ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਗ ਜੀ ਦੇ ਛੋਟੇ ਸਪੁੱਤਰ ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753, ਸੰਨ 1696 ਈਸਵੀ ਤੇ ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ. ਨੂੰ ਹੋਇਆ ਸੀ। ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਆਨੰਦਪੁਰ ਵਿਚ ਹੋਇਆ ਤੇ ਸ਼ਹੀਦੀ 3 ਪੋਹ ਸੰਮਤ 1762 ਬਿਕਰਮੀ ਨੂੰ ਸਰਹਿੰਦ ਵਿਖੇ ਹੋਈ। ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ ਇਕਾਦਸੀ 1755 ਬਿਕਰਮੀ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਕਿ ਦੋ-ਦੋ ਸਾਹਿਬਜਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਹਨਾਂ ਨੂੰ ‘ਵੱਡੇ ਸਾਹਿਬਜਾਦੇ’ ਤੇ ‘ਛੋਟੇ ਸਾਹਿਬਜਾਦੇ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।
ਭਾਬਾ ਜੋਰਾਵਰ ਸਿੰਘ ਦੀ ਸ਼ਹਾਦਤ ਸਮੇਂ ਉਨ੍ਹਾਂ ਦੀ ਉਮਰ ਲਗਪਗ 9 ਸਾਲ ਅਤੇ ਬਾਬਾ ਫਤਿਹ ਸਿੰਘ ਦੀ ਲਗਪਗ 7 ਸਾਲ ਸੀ। ਲਾਸਾਨੀ ਕੁਰਬਾਨੀ ਦੇ ਕਾਰਨ ਉਨ੍ਹਾਂ ਨੂੰ ‘ਬਾਬਾ’ ਪਦ ਨਾਲ ਸਨਮਾਨਿਆ ਜਾਂਦਾ ਹੈ ਅਤੇ ਅਰਦਾਸ ਸਮੇਂ ਇਨ੍ਹਾਂ ਦਾ ਨਾਮ ਸ਼ਰਧਾ, ਸਤਿਕਾਰ ਨਾਲ ਲਿਆ ਜਾਂਦਾ ਹੈ। ਸਾਕਾ ਸਰਹਿੰਦ ਅਤੇ ਇਸ ਨਾਲ ਸੰਬੰਧਿਤ ਘਟਨਾਵਾਂ ਦਾ ਸਿਲਸਿਲਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਦਾ ਕਿਲ੍ਹਾ ਖ਼ਾਲੀ ਕਰਨ ਨਾਲ ਸ਼ੁਰੂ ਹੁੰਦਾ ਹੈ। 21 ਦਸੰਬਰ 1704 ਈ. (ਸੰਮਤ 1761 ਬਿਕਰਮੀ) ਨੂੰ ਗੁਰੁ ਜੀ ਫੌਜਾਂ ਅਤੇ ਲਾਡਲੇ ਸਾਹਿਬਜਾਦਿਆਂ ਸਮੇਤ ਥੋੜ੍ਹੀ ਹੀ ਦੂਰ ਗਏ ਸਨ ਕਿ ਮੁਗਲ ਸੈਨਾ ਨੇ ਪਿੱਛਿਓਂ ਆ ਕੇ ਹਮਲਾ ਕਰ ਦਿੱਤਾ। ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਗਲ ਸੈਨਾ ਦਾ ਟਾਕਰਾ ਕੀਤਾ। ਅੱਗੇ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਸਰਸਾ ਨੂੰ ਪਾਰ ਕਰਦੇ ਸਮੇਂ ਗੁਰੁ ਜੀ ਦਾ ਪਰਿਵਾਰ ਵਿੱਛੜ ਗਿਆ। ਕਈ ਸਿੰਘ ਵੀ ਸਰਸਾ ਨਦੀ ਦੀ ਭੇਟ ਹੋ ਗਏ। ਗੁਰੁ ਸਾਹਿਬ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ 40 ਸਿੰਘ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਜਾ ਪੁੱਜੇ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆਪਣੀ ਦਾਦੀ ਮਾਤਾ ਗੁਜਰੀ ਜੀ ਤੇ ਗੰਗੂ ਰਸੋਈਏ ਨਾਲ ਉਨ੍ਹਾਂ ਦੇ ਪਿੰਡ ਖੇੜੀ ਨੇੜੇ ਮੋਰਿੰਡਾ ਕੋਲ ਜਾ ਪਹੁੰਚੇ। ਗੰਗੂ ਰਸੋਈਆ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਤੇ ਆਰਾਮ ਕਰਨ ਲਈ ਇੱਕ ਕਮਰਾ ਦਿੱਤਾ। ਗੰਗੂ ਆਖ਼ਰ ਇੱਕ ਨੌਕਰ ਸੀ, ਉਹ ਗੁਰੁ ਦਾ ਸਿੱਖ ਨਹੀ ਸੀ। ਉਸਦੇ ਘਰਦਿਆਂ ਨੇ ਪ੍ਰੇਰਿਆ ਹੋਣੈ ਕਿ ਸਰਕਾਰ ਦੇ ਐਲਾਨੇ ਬਾਗ਼ੀ ਦੇ ਪਰਿਵਾਰ ਨੂੰ ਘਰ ਵਿੱਚ ਪਨਾਹ ਦੇ ਕੇ ਉਹ ਆਪਣੇ ਪਿੰਡ ਲਈ ਮੁਸੀਬਤ ਸਹੇੜ ਰਿਹਾ ਹੈ। ਇੱਥੇ ਉਸਨੇ ਸਭ ਤੋਂ ਵੱਡਾ ਗੁਨਾਹ ਇਹ ਕੀਤਾ ਕਿ ਉਸਨੇ ਆਪਣੇ ਮਾਲਕ ਨਾਲ ਬੇਵਫ਼ਾਈ ਕੀਤੀ। ਪਹਿਲਾਂ ਤਾਂ ਮਾਤਾ ਗੁਜਰੀ ਕੋਲ ਜੋ ਕੁਝ ਨਕਦੀ ਅਤੇ ਸੋਨਾ ਸੀ ਉਹ ਰਾਤ ਨੂੰ ਚੋਰੀ ਕਰ ਲਿਆ ਤੇ ਸਵੇਰੇ ਚੋਰੀ ਹੋਣ ਦਾ ਡਰਾਮਾ ਰਚਿਆ। ਮਾਤਾ ਜੀ ਤਾਂ ਗੰਗੂ ਦੀ ਬਦਨੀਅਤ ਨੂੰ ਪਹਿਲਾਂ ਹੀ ਭਾਪ ਗਏ ਸਨ।
ਅਗਲੀ ਸਵੇਰ 9 ਪੋਹ (23 ਦਸੰਬਰ) ਨੂੰ ਇਲਾਕੇ ਦੇ ਥਾਣੇਦਾਰ ਨੂੰ ਬੁਲਾ ਕੇ ਇਹ ਸੂਚਨਾ ਦੇਣੀ ਕਿ ਗੁਰੁ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਉਨ੍ਹਾਂ ਦੇ ਦੋ ਛੋਟੇ- ਛੋਟੇ ਸਾਹਿਬਜ਼ਾਦੇ ਘਰ ਵਿੱਚ ਲਿਆਂਦੇ ਹੋਏ ਹਨ। ਮਾਤਾ ਜੀ ਦਾ ਮਾਲ-ਧਨ ਚੋਰਾਂ ਵਾਂਗ ਰਾਤ ਨੂੰ ਚੁਰਾ ਲੈਣ ਤੋਂ ਪਿੱਛੋਂ ਗੰਗੂ ਸਵੇਰੇ ਸੱਚਾ ਬਣਨ ਲਈ ਸਰਕਾਰ ਦੀਆਂ ਨਜ਼ਰਾਂ ‘ਚ ਮੁਖਬਰ ਬਣ ਕੇ ਇਨਾਮ ਦਾ ਹੱਕਦਾਰ ਬਣ ਰਿਹਾ ਸੀ। ਮੋਰਿੰਡੇ ਦਾ ਕੋਤਵਾਲ ਮਾਤਾ ਗੁਜਰੀ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਲੈ ਗਿਆ ਅਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ। ਅਗਲੇ ਦਿਨ 10 ਪੋਹ (ਦਸੰਬਰ) ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦੇ ਹੁਕਮ ਨਾਲ ਉਸਦੀ ਕਚਹਿਰੀ ‘ਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਅਤੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਪਰ ਸਾਹਿਬਜ਼ਾਦਿਆਂ ਨੇ ਸਭ ਕੁੱਝ ਠੁਕਰਾ ਦਿੱਤਾ। 11 ਪੋਹ (ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਦੁਬਾਰਾ ਫਿਰ ਕਚਹਿਰੀ ‘ਚ ਪੇਸ਼ ਕੀਤਾ ਗਿਆ। ਕਈ ਤਰ੍ਹਾਂ ਦੇ ਡਰਾਵੇ ਦਿੱਤੇ ਗਏ ਪਰ ਜਿਨ੍ਹਾਂ ਦੀਆਂ ਰਗਾਂ ਵਿੱਚ ਦਸ਼ਮੇਸ਼ ਪਿਤਾ ਦਾ ਖੂਨ ਹੋਵੇ ਅਤੇ ਜਿਨ੍ਹਾਂ ਦੇ ਵਡੇਰਿਆਂ ਦੀ ਇਹ ਕੁਲ ਰੀਤੀ ਚਲੀ ਆ ਰਹੀ ਹੈ:
ਸੀਸੁ ਦੀਆ ਪਰ ਸਿਰਰੁ ਨ ਦੀਆ॥4॥
(ਦਸਮ ਗ੍ਰੰਥ ਸਾਹਿਬ ਜੀ, ਅੰਗ 54)
ਉਹ ਕਿਵੇਂ ਝੂਠ, ਡਰਾਵੇ ਅਤੇ ਫੋਕੇ ਮਾਇਆ ਦੇ ਲਾਲਚ ਅੱਗੇ ਝੁਕ ਸਕਦੇ ਸਨ। ਕੋਈ ਬੱਸ ਨਾ ਚੱਲਦਾ ਵੇਖ ਸੂਬੇਦਾਰ ਨੇ ਆਪਣੀ ਹਾਰ ਸਮਝਦਿਆਂ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਫੈਸਲਾ ਦੇ ਦਿੱਤਾ। ਨਵਾਬ ਮਲੇਰਕੋਟਲਾ ਵੀ ਉਸ ਸਮੇਂ ਉੱਥੇ ਹੀ ਸੀ। ਉਸਨੇ ਸੂਬੇਦਾਰ (ਵਜ਼ੀਰ ਖਾਂ) ਨੂੰ ਬੜੇ ਜ਼ੋਰਦਾਰ ਸ਼ਬਦਾਂ ਵਿਚ ਅਪੀਲ ਕੀਤੀ ਕਿ ਵਜ਼ੀਰ ਖਾਂ, “ਤੇਰਾ ਝਗੜਾ ਗੁਰੁ ਗੋਬਿੰਦ ਸਿੰਘ ਨਾਲ ਹੈ, ਉਸ ਨਾਲ ਤੂੰ ਜੰਗ ਕਰਦਾ ਵੀ ਚੰਗਾ ਲੱਗਦਾ ਹੈਂ। ਇਨ੍ਹਾਂ ਨਿੱਕੇ ਜਿਹੇ ਮਾਸੂਮ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਹੈ? ਇਨ੍ਹਾਂ ਨੂੰ ਮਾਰਨਾ ਤੇਰੀ ਬੁਜ਼ਦਿਲੀ ਹੋਵੇਗੀ। “ਡਾ. ਹਰਚੰਦ ਸਿੰਘ ਸਰਹਿੰਦੀ ਤੇ ਹੋਰ ਕਈ ਲੇਖਕਾਂ ਅਨੁਸਾਰ 12 ਪੋਹ (26 ਦਸੰਬਰ) ਨੂੰ ਚੁੱਪ ਵਰਤੀ ਰਹੀ। 13 ਪੋਹ (27 ਦਸੰਬਰ) ਨੂੰ ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਆਪਣੇ ਫੈਸਲੇ ‘ਤੇ ਅਟੱਲ ਰਹੇ। ਸੂਬੇਦਾਰ ਦੇ ਹੁਕਮ ਨਾਲ ਸਮਾਣੇ ਦੇ ਦੋ ਜਲਾਦਾਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰ ਦਿੱਤੇ। ਮਹਾਨ ਕੋਸ਼ ਦੇ ਕਰਤਾ ਕਾਨ੍ਹ ਸਿੰਘ ਨਾਭਾ ਨੇ ਵੀ ਸਾਹਿਬਜ਼ਾਦਿਆਂ ਦੇ ਸਿਰ ਕਲਮ ਕੀਤੇ ਜਾਣ ਬਾਰੇ ਦੱਸਿਆ ਹੈ।
ਕਈ ਲੇਖਕਾਂ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣਵਾ ਕੇ ਸ਼ਹੀਦ ਕੀਤਾ ਗਿਆ ਲਿਖਿਆ ਹੈ। ਅਨੇਕਾਂ ਚਿੱਤਰਕਾਰਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦਿਆਂ ਦੀਆਂ ਤਸਵੀਰਾਂ ਬਣਾਈਆਂ ਹਨ। ਜਦੋਂ ਮਾਤਾ ਗੁਜਰੀ ਨੇ ਬੱਚਿਆਂ ਦੀ ਸ਼ਹੀਦੀ ਦੀ ਖਬਰ ਸੁਣੀ ਤਾਂ ਉਹ ਬੇਹੋਸ਼ ਹੋ ਗਏ ਤੇ ਦੁਬਾਰਾ ਹੋਸ਼ ਵਿਚ ਨਾ ਆਏ।
ਗੁਰੂ ਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਨੇ ਤਿੰਨ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਦਾ ਸੰਸਕਾਰ ਕਰਨ ਲਈ 78000 ਸੋਨੇ ਦੀਆਂ ਮੋਹਰਾਂ ਖੜ੍ਹੀਆਂ ਜ਼ਮੀਨ ਤੇ ਵਿਛਾ ਕੇ ਮੁਸਲਿਮ ਬਾਦਸ਼ਾਹ ਤੋਂ ਜ਼ਮੀਨ ਖ਼ਰੀਦੀ। ਸੋਨੇ ਦੀ ਕੀਮਤ ਦੇ ਮੁਤਾਬਕ ਇਸ ਚਾਰ ਸਕੁਏਅਰ ਮੀਟਰ ਜ਼ਮੀਨ ਦੀ ਕੀਮਤ ਦੋ ਅਰਬ ਪੰਜਾਹ ਕਰੋੜ ਰੁਪਏ ਬਣਦੀ ਹੈ। ਜਿਥੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਸੀ, ਉੱਥੇ ਅੱਜਕੱਲ੍ਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਥਿਤ ਹੈ। ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ, ਉੱਥੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸਰਹਿੰਦ-ਚੂੰਗੀ ਸੜਕ ‘ਤੇ ਸਥਿਤ ਹੈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ‘ਚ ਹਰ ਸਾਲ ਹੁੰਦੇ ਸਮਾਗਮ ਨੂੰ ਸ਼ਹੀਦੀ ਸਭਾ, ਜੋੜ-ਮੇਲਾ, ਸ਼ਹੀਦੀ ਦਿਹਾੜਾ ਕਿਹਾ ਜਾਂਦਾ ਹੈ। ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਇਨ੍ਹਾਂ ਸੂਤਰਾਂ ਦੇ ਲੇਖਕ ਨੂੰ ਇਸ ਸ਼ਹੀਦੀ ਸਭਾ ਤੇ ਜਾਣ ਦਾ ਮੌਕਾ ਪ੍ਰਾਪਤ ਹੋਇਆ। ਉਸ ਸਮੇਂ ਛੋਟੇ ਸਾਹਿਬਜ਼ਾਦਿਆਂ ਦਾ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ ਸੀ।