ਸਿੱਖ ਇਤਿਹਾਸਕਾਰਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਲਾਹੌਰ ਨੂੰ ਵਾਪਸ ਪਰਤਦੇ ਸਮੇ ਰਾਵੀ ਦੇ ਸੱਜੇ ਕੰਢੇ ਵਸਦੇ ਪਿੰਡ ਪੱਖੋ ਕੇ ਰੰਧਾਵੇ ਪਹੁੰਚੇ । ਪਿੰਡ ਦੇ ਚੌਧਰੀ ਦੋਦਾ ਨੂੰ ਜਦੋਂ ਗੁਰੂ ਜੀ ਦੇ ਪਿੰਡ ਆਉਣ ਦਾ ਪਤਾ ਲੱਗਿਆ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਗੁਰੂ ਜੀ ਕੋਲ ਗਿਆ । ਉਸਨੇ ਉੱਥੇ ਹੀ ਗੁਰੂ ਜੀ ਅਤੇ ਸੰਗਤ ਲਈ ਰਹਿਣ ਵਾਸਤੇ ਧਰਮਸਾਲਾ ਅਤੇ ਲੰਗਰਾਂ ਦਾ ਪ੍ਰਬੰਧ ਕਰ ਦਿੱਤਾ । ਚੌਧਰੀ ਦੋਦਾ ਨੇ ਉੱਥੋਂ ਦੇ ਸਥਾਨਕ ਹਾਕਮ ਦੁਨੀ ਚੰਦ ( ਕਰੋੜੀ ਮੱਲ ) ਦੀ ਸਹਾਇਤਾ ਨਾਲ ਇਸ ਸਥਾਨ ‘ਤੇ ਗੁਰੂ ਜੀ ਨੂੰ ਸੌ ਘੁਮਾਂ ਜ਼ਮੀਨ ਦਿੱਤੀ, ਜਿੱਥੇ ਗੁਰੂ ਜੀ ਹੱਥੀਂ ਖੇਤੀ ਕਰਨ ਲੱਗ ਪਏ ਅਤੇ ਇੱਥੇ ਆਪ ਨੇ ਸੰਸਾਰ ਨੂੰ “ ਕਿਰਤ ਕਰੋ , ਵੰਡ ਛਕੋ ਅਤੇ ਨਾਮ ਜਪੋ “ ਦਾ ਸੰਦੇਸ਼ ਦਿੱਤਾ। ਇਥੇ ਗੁਰੂ ਜੀ ਨੇ ਤਲਵੰਡੀ ਤੋਂ ਆਪਣੇ ਮਾਤਾ – ਪਿਤਾ ਅਤੇ ਸੁਲਤਾਨਪੁਰ ਲੋਧੀ ਤੋਂ ਆਪਣੀ ਪਤਨੀ ਮਾਤਾ ਸੁਲੱਖਣੀ ਅਤੇ ਪੁੱਤਰਾਂ ਨੂੰ ਆਪਣੇ ਪਾਸ ਬੁਲਾ ਲਿਆ ਅਤੇ ਇੱਥੇ ਹੀ ਵਸ ਗਏ । ਇੱਥੇ ਹੀ ਗੁਰੂ ਜੀ ਨੇ 1522 ਈਸਵੀ ਵਿੱਚ ਕਰਤਾਰਪੁਰ ਵਸਾਇਆ ।ਇਸ ਵਾਰੇ ਪੰਜਵੇਂ ਪਾਤਿਸਾਹ ਗੁਰੂ ਅਰਜਣ ਦੇਵ ਜੀ ਬਾਣੀ ਵਿੱਚ ਉਚਾਰਦੇ ਹਨ –
ਕਰਤਾਰਪੁਰਿ ਕਰਤਾ ਵਸੈ ਸੰਤਨ ਕੈ ਪਾਸਿ ।। ( ਅੰਗ 816 )
ਇਸ ਸੰਬੰਧੀ ਭਾਈ ਗੁਰਦਾਸ ਜੀ ਵੀ ਲਿਖਦੇ ਹਨ –
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ
ਪਹਿਰਿ ਸਾਸਰੀ ਕਪੜੇ
ਮੰਜੀ ਬੈਠਿ ਕੀਆ ਅਵਤਾਰਾ ।
ਇੱਥੇ ਰਹਿੰਦਿਆਂ ਗੁਰੂ ਜੀ ਨੇ ਅਨੇਕਾਂ ਹੀ ਬਾਣੀਆਂ ਦੀ ਰਚਨਾ ਕੀਤੀ । ਉਹ ਇੱਥੇ ਸਵੇਰੇ ਸਾਮ ਕੀਰਤਨ ਦਾ ਪ੍ਰਵਾਹ ਕਰਕੇ ਸੰਗਤ ਨੂੰ ਪ੍ਰਭੂ ਸਿਮਰਨ ਕਰਵਾਉਂਦੇ । ਦਿਨ ਵੇਲੇ ਆਪ ਖੇਤੀ ਕਰਕੇ ਹੱਥੀਂ ਕਿਰਤ ਕਰਿਆ ਕਰਦੇ ਸਨ । ਕਰਤਾਰਪੁਰ ਰਹਿੰਦਿਆਂ ਗੁਰੂ ਸਾਹਿਬ ਜਗਿਆਸੂਆਂ ਨਾਲ ਸਵਾਲ ਜਵਾਬ ਕਰਿਆ ਕਰਦੇ ਸਨ । ਇੱਥੇ ਆਪ ਜੀ ਪਾਸ ਸੰਗਤ ਤਾਂ ਆਉਂਦੀ ਹੀ ਸੀ, ਸਗੋਂ ਸਨਿਆਸੀ, ਵੈਰਾਗੀ ਅਤੇ ਯੋਗੀ ਆਦਿ ਆਪਣੇ ਸ਼ੰਕੇ ਨਵਿਰਤ ਕਰਨ ਹਿੱਤ ਆਪ ਦੇ ਦਰਸ਼ਨ ਕਰਨ ਆਉਂਦੇ ਹੀ ਰਹਿੰਦੇ ਸਨ ।
ਇਸ ਅਸਥਾਨ ‘ਤੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ । ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਸੰਨ 1532 ਈਸਵੀ ਵਿੱਚ ਦੇਵੀ ਦੀ ਯਾਤਰਾ ‘ਤੇ ਜਾਂਦੇ ਸਮੇ ਗੁਰੂ ਜੀ ਦਾ ਮਿਲਾਪ ਭਾਈ ਲਹਿਣਾ ਜੀ ਨਾਲ ਹੋਇਆ ਅਤੇ ਉਹਨਾਂ ਲਹਿਣਾ ਜੀ ਨੂੰ ਆਪਣਾ ਵਾਰਸ ਐਲਾਨ ਕੇ ਗੁਰ ਅੰਗਦ ਦਾ ਨਾਮ ਦੇ ਦਿੱਤਾ ਜਿਸ ਦਾ ਭਾਵ “ ਬਹੁਤ ਹੀ ਸਿਆਣਾ “ ਜਾਂ “ ਤੁਹਾਡਾ ਆਪਣਾ ਹਿੱਸਾ “ ਹੈ । ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਗੱਦੀ ਦੇਣ ਉਪਰੰਤ ਉਹਨਾਂ ਨੂੰ ਖੰਡਰ ਸਾਹਿਬ ਜਾ ਕੇ ਵੱਸਣ ਦਾ ਹੁਕਮ ਦਿੱਤਾ । ਲਹਿਣਾ ਜੀ ਨੂੰ ਗੱਦੀ ਬਖ਼ਸ਼ਣ ਤੋਂ ਪਹਿਲਾਂ ਆਪ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਗੰਦੇ ਚਿੱਕੜ ਵਿੱਚੋਂ ਕੌਲਾ ਕੱਢਣ ਅਤੇ ਮੁਰਦੇ ਨੂੰ ਖਾ ਕੇ ਦਿਖਾਉਣ ਜਿਹੇ ਬਹੁਤ ਹੀ ਕਠਿਨ ਪ੍ਰੀਖਿਆਮਈ ਆਦੇਸ਼ ਦੇ ਕੇ ਕਰੜੀ ਪਰੀਖਿਆ ਲਈ । ਗੁਰੂ ਜੀ 22 ਸਤੰਬਰ 1539 ਈਸਵੀ ਨੂੰ 70 ਸਾਲ ਦੀ ਉਮਰ ਭੋਗ ਕੇ ਜੋਤੀ ਜੋਤ ਸਮਾ ਕੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਦੂਸਰੀ ਜੋਤ ਵਿੱਚ ਪ੍ਰਕਾਸ਼ਮਾਨ ਹੋ ਕੇ ਦੂਸਰੇ ਨਾਨਕ ਦੇ ਰੂਪ ਵਿੱਚ ਪ੍ਰਗਟ ਹੋ ਗਏ ।