ਦਾਸਤਾਨ-ਏ-ਸ਼ਹਾਦਤ: ਧੰਨ ਮਾਤਾ ਗੁਜਰੀ, ਧੰਨ ਮਾਂ ਦਾ ਸਿਦਕ,ਧੰਨ ਮਾਤਾ ਗੁਜਰ ਕੌਰ ਜਿਨ੍ਹਾਂ ਨੂੰ ਮਾਤਾ ਗੁਜਰੀ ਜੀ ਦੇ ਨਾਮ ਨਾਲ ਨਿਵਾਜਿਆਂ ਜਾਂਦਾ ਹੈ। ਜੇਕਰ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰੀ ਜੀ ਨੂੰ ਅੱਠ ਸ਼ਹੀਦੀਆਂ ਦਾ ਯੁੱਗ ਆਖ ਕੇ ਯਾਦ ਕੀਤਾ ਜਾਂਦਾ ਹੈ। ਇਹ ਸਿਰਜਨਹਾਰੀ ਭਾਵ ਮਾਤਾ ਗੁਜਰੀ ਜੀ ਦੁਨੀਆਂ ਵਿਚ ਆਉਣ ਵਾਲੀ ਹਰ ਸ਼ਖ਼ਸੀਅਤ ਤੋਂ ਵਿਲੱਖਣ ਹਨ। ਆਪ ਜੀ ਦੇ ਪਤੀ ਸ੍ਰੀ ਗੁਰੂ ਤੇਗ ਬਹਾਦਰ ਜੀ, ਪੁੱਤਰ ਗੁਰੂ ਗੋਬਿੰਦ ਸਿੰਘ ਜੀ, ਭਰਾ ਸ੍ਰੀ ਕਿ੍ਰਪਾਲ ਚੰਦ, ਚਾਰ ਪੋਤਰੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ, ਪੰਜ ਦੋਹਤੇ ਤੇ ਖ਼ੁਦ ਆਪ ਕੌਮ ਦੀ ਖ਼ਾਤਰ ਸ਼ਹੀਦ ਹੋਏ ਹਨ। ਜੇ ਅਸੀਂ ਸਤਿਯੁਗ, ਤ੍ਰੇਤਾ, ਦੁਆਪਰ ਜਾਂ ਫਿਰ ਚੱਲ ਰਹੇ ਕੁਲਯੁੱਗ ਵੱਲ ਨਜ਼ਰ ਮਾਰੀਏ ਤਾਂ ਅਜਿਹੀ ਬਲੀਦਾਨ ਵਾਲੀ ਸ਼ਖ਼ਸੀਅਤ ਸਾਨੂੰ ਨਹੀਂ ਲੱਭੇਗੀ। ਮਾਤਾ ਗੁਜਰੀ ਜੀ ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦ ਦੀ ਭੈਣ , ਸ਼ਹੀਦਾਂ ਦੀ ਦਾਦੀ ਤੇ ਫੇਰ ਅੱਗੇ ਆਪ ਸ਼ਹੀਦ ਸ਼ਖ਼ਸੀਅਤ। ਸਹਿਣਸ਼ੀਲਤਾ, ਧਰਮ, ਦੇਸ਼, ਕੌਮ ਮਰ ਮਿਟ ਜਾਣ ਦੀ ਮਿਸਾਲ ਹੈ ਮਾਤਾ ਗੁਜਰੀ ਜੀ।ਮਨੁੱਖਤਾ ਦੀ ਭਲਾਈ, ਮਨੁੱਖਤਾ ਦਾ ਦਰਦ ਲਈ ਆਪਣਾ ਹੀ ਨਹੀਂ ਸਗੋਂ ਆਪਣੇ ਜਣੇਆਂ ਦਾ ਵੀ ਖੂਨ ਨਿਛਾਵਰ ਕੀਤਾ। ਮਾਤਾ ਗੁਜਰੀ ਕੌਰ ਦਾ ਜਨਮ 1622 ਵਿਚ ਲਾਲ ਚੰਦ ਸੁਭਿੱਖੀ ਦੇ ਘਰ ਕਰਤਾਰਪੁਰ ਵਿਖੇ ਹੋਇਆ। ਬਚਪਨ ਵਿਚ ਹੀ ਇਨ੍ਹਾਂ ਦਾ ਸੁਭਾਅ ਬਹੁਤ ਨਿਰਮਲ ਅਤੇ ਝੁਕਾਅ ਅਧਿਆਤਮਿਕਤਾ ਵਲ ਸੀ। ਸੰਨ 1633 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਵਿਆਹੇ ਗਏ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਦੇਸ਼ ਨੂੰ ਮੰਨਦਿਆਂ ਮਾਤਾ ਗੁਜਰੀ ਜੀ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਅਤੇ ਆਪਣੀ ਸੱਸ ਮਾਤਾ ਨਾਨਕੀ ਸਮੇਤ ਬਾਬਾ ਬਕਾਲਾ ਰਹਿਣ ਲੱਗ ਪਏ ਸਨ। ਬਾਬਾ ਬਕਾਲਾ ਆ ਕੇ ਗੁਰੂ ਤੇਗ ਬਹਾਦਰ ਜੀ ਬੰਦਗੀ ਕਰਨ ਲੱਗ ਪਏ। ਗੁਰੂ ਜੀ ਦੀ ਬੰਦਗੀ ਸਮੇਂ ਮਾਤਾ ਗੁਜਰੀ ਜੀ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਸੇਵਾ-ਸੰਭਾਲ ਕੀਤੀ।ਅੱਠਵੇਂ ਪਾਤਸ਼ਾਹ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਨੇ ਪਰਲੋਕ ਗਮਨ ਕਰਨ ਵੇਲੇ ਅਗਲੇ ਗੁਰੂ ਲਈ ‘ਬਾਬਾ ਬਕਾਲਾ’ ਸ਼ਬਦ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਸੰਕੇਤ ਕੀਤਾ ਸੀ ਪਰ ਬਹੁਤ ਸਾਰੇ ਬੇਦੀ ਤੇ ਸੋਢੀ ਬਕਾਲੇ ਵਿਚ ਮੰਜੀਆਂ ਲਾ ਕੇ ਬੈਠ ਗਏ। ਇਨ੍ਹਾਂ ਦੀ ਗਿਣਤੀ 22 ਦੱਸੀ ਜਾਂਦੀ ਹੈ। ਇਕ ਕਥਾ ਅਨੁਸਾਰ ਇਕ ਸਿੱਖ ਵਪਾਰੀ ਮੱਖਣ ਸ਼ਾਹ ਲੁਬਾਣਾ ਨੇ ਮੰਜੀ ਲਾ ਕੇ ਬੈਠੇ ਸਾਰੇ 22 ਵਿਅਕਤੀਆਂ ਦੀ ਪੜਤਾਲ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ‘ਗੁਰੂ ਲਾਧੋ ਰੇ’ ਕਹਿ ਕੇ ਸਿੱਖ ਸਿੰਘਾਸਨ ਦਾ ਅਸਲ ਵਾਰਿਸ ਐਲਾਨਿਆ ਤੇ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਵਜੋਂ ਗੁਰਗੱਦੀ ’ਤੇ ਬਿਰਾਜਮਾਨ ਹੋਏ। ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੀ ਆਗਿਆ ਮੰਨ ਕੇ ਗੁਰਮਤਿ ਸਿੱਖਿਆਵਾਂ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਉਦੇਸ਼ ਨਾਲ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ ਅਤੇ ਆਸਾਮ ਜਿਹੇ ਸੂਬਿਆਂ ਵੱਲ ਯਾਤਰਾ ’ਤੇ ਗਏ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਮਾਤਾ ਨਾਨਕੀ ਜੀ, ਪਤਨੀ ਗੁਜਰੀ ਜੀ ਅਤੇ ਬਹੁਤ ਸਾਰੇ ਸਿੱਖ ਸੇਵਕ ਸਨ। ਪਟਨਾ ਨਿਵਾਸ ਦੌਰਾਨ ਮਾਤਾ ਗੁਜਰੀ ਜੀ ਦੇ ਕੁੱਖੋਂ ਪੋਹ ਸੁਦੀ ਸੱਤਵੀਂ ਸੰਨ 1666 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਇਸੇ ਸਾਲ ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਤੋਂ ਜ਼ਮੀਨ ਖ਼ਰੀਦ ਕੇ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਸਾਇਆ ਸੀ। ਕੁਝ ਸਮੇਂ ਬਾਅਦ ਗੁਰੂ ਜੀ ਨੇ ਆਨੰਦਪੁਰ ਵਿਖੇ ਮਾਤਾ ਗੁਜਰੀ ਸਮੇਤ ਆਪਣੇ ਸਾਰੇ ਪਰਿਵਾਰ ਨੂੰ ਬੁਲਾ ਲਿਆ। ਗੋਬਿੰਦ ( ਭਾਵ ਗੁਰੂ ਗੋਬਿੰਦ ਸਿੰਘ ਜੀ ) ਦਾ ਜਨਮ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਜਿੱਥੇ ਗੁਰਗੱਦੀ ਅਨੁਸਾਰ ਆਪਣੇ ਕੰਮ ਕਰਦੇ ਸੀ, ਉੱਥੇ ਮਾਤਾ ਗੁਜਰੀ ਆਪਣੇ ਪੁੱਤਰ ਗੋਬਿੰਦ ਜੀ ਨੂੰ ਮਨੋਬਲ ਤੇ ਜਿਸਮਾਨੀ ਤਾਕਤ ਦੇਣ ਲਈ ਗੱਤਕਾਬਾਜੀ, ਤੀਰਅੰਦਾਜ਼ੀ, ਨੇਜ਼ਾਬਾਜ਼ੀ ਅਤੇ ਢਾਲ-ਤਲਵਾਰ ਵਿਚ ਪੂਰਨ ਕਰਨ 'ਚ ਜੁਟੇ ਰਹੇ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਜੀ ਨੇ ਇੱਕ ਸੈਨਾਪਤੀ ਦੀ ਤਰ੍ਹਾਂ ਮਨੁੱਖਤਾ ਦੀ ਭਲਾਈ 'ਚ ਡਟੇ ਰਹੇ। ਇਸ ਸਮੇਂ ਗੋਬਿੰਦ ਸਿੰਘ ਜੀ ੯ ਸਾਲ ਦੇ ਸਨ। ਪਰ ਹਰ ਸਮੇਂ ਆਪਣੇ ਪੁੱਤਰ ਵਿਚ ਧਰਮ, ਦੇਸ਼ ਤੇ ਮਨੁੱਖਤਾ ਨਾਲ ਪਿਆਰ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸੂਰਬੀਰਤਾ ਵਾਲੀ ਕੌਮ ਨੂੰ ਉਜਾਗਰ ਕਰਨ ਲਈ ਪ੍ਰੇਰਿਆ। ਚਾਰੋ ਸਾਹਿਬਜ਼ਾਦਿਆਂ ਵਿਚ ਦ੍ਰਿੜਤਾ ਭਰਨ ਵਿਚ ਮਹੱਤਵਪੂਰਨ ਕੰਮ ਮਾਤਾ ਗੁਜਰੀ ਜੀ ਨੇ ਹੀ ਕੀਤਾ। ਇਹੋ ਕਾਰਨ ਹੈ ਕਿ ਛੋਟੀਆਂ ਜਿੰਦਾਂ ਵਿਚ ਧਰਤ ਤੇ ਦੇਸ਼ ਦੇ ਅੱਗੇ ਕੋਈ ਅਮੀਰੀ ਨੇ ਆ ਕੇ ਅੜਚਣ ਨਾ ਪਾਈ। ਦਾਦੀ ਦੀਆਂ ਸਿੱਖਿਆਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਮੌਤ ਦਾ ਡਰ ਹੀ ਭੁਲਾ ਦਿੱਤਾ ਸੀ। ਕੰਧਾਂ ਵਿਚ ਚਿਣੇ ਗਏ ਪਰ ਕੋਈ ਲੋਭ-ਲਾਲਚ ਉਨ੍ਹਾਂ ਨੂੰ ਨਾ ਜਿਤ ਸਕਿਆ। ਦੁੱਖਾਂ ਵਿਚ ਕਿਤੇ ਵੀ ਨਾ ਥਿੜਕੇ।ਮਾਤਾ ਗੁਜਰੀ ਨੇ ਗੁਰੂ ਮਾਤਾ ਤੇ ਗੁਰੂ ਪਤਨੀ ਹੁੰਦੇ ਹੋਇਆਂ ਵੀ ਅੰਤਾਂ ਦੇ ਦੁੱਖ-ਸੁੱਖ ਭੋਗੇ। ੭੯ ਸਾਲ ਦੀ ਉਮਰ ਵਿਚ ਸ਼ਹੀਦੀ ਪਾਈ।ਸੋ ਮਾਤਾ ਗੁਜਰੀ ਸਿੱਖੀ ਦੀ ਢਹਿੰਦੀ ਕਲਾਂ ਨੂੰ ਉਸਾਰੂ ਬਣਾਉਣ ਲਈ ਪੰਥ ਪ੍ਰਦਰਸ਼ਕ ਹਨ। ਸ਼ਹੀਦ ਦੀ ਮਾਂ, ਸ਼ਹੀਦ ਦੀ ਪਤਨੀ, ਸ਼ਹੀਦਾਂ ਦੀ ਦਾਦੀ ਨੂੰ ਅੱਜ ਸਰਹਿੰਦ ਦੇ ਠੰਢੇ ਬੁਰਜ ਅਤੇ ਗੁਰਦੁਆਰਾ ਜੋਤੀ ਸਰੂਪ 'ਚ ਸਾਰੀ ਲੋਕਾਈ ਨਤਮਸਤਕ ਹੁੰਦੀ ਹੈ।ਸਿਰਜਨਹਾਰੀ ਮਾਤਾ ਗੁਜਰ ਕੌਰ ਜੀ ਧੰਨ ਕੁਰਬਾਨੀਆਂ ਦੀ ਮੂਰਤ ਮਾਤਾ ਗੁਜਰ ਕੌਰ ਜੀ ਸ਼ਹਿਣਸ਼ੀਲਤਾ ਦੀ ਪੁਜਾਰੀ ਮਾਤਾ ਗੁਜਰ ਕੌਰ ਜੀ ਫੌਜ ਦੀ ਸੈਨਾਪਤੀ ਮਾਤਾ ਗੁਜਰ ਕੌਰ ਜੀ ਸ਼ੇਰਾਂ ਦੀ ਕੌਮ ਦੀ ਵਾਰਿਸ ਮਾਤਾ ਗੁਜਰ ਕੌਰ ਜੀ ਇੱਕ ਬਹਾਦਰ ਮਾਂ ਮਾਤਾ ਗੁਜਰ ਕੌਰ ਜੀ ਨੂੰ ਸਿੱਖ ਕੌਮ ਕੋਟਿ ਕੋਟਿ ਪ੍ਰਣਾਮ ਕਰਦੀ ਹੈ।