ਸੰਨ 1699 ਈਸਵੀ ਦੇ ਅਪ੍ਰੈਲ ਮਹੀਨੇ ਦੀ 13 ਤਾਰੀਖ਼ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਉੱਤੇ ਲਿਖਿਆ ਗਿਆ ਵਿਲੱਖਣ ਅਤੇ ਗੌਰਵਮਈ ਘਟਨਾਕ੍ਰਮ ਖਾਲਸਾ ਪੰਥ ਦਾ ਸਥਾਪਨਾ ਦਿਵਸ ਹੈ । ਇਸ ਮਹਾਨ ਅਤੇ ਪਾਵਨ ਦਿਵਸ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਵਿੱਚੋਂ ਵਿਸਾਖੀ ਵਾਲੇ ਦਿਨ ਅਨੰਦਪੁਰ ਦੀ ਧਰਤੀ ਉੱਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਕੇ ਇੱਕ ਨਿਰਾਲੀ ਖਾਲਸਾਈ ਜਾਲੋ-ਜਲਾਲ ਵਾਲੀ ਨਿਰਾਲੀ ਕੌਮ ਤਿਆਰ ਕੀਤੀ ਸੀ ।
ਮੁਗਲ ਹੁਕਮਰਾਨ ਔਰੰਗਜੇਬ ਨੇ ਜ਼ੁਲਮ , ਅੰਨਿਆਂ ਅਤੇ ਅੱਤਿਆਚਾਰ ਦੀ ਮਜਲੂਮਾਂ ਵਿਰੁੱਧ ਹਰ ਹੱਦ ਪਾਰ ਕਰਦਿਆਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ । ਮੁਗਲਾਂ ਦੇ ਅੱਤਿਆਚਾਰ ਤੋਂ ਤੰਗ ਆਏ ਲੋਕ ਤ੍ਰਾਹ-ਤ੍ਰਾਹ ਕਰਨ ਲੱਗੇ । ਖਾਲਸੇ ਦੀ ਸਾਜਨਾ ਪਿੱਛੇ ਲੋਕਾਂ ਦਾ ਮੁੱਦਤਾਂ ਪੁਰਾਣਾ ਦਰਦ ਲੁਕਿਆ ਪਿਆ ਸੀ ।ਨੀਵੀਆਂ ਜਾਤਾਂ ਵਾਲ਼ਿਆਂ ਉੱਤੇ ਮੁਗਲਾਂ ਦੇ ਜ਼ੁਲਮ ਦੀ ਅੱਤ ਵਰ੍ਹ ਰਹੀ ਸੀ । ਲੋਕਾਂ ਉੱਪਰ ਹੋ ਰਹੇ ਜ਼ੁਲਮ ਨੂੰ ਠੱਲ੍ਹਣ ਲਈ ਕਿਸੇ ਨਵੇਂ ਇਨਕਲਾਬ ਦਾ ਹੋਂਦ ਵਿੱਚ ਆਉਣਾ ਬਹੁਤ ਜ਼ਰੂਰੀ ਹੋ ਗਿਆ ਸੀ ਤਾਂ ਕਿ ਅੰਨਿਆਂ ਦੇ ਝੱਖੜ ਨੂੰ ਠੱਲ੍ਹਿਆ ਜਾ ਸਕੇ । ਦਸ਼ਮੇਸ਼ ਪਿਤਾ ਜੀ ਨੇ ਇਸੇ ਮਕਸਦ ਦੀ ਪੂਰਤੀ ਲਈ ਵਿਸਾਖੀ ਦੇ ਦਿਨ ਅਨੰਦਪੁਰ ਦੀ ਧਰਤੀ ‘ਤੇ ਭਰੇ ਪੰਡਾਲ ਵਿੱਚ ਮਿਆਨ ਵਿੱਚੋਂ ਤਲਵਾਰ ਕੱਢਦਿਆਂ ਲਹਿਰਾਉਂਦੇ ਹੋਏ ਕਿਸੇ ਇੱਕ ਗੁਰੂ ਦੇ ਸਿੱਖ ਤੋਂ ਸ਼ੀਸ਼ ਲੈਣ ਦੀ ਮੰਗ ਕੀਤੀ । ਗੁਰੂ ਦੇ ਮੂੰਹੋਂ ਇਹ ਸੁਣਕੇ ਪੰਡਾਲ ਵਿੱਚ ਸੰਨਾਟਾ ਛਾਅ ਗਿਆ । ਗੁਰੂ ਜੀ ਨੇ ਦੂਸਰੀ ਵਾਰ , ਅਤੇ ਆਖਰ ਤੀਸਰੀ ਵਾਰ ਫਿਰ ਲਲਕਾਰਿਆ । ਨੀਵੀਂ ਪਾਈ ਬੈਠੀ ਸੰਗਤ ਵਿੱਚੋਂ ਆਖਰ ਲਾਹੌਰ ਦਾ ਰਹਿਣ ਵਾਲਾ ਦਇਆ ਰਾਮ ਸ਼ੀਸ਼ ਦੇਣ ਲਈ ਤਿਆਰ ਹੋ ਕੇ ਗੁਰੂ ਜੀ ਵੱਲ ਚੱਲ ਪਿਆ । ਗੁਰੂ ਜੀ ਦਇਆ ਰਾਮ ਨੂੰ ਆਪਣੇ ਤੰਬੂ ਵਿੱਚ ਲੈ ਗਏ। ਗੁਰੂ ਜੀ ਖ਼ੂਨ ਨਾਲ ਭਿੱਜੀ ਤਲਵਾਰ ਲੈ ਕੇ ਬਾਹਰ ਆ ਗਏ ਅਤੇ ਵਾਰੋ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ । ਇਸ ਤਰਾਂ ਗੁਰੂ ਜੀ ਦਾ ਹੁਕਮ ਮੰਨਦਿਆਂ ਭਾਈ ਧਰਮ ਦਾਸ , ਭਾਈ ਹਿੰਮਤ ਰਾਏ , ਭਾਈ ਮੋਹਕਮ ਚੰਦ ਅਤੇ ਭਾਈ ਸਾਹਿਬ ਚੰਦ ਨੇ ਗੁਰੂ ਜੀ ਦੇ ਹੁਕਮ ਨੂੰ ਖਿੜੇ ਮੱਥੇ ਕਬੂਲਿਆ । ਪ੍ਰਿੰਸੀਪਲ ਸਤਬੀਰ ਸਿੰਘ ਅਨੁਸਾਰ – “ ਤੰਬੂ ਦੇ ਪੜ੍ਹਦੇ ਅੰਦਰ ਉਹਨਾਂ ਪੰਜਾਂ ਨਾਲ ਕੀ ਬੀਤੀ , ਇਹ ਕਹਿਣਾ ਅਸੰਭਵ ਹੈ । ਸਿਰਫ ਇਤਨਾਂ ਕਹਿਣਾ ਹੀ ਫੱਬਦਾ ਹੈ ਕਿ ਉਹ ਪਰੀਖਿਆ ਦਾ ਦਿਨ ਸੀ ਅਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਪਹਿਲਾਂ ਨਹੀਂ ਦੱਸਦਾ। ਇਹ ਤਾਂ ਇਮਤਿਹਾਨ ਲੈਣ ਵਾਲੇ ਦੀ ਮਰਜ਼ੀ ਹੈ ਕਿ ਪਰਚਾ ਔਖਾ ਪਾਵੇ ਜਾਂ ਸੌਖਾ। ਫਿਰ ਜੇ ਪਰਚਾ ਦੱਸ ਦਿੱਤਾ ਤਾਂ ਪਰਚਾ ਕਾਹਦਾ ਹੋਇਆ। ਦੂਜਾ, ਜੇ ਗਿਰਦ ਗੁਰੂ ਜੀ ਨੇ ਕਨਾਤ ਕਰ ਲਈ ਸੀ ਭਾਵ ਤੰਬੂ ਲਾ ਲਿਆ ਸੀ ਤਾਂ ਸਾਨੂੰ ਕੀ ਹੱਕ ਕਿ ਉਸਦੇ ਅੰਦਰ ਝਾਕੀਏ । “
ਇਸ ਪ੍ਰਕਾਰ ਦਸ਼ਮ ਪਿਤਾ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜ਼ਾਇਆ ਅਤੇ ਮਗਰੋਂ ਆਪ ਖ਼ੁਦ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਪਾਨ ਕੀਤਾ। ਗੁਰੂ ਜੀ ਨੇ ਸਿੱਖਾਂ ਨੂੰ ਇਹ ਬਾਦਸ਼ਾਹਤ ਬਖ਼ਸ਼ਕੇ ਸਵਾ ਲੱਖ ਨਾਲ ਇਕੱਲੇ-ਇਕੱਲੇ ਨੂੰ ਟੱਕਰ ਲੈਣ ਵਾਲਾ ਸ਼ੇਰ ਬਣਾਇਆ ।