ਗਏ। ਸ਼ੇਖ ਫਰੀਦ ਜੀ ਨੇ ਬਖ਼ਤਿਆਰ ਕਾਕੀ ਪਾਸੋਂ ਗਿਆਨ ਪ੍ਰਾਪਤ ਕਰਕੇ, ਲੰਬਾ ਸਮਾਂ ਆਪਣੇ ਮੁਰਸ਼ਦ ਪਾਸ ਹੀ ਬਿਤਾਇਆ।
ਸੰਨ 1215 ਈ. ਵਿੱਚ ਸ਼ੇਖ ਫਰੀਦ ਜੀ ਆਪਣੇ ਸਾਥੀਆਂ ਸਹਿਤ, ਦਿੱਲੀ ਤੋਂ ਪਾਕਪਟਨ ਜਾ ਰਹੇ ਸਨ। ਰਸਤੇ ਵਿੱਚ ਆਪ ਜਾ ਨੇ ਆਪਣੇ ਸਾਥੀਆਂ ਸਮੇਤ ਇੱਕ ਛੱਪੜੀ ਦੇ ਕਿਨਾਰੇ ਤੇ ਵਿਸ਼ਰਾਮ ਕੀਤਾ ਅਤੇ ਆਪਣੇ ਮੁਰਸ਼ਦ ਬਖ਼ਤਿਆਰ ਕਾਕੀ ਜੀ ਦੀ ਬਖ਼ਸ਼ਿਸ਼ ਕੀਤੀ ਹੋਈ ਗੋਦੜੀ ਇੱਕ ਪੇੜ ਤੇ ਟੰਗ ਦਿੱਤੀ। ਫਿਰ, ਆਪ ਜੀ ਖਾਣ-ਪੀਣ ਦਾ ਸਮਾਨ ਲੈਣ ਲਈ ਨਾਲ ਵਸਦੇ ਮੋਕਲ ਨਗਰ ਨਾਮ ਦੇ ਸ਼ਹਿਰ ਚਲੇ ਗਏ। ਉਹਨਾਂ ਦਿਨਾਂ ਵਿੱਚ ਇਸ ਸ਼ਹਿਰ ਦੀ ਨਵ-ਉਸਾਰੀ ਦਾ ਕਾਰਜ ਚੱਲ ਰਿਹਾ ਸੀ। ਇਥੇ ਸ਼ੇਖ ਫਰੀਦ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਪਕੜ ਲਿਆ ਗਿਆ ਤੇ ਸ਼ਹਿਰ ਦੀ ਨਵ-ਉਸਾਰੀ ਦੇ ਕੰਮ ਤੇ ਲਾ ਦਿੱਤਾ ਗਿਆ। ਸ਼ੇਖ ਫਰੀਦ ਜੀ ਨੂੰ ਗਾਰੇ ਦੀ ਟੋਕਰੀ ਸਿਰ ਇੱਤੇ ਚੁੱਕ ਕੇ, ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਜਾਣ ਦਾ ਹੁਕਮ ਕੀਤਾ ਗਿਆ। ਆਸ-ਪਾਸ ਦੇ ਲੋਕਾਂ ਨੇ ਜਦੋਂ ਦੇਖਿਆ ਕਿ ਸ਼ੇਖ ਫਰੀਦ ਜੀ ਦੇ ਸਿਰ ਤੇ ਰੱਖੀ ਗਾਰੇ ਦੀ ਟੋਕਰੀ ਸਿਰ ਤੋਂ ਉੱਪਰ ਹਵਾ ਵਿੱਚ ਤੈਰ ਰਹੀ ਹੈ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਸ਼ੇਖ ਫਰੀਦ ਜੀ ਕੋਈ ਆਮ ਇਨਸਾਨ ਨਹੀਂ, ਸਗੋਂ ਕੋਈ ਔਲੀਆ ਫਕੀਰ ਹਨ। ਜਦੋਂ ਰਾਜਾ ਮੋਕਲ ਦੇਵ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਚੱਲ ਕੇ ਸ਼ੇਖ ਫਰੀਦ ਜੀ ਪਾਸ ਆਇਆ ਅਤੇ ਸ਼ੇਖ ਫਰੀਦ ਜੀ ਪਾਸੋਂ ਮਾਫੀ ਮੰਗ ਕੇ, ਆਪਣੀ ਭੁੱਲ ਬਖ਼ਸ਼ਵਾਈ।
ਇਸ ਘਟਨਾ ਤੋਂ ਬਾਅਦ ਰਾਜੇ ਨੇ ਇਸ ਸ਼ਹਿਰ ਦਾ ਨਾਮ, ਸ਼ੇਖ ਫਰੀਦ ਜੀ ਦੇ ਨਾਮ ਉੱਪਰ ‘ਫਰੀਦਕੋਟ’ ਰੱਖ ਦਿੱਤਾ। ਸ਼ੇਖ ਫਰੀਦ ਜੀ ਦੇ ਕਹਿਣ ਤੇ ਰਾਜੇ ਨੇ ਸ਼ੇਖ ਫਰੀਦ ਜੀ ਦੇ ਸਾਥੀਆਂ ਨੂੰ ਅਤੇ ਹੋਰ ਗਰੀਬ ਲੋਕਾਂ ਨੂੰ, ਜਿੰਨਾਂ ਨੂੰ ਪਕੜ ਕੇ ਜਬਰੀ ਕੰਮ ਲਿਆ ਜਾ ਰਿਹਾ ਸੀ, ਛੱਡ ਦਿੱਤਾ।
ਸ਼ੇਖ ਫਰੀਦ ਜਾ ਆਪਣੇ ਸਾਥੀਆਂ ਅਤੇ ਹੋਰ ਗਰੀਬ ਲੋਕਾਂ ਨੂੰ ਛਡਵਾਉਣ ਤੋਂ ਬਾਅਦ, ਵਾਪਸ ਉਸ ਛੱਪੜੀ ਦੇ ਕਿਨਾਰੇ ਪਹੁੰਚੇ,ਜਿਥੇ ਆਪ ਜੀ ਆਪਣੇ ਮੁਰਸ਼ਦ ਬਖ਼ਤਿਆਰ ਕਾਕੀ ਵੱਲੋਂ ਬ਼ਖ਼ਸ਼ਿਸ਼ ਕੀਤੀ ਗੋਦੜੀ ਰੱਖ ਕੇ ਆਏ। ਇਥੇ ਪਹੁੰਚ ਕੇ ਆਪ ਜੀ ਨੇ ਦੇਖਿਆ ਕਿ ਆਜੜੀ ਦੇ ਬੱਚੇ ਗੋਦੜੀ ਦੀ ਖੁੱਦੋ ਬਣਾ ਕੇ ਖੇਡਾਂ ਖੇਡ ਰਹੇ ਸਨ। ਸ਼ੇਖ ਫਰੀਦ ਜੀ ਨੂੰ ਆਪਣੇ ਮੁਰਸ਼ਦ ਵੱਲੋਂ ਬ਼ਖ਼ਸ਼ਿਸ਼ ਕੀਤੀ ਗਈ ਗੋਦੜੀ ਦੀ ਸੰਭਾਲ ਨਾ ਕਰ ਸਕਣ ਦਾ ਬਹੁਤ ਦੁੱਖ ਹੋਇਆ। ਆਪ ਜੀ ਨੇ ਆਪਣੀ ਇਸ ਭੁੱਲ ਨੂੰ ਬ਼ਖ਼ਸ਼ਵਾਉਣ ਲਈ, ਇਸ ਅਸਥਾਨ ਤੇ 40 ਦਿਨ ਭਜਨ-ਬੰਦਗੀ ਕੀਤੀ। ਸ਼ੇਖ ਫਰੀਦ ਜੀ ਦੀ ਯਾਦ ਨਾਲ ਸਬੰਧਤ ਹੋਣ ਕਾਰਨ, ਇਸ ਅਸਥਾਨ ਦਾ ਨਾਮ ‘ਗੋਦੜੀ ਸਾਹਿਬ’ ਪੈ ਗਿਆ। ਇਸ ਅਸਥਾਨ ਤੇ ਸੁੰਦਰ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਪਾਕ ਪਟਨ (ਹੁਣ ਪਾਕਿਸਤਾਨ) ਪਹੁੰਚ ਕੇ, ਸ਼ੇਖ ਫਰੀਦ ਜੀ ਨੇ ਪਾਕ ਪਟਨ (ਪਾਕਿਸਤਾਨ ) ਨੂੰ ਪ੍ਰਚਾਰ ਦਾ ਕੇਂਦਰ ਬਣਾ ਲਿਆ। ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀ (ਪ੍ਰਚਾਰ ਯਾਤਰਾ ) ਦੌਰਾਨ ਪਾਕ ਪਟਨ ਗਏ ਤਾਂ ਆਪ ਜੀ ਨੇ ਸ਼ੇਖ ਫਰੀਦ ਜੀ ਦੀ ਬਾਣੀ, ਆਪ ਜੀ ਦੀ ਗੱਦੀ ਤੇ ਬਿਰਾਜਮਾਨ ਸ਼ੇਖ ਬ੍ਰਹਮ ਜੀ ਪਾਸੋਂ ਕੀਤੀ। ਗੁਰੂ ਨਾਨਕ ਦੇਵ ਜੀ ਨੇ ਇਸ ਬਾਣੀ ਨੂੰ ਸੰਭਾਲ ਲਿਆ, ਜਿਸ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਇਮਾਨ ਕੀਤਾ।
ਲਗਭਗ 93 ਸਾਲਾਂ ਦੀ ਦੁਨੀਆਵੀ ਉਮਰ ਭੋਗ ਕੇ, ਸ਼ੇਖ ਫਰੀਦ ਜੀ ਸੰਨ 1266 ਈ. ਵਿੱਚ ਅਯੋਧਨ, ਪਾਕ ਪਟਨ (ਪਾਕਿਸਤਾਨ ) ਵਿਖੇ ਆਕਾਲ ਚਲਾਣਾ ਕਰ ਗਏ।
ਪਰਮਜੀਤ ਸਿੰਘ ਸੁਚਿੰਤਨ
(ਲੁਧਿਆਣਾ)