ਗੁਰੂ ਹਰਿਕ੍ਰਿਸ਼ਨ ਜੀ

 

ਨਾਮ

ਹਰਿਕ੍ਰਿਸ਼ਨ, ਅੱਠਵੇਂ ਗੁਰੂ

ਜਨਮ ਮਿਤੀ

7 ਜੁਲਾਈ 1656

ਜਨਮ ਸਥਾਨ

ਕਰਤਾਰਪੁਰ ਸਾਹਿਬ, ਰੂਪਨਗਰ

ਮਾਤਾ ਦਾ ਨਾਂ

ਕ੍ਰਿਸ਼ਨ ਕੌਰ

ਪਿਤਾ ਦਾ ਨਾਂ

ਹਰਿਰਾਇ ਜੀ

ਜੋਤੀ ਜੋਤਿ

30 ਮਾਰਚ 1664

ਗੁਰੂਕਾਲ ਸਮਾਂ

1961-1964

ਜੀਵਨ ਇਤਿਹਾਸ :
ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਸਾਹਿਬ ਦੀ ਚਲਾਈ ਗੱਦੀ ਦੇ ਅੱਠਵੇਂ ਗੁਰੂ ਹਨ । ਆਪ ਜੀ 7 ਜੁਲਾਈ 1656 ਈਸਵੀ ਨੂੰ ਪਿਤਾ ਗੁਰੂ ਹਰਿਰਾਇ ਜੀ ਦੇ ਗ੍ਰਹਿ ਵਿਖੇ ਕਰਤਾਰਪੁਰ ਸਾਹਿਬ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਪ੍ਰਕਾਸ਼ਮਾਨ ਹੋਏ । ਸਿੱਖ ਇਤਿਹਾਸ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਬਾਲ ਗੁਰੂ, “ ਬਾਲਾ ਪ੍ਰੀਤਮ ਅਤੇ ਅਸ਼ਟਮ ਬਲਬੀਰਾ " ਕਹਿ ਕੇ ਜਾਣੇ ਜਾਂਦੇ ਹਨ । ਆਪ ਜੀ ਦਾ ਜੀਵਨ ਕਾਲ ਅਤੇ ਗੁਰੂ ਕਾਲ ਬਹੁਤ ਹੀ ਛੋਟਾ ਸੀ । ਆਪ ਜੀ ਨੇ ਕੇਵਲ 5 ਸਾਲ ਦੀ ਉਮਰ ਵਿੱਚ ਹੀ ਗੁਰਗੱਦੀ ਸੰਭਾਲ਼ ਲਈ ਸੀ ਅਤੇ 8 ਸਾਲ ਦੀ ਉਮਰ ਵਿੱਚ ਹੀ ਚੇਚਕ ਦੀ ਨਾਮੁਰਾਦ ਬੀਮਾਰੀ ਹੋਣ ਕਾਰਨ
ਬਾਲ ਅਵਸਥਾ ਵਿੱਚ ਹੀ ਪ੍ਰਭੂ ਨੂੰ ਪਿਆਰੇ ਹੋ ਗਏ । ਬਾਲ ਅਵਸਥਾ ਵਿੱਚ ਗੁਰਗੱਦੀ ਉੱਤੇ ਬੈਠ ਕੇ ਆਪ ਨੇ ਆਪਣੀ ਤੀਖਣ ਬੁੱਧੀ, ਸਿਆਣਪ ਅਤੇ ਹੌਸਲੇ ਨਾਲ ਦਲੇਰੀ ਨਾਲ ਸਿੱਖ ਕੌਮ ਦੀ ਸੁਚੱਜੀ ਅਤੇ ਯੋਗ ਅਗਵਾਈ ਕੀਤੀ । ਭਾਵੇਂ ਗੁਰੂ ਸਾਹਿਬ ਦੇ ਵੱਡੇ ਭਰਾਤਾ ਰਾਮਰਾਇ ਬੜੇ ਸੂਝਵਾਨ ਅਤੇ ਸਿਆਣੇ ਹੋਣ ਦੇ ਨਾਲ-ਨਾਲ ਮਸੰਦਾ ਅਤੇ ਸਮੂਹ ਸਿੱਖ ਸੰਗਤ ਵਿੱਚ ਸਤਿਕਾਰਤ ਸ਼ਖ਼ਸੀਅਤ ਵਜੋਂ ਪਹਿਚਾਣ ਦੇ ਪਾਤਰ ਸਨ, ਪਰ ਪਿਤਾ ਗੁਰੂ ਦੀਆਂ ਨਜਰਾਂ ਵਿੱਚ ਗੁਰਗੱਦੀ ਦੇ ਯੋਗ ਆਪ ਹੀ ਸਨ । ਆਪ ਨੇ ਗੁਰਗੱਦੀ ਉੱਤੇ ਬਿਰਾਜਮਾਨ ਹੁੰਦਿਆਂ ਹੀ ਪਹਿਲੇ ਗੁਰੂਆਂ ਦੀ ਤਰਾਂ ਵਧ ਚੜ੍ਹ ਕੇ ਸਿੱਖੀ ਦਾ ਪ੍ਰਚਾਰ ਕੀਤਾ । ਆਪ ਨੇ ਗੁਰੂ ਨਾਨਕ ਦੀਆਂ ਲੀਹਾਂ ਉੱਤੇ ਚੱਲਦਿਆਂ ਇਸਤਰੀ ਦੇ ਸਤਿਕਾਰ ਅਤੇ ਉਸਨੂੰ ਜਿਉਣ ਦੇ ਹੱਕਾਂ ਲਈ ਆਵਾਜ਼ ਉਠਾਈ । ਉਸ ਸਮੇ ਰੋਪੜ ਸ਼ਹਿਰ ਦਾ ਇੱਕ ਰਾਜਾ ਰਾਮ ਨਾਂ ਦਾ ਧਨਵਾਨ ਵਿਅਕਤੀ ਅਪਣੇ ਘਰ ਪੈਦਾ ਹੁੰਦੀਆਂ ਕੁੜੀਆਂ ਨੂੰ ਜਨਮ ਸਮੇ ਹੀ ਮਾਰ-ਮੁਕਾ ਦਿੰਦਾ ਸੀ । ਗੁਰੂ ਜੀ ਨੇ ਉਸ ਕੁੜੀਮਾਰ ਵਿਅਕਤੀ ਦੀ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ । ਆਪ ਨੇ ਬਾਲ ਅਵਸਥਾ ਵਿੱਚ ਹੀ ਇੱਕ ਹੰਕਾਰੀ ਪੰਡਿਤ ਲਾਲ ਚੰਦ ਦਾ ਹੰਕਾਰ ਤੋੜਿਆ । ਬਾਦਸ਼ਾਹ ਔਰੰਗਜੇਬ ਦੇ ਦਰਬਾਰ ਵੱਲ ਜਾਂਦੇ ਸਮੇ ਰਸਤੇ ਵਿੱਚ ਗੁਰੂ ਜੀ ਅੰਬਾਲੇ ਦੇ ਨਜਦੀਕ ਪੰਜੋਖਰੇ ਵਿਸ਼ਰਾਮ ਕਰਨ ਲਈ ਰੁਕੇ ਸਨ, ਜਿੱਥੇ ਉਹਨਾਂ ਦਾ ਵਾਹ ਲਾਲ ਚੰਦ ਨਾਂ ਦੇ ਪੰਡਿਤ ਨਾਲ ਪਿਆ ਜੋ ਹੰਕਾਰ ਦੇ ਨਸ਼ੇ ਵਿੱਚ ਗ਼ਲਤਾਨ ਸੀ । ਉਸਨੇ ਬਾਲ ਗੁਰੂ ਜੀ ਨੂੰ ਨੀਵਾਂ ਦਿਖਾਉਣ ਅਤੇ ਜ਼ਲੀਲ ਕਰਨ ਦੀ ਨੀਅਤ ਨਾਲ ਕਿਹਾ ਕਿ ਤੁਹਾਨੂੰ ਸਿੱਖ ਗੁਰੂ ਹਰਿਕ੍ਰਿਸ਼ਨ ਕਹਿਕੇ ਬੁਲਾਉਂਦੇ ਹਨ।
ਪੰਡਿਤ ਨੇ ਕਿਹਾ ਕਿ ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੀ ਰਚਨਾ ਕੀਤੀ ਸੀ । ਹੰਕਾਰੀ ਪੰਡਿਤ ਨੇ ਗੁਰੂ ਜੀ ਪ੍ਰੀਖਿਆ ਲੈਣ ਲਈ ਗੀਤਾ ਦੇ ਅਰਥ ਕਰਕੇ ਦਿਖਾਉਣ ਲਈ ਕਿਹਾ । ਗੁਰੂ ਸਾਹਿਬ ਨੇ ਪੰਡਿਤ ਨੂੰ ਕਿਹਾ ਕਿ ਉਹ ਆਪਣੇ ਨਗਰ ਦਾ ਕੋਈ ਵੀ ਵਿਅਕਤੀ ਲੈ ਆਵੇ, ਉਹ ਅਕਾਲ ਪੁਰਖ ਦੀ ਕ੍ਰਿਪਾ ਸਦਕਾ ਉਸਤੋਂ ਵੀ ਗੀਤਾ ਦੇ ਅਰਥ ਕਰਵਾ ਦੇਣਗੇ।
ਪੰਡਿਤ ਆਪਣੇ ਨਗਰ ਵਿੱਚੋਂ ਛੱਜੂ ਨਾਂ ਦੇ ਇੱਕ ਕੋਰੇ ਅਨਪੜ੍ਹ ਬੰਦੇ ਨੂੰ ਗੁਰੂ ਸਾਹਿਬ ਕੋਲ ਲੈ ਆਇਆ ਅਤੇ ਉਸਤੋਂ ਗੀਤਾ ਦੀ ਅਰਥ ਕਰਵਾਉਣ ਲਈ ਗੁਰੂ ਜੀ ਨੂੰ ਆਖਣ ਲੱਗਾ । ਬਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਦੇ ਸਿਰ ਉੱਤੇ ਸੋਟੀ ਰੱਖਕੇ ਛੱਜੂ ਦੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ ਅਤੇ ਪੰਡਿਤ ਨੂੰ ਛੱਜੂ ਤੋਂ ਗੀਤਾ ਦੇ ਅਰਥ ਪੁੱਛਣ ਲਈ ਕਿਹਾ । ਹੰਕਾਰੀ ਪੰਡਿਤ ਨੇ ਛੱਜੂ ਨੂੰ ਅਨੇਕਾਂ ਔਖੇ ਤੋਂ ਔਖੇ ਗੀਤਾ ਦੇ ਅਰਥ ਪੁੱਛੇ ਅਤੇ ਛੱਜੂ ਨੇ ਵੀ ਤੁਰੰਤ ਸਾਰੇ ਸਹੀ ਜਵਾਬ ਦੇ ਦਿੱਤੇ । ਇਹ ਸਾਰਾ ਕੌਤਕ ਦੇਖ ਕੇ ਪੰਡਿਤ ਦਾ ਪਲਾਂ ਵਿੱਚ ਹੀ ਸਾਰਾ ਹੰਕਾਰ ਟੁੱਟ ਕੇ ਢਹਿ ਢੇਰੀ ਹੋ ਗਿਆ । ਉਹ ਗੁਰੂ ਸਾਹਿਬ ਦੇ ਚਰਨੀ ਡਿੱਗ ਕੇ ਨੱਕ ਰਗੜਨ ਲੱਗਾ । ਇਸ ਤਰਾਂ ਪੰਡਿਤ ਗੁਰੂ ਸਾਹਿਬ ਤੋਂ ਮਾਫ਼ੀ ਲੈ ਕੇ ਗੁਰੂ ਦਾ ਸਿੱਖ ਹੋ ਗਿਆ ਅਤੇ ਆਪਣੇ ਨਗਰ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲੱਗਾ । ਆਪ ਦੇ ਗੁਰੂ ਕਾਲ ਵਿੱਚ ਦਿੱਲੀ ਅਤੇ ਇਸਦੇ ਆਸ-ਪਾਸ ਚੇਚਕ ਦੀ ਨਾਮੁਰਾਦ ਬਿਮਾਰੀ ਫੈਲ ਗਈ । ਗੁਰੂ ਜੀ ਨੇ ਚੇਚਕ ਪੀੜਤ ਰੋਗੀਆਂ ਦੀ ਦਿਨ ਰਾਤ ਸੇਵਾ ਕੀਤੀ । ਇਸ ਸਮੇ ਉਹਨਾਂ ਨੇ ਗੁਰੂ ਘਰਾਂ ਦੀ ਗੋਲਕ ਦੇ ਮੂੰਹ ਦੀਨ ਦੁੱਖੀਆਂ ਲਈ ਖੋਲ੍ਹ ਦਿੱਤੇ । ਆਪ ਜੀ ਦੇ ਦਰਸ਼ਨ ਕਰਕੇ ਲੋਕ ਮਨ ਅਤੇ ਤਨ ਤੋਂ ਨਿਰੋਗ ਹੋ ਜਾਂਦੇ । ਆਪ ਜੀ ਦੀ ਉਸਤਤ ਕਰਦੇ ਹੋਏ ਗੁਰੂ ਗੋਬਿੰਦ ਸਾਹਿਬ ਨੇ ਬਾਣੀ ਉਚਾਰਨ ਕੀਤੀ –

                                                     ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਡਿਠੇ ਸਭ ਦੁਖ ਜਾਇ ।।
ਰੋਗੀਆਂ ਦੀ ਦਿਨ ਰਾਤ ਅਣਥੱਕ ਸੇਵਾ ਨਿਭਾਉਂਦਿਆਂ ਆਪ ਨੂੰ ਇੱਕ ਦਿਨ ਤੇਜ ਬੁਖ਼ਾਰ ਹੋ ਗਿਆ । ਆਪ ਜੀ ਦੇ ਸਰੀਰ ਤੇ ਵੀ ਚੇਚਕ ਦੇ ਲੱਛਣ ਦਿਖਾਈ ਦੇਣ ਲੱਗੇ । ਇਸ ਸਮੇ ਗੁਰੂ ਜੀ ਨੂੰ ਆਪਣਾ ਅੰਤਿਮ ਸਮਾਂ ਨਜ਼ਦੀਕ ਆਇਆ ਦਿਖਾਈ ਦੇਣ ਲੱਗਾ । ਆਪ ਨੇ ਸੰਗਤ ਨੂੰ ਗੁਰਿਆਈ ਸੌਂਪਣ ਸਬੰਧੀ ਬਾਬਾ ਬਕਾਲਾਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਗਲੀ ਗੱਦੀ ਬਾਬਾ ਬਕਾਲਾ ਵਿੱਚ ਹੈ । ਇਸ ਤਰਾਂ ਗੁਰੂ ਜੀ ਚੇਚਕ ਦੀ ਬੀਮਾਰੀ ਹੋਣ ਕਾਰਨ ਆਪਣੇ ਜੀਵਨ ਪੰਧ ਦੀ ਯਾਤਰਾ ਦੇ 7 ਸਾਲ, 8 ਮਹੀਨੇ, 19 ਦਿਨ, ਸੰਪੂਰਨ ਕਰਦੇ ਹੋਏ 30 ਮਾਰਚ 1664 ਈਸਵੀ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਗਏ ।