ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਐਸੀ ਮਾਤਾ ਹੋਏ ਹਨ, ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ ਹੈ। ਸਿੱਖ ਧਰਮ ਵਿਚ 10 ਗੁਰੂ ਸਾਹਿਬਾਨ ਹੋਏ ਹਨ। ਪਹਿਲੇ ਦੋ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਅੱਠ ਗੁਰੂ ਸਾਹਿਬਾਨ ਦਾ ਬੀਬੀ ਭਾਨੀ ਜੀ ਨਾਲ ਪ੍ਰਵਾਰਕ ਰਿਸ਼ਤਾ ਸੀ।
1. ਤੀਜੇ ਗੁਰੂ ਅਮਰਦਾਸ ਜੀ ਉਨ੍ਹਾਂ ਦੇ ਪਿਤਾ ਹਨ।
2. ਚੌਥੇ ਗੁਰੂ ਰਾਮਦਾਸ ਜੀ (ਜੇਠਾ ਜੀ) ਬੀਬੀ ਭਾਨੀ ਜੀ ਦੇ ਪਤੀ ਹਨ।
3. ਪੰਜਵੇਂ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਦੇ ਸਪੁੱਤਰ ਹਨ।
4. ਛੇਵੇਂ ਗੁਰੂ ਹਰਿਗੋਬਿੰਦ ਜੀ ਪੋਤੇ ਹਨ।
5. ਸਤਵੇਂ ਗੁਰੂ ਹਰਿਰਾਇ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਸਨ।
6. ਅੱਠਵੇਂ ਗੁਰੂ ਹਰਿਿਕ੍ਰਸ਼ਨ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਦੇ ਪੁੱਤਰ ਸਨ।
7. ਨੌਵੇਂ ਗੁਰੂ ਤੇਗ ਬਹਾਦਰ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਸਪੁੱਤਰ ਸਨ।
8. ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬੀਬੀ ਭਾਨੀ ਜੀ ਦੇ ਪੋਤੇ ਹਰਿਗੋਬਿੰਦ ਦੇ ਪੋਤੇ ਸਨ।
ਚੂਨਾ ਮੰਡੀ ਲਾਹੌਰ ਵਿਚ ਠਾਕੁਰ ਹਰੀਦਾਸ ਮੱਲ ਸੋਢੀ ਦੇ ਘਰ 26 ਅੱਸੂ ਸੰਨ 1534 ਈ. ਨੂੰ ਵੀਰਵਾਰ ਮਾਤਾ ਦਿਆ ਕੌਰ ਜੀ ਦੀ ਕੁੱਖ ਤੋਂ ਬਾਲਕ ਪੈਦਾ ਹੋਇਆ, ਜਿਸ ਦਾ ਨਾਮ ਰਾਮਦਾਸ ਰੱਖਿਆ। ਪਰ ਪਲੇਠੀ ਦਾ ਬੱਚਾ ਹੋਣ ਕਰਕੇ ਸਾਰੇ ਜੇਠਾ ਜੀ ਆਖਦੇ ਸਨ। ਜਦ ਜੇਠਾ ਜੀ ਨੇ ਹੋਸ਼ ਸੰਭਾਲੀ ਤਾਂ ਉਨ੍ਹਾਂ ਦੇ ਪਿਤਾ ਹਰੀਦਾਸ ਦਾ ਦਿਹਾਂਤ ਹੋ ਗਿਆ। ਉਹ ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਬਾਸਰਕੇ ਆ ਗਏ। ਨਾਨੀ ਨੇ ਅਤੇ ਮਾਤਾ ਨੇ ਜੇਠਾ ਜੀ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦੇਣੀਆਂ ਤਾਂਕਿ ਵੇਚ ਕੇ ਕੁਛ ਪੈਸੇ ਕਮਾਵੇ ਅਤੇ ਨਾਲ ਧਿਆਨ ਲੱਗਾ ਰਹੇ। ਥੋੜੇ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਿਆ। ਤੀਸਰੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਬਾਸਰਕੇ ਸੀ। ਉਹ ਜੇਠਾ, ਉਹਦੇ ਨਾਨਕੇ ਅਤੇ ਮਾਤਾ ਪਿਤਾ ਨੂੰ ਜਾਣਦੇ ਸਨ। ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੀ ਗੱਦੀ ਮਿਲੀ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਆਪ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਚਲੇ ਜਾਓ, ਜੋ ਬਿਆਸਾ ਨਦੀ ਕੰਢੇ ਉੱਪਰ ਹੈ। ਸੋ ਗੁਰੂ ਅਮਰਦਾਸ ਜੀ ਗੋਇੰਦਵਾਲ ਆ ਗਏ ਅਤੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਗੋਇੰਦਵਾਲ ਸੱਦ ਲਿਆ। ਗੁਰੂ ਅਮਰਦਾਸ ਜੀ ਦੀਆਂ ਦੋ ਲੜਕੀਆਂ ਸਨ। ਵੱਡੀ ਸਪੁੱਤਰੀ ਬੀਬੀ ਦਾਨੀ ਜੀ ਭਾਈ ਰਾਮਾ ਜੀ ਨਾਲ ਵਿਆਹੀ ਹੋਈ ਸੀ ਅਤੇ ਛੋਟੀ ਬੀਬੀ ਭਾਨੀ ਸੀ ਜੋ ਵਰ ਯੋਗ ਸੀ। ਇਕ ਦਿਨ ਬਾਸਰਕੇ ਦੀ ਸੰਗਤ ਜੁੜ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨੂੰ ਚਲੀ ਤਾਂ ਜੇਠਾ ਜੀ ਵੀ ਸੰਗਤ ਨਾਲ ਗੋਇੰਦਵਾਲ ਆ ਗਏ। ਉਸ ਸਮੇਂ ਗੋਇੰਦਵਾਲ ਵਿਚ ਬਾਉਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਜੇਠਾ ਜੀ ਬੜੇ ਪਿਆਰ ਨਾਲ ਦਿਨ ਰਾਤ ਸੇਵਾ ਕਰਦੇ। ਮਾਤਾ ਮਨਸਾ ਦੇਵੀ ਜੀ ਨੇ ਇਕ ਦਿਨ ਗੁਰੂ ਜੀ ਨੂੰ ਆਖਿਆ ਕਿ ਭਾਨੀ ਵਰ ਜੋਗ ਹੋ ਗਈ ਹੈ ਇਸ ਲਈ ਪ੍ਰੋਹਿਤ ਨੂੰ ਚੰਗੇ ਰਿਸ਼ਤੇ ਵਾਸਤੇ ਆਖੋ। ਤਿੰਨ ਦਿਨ ਉਪਰੰਤ ਜਦ ਮਾਤਾ ਜੀ ਗੁਰੂ ਜੀ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਲੜਕਾ ਕੈਸਾ ਹੋਵੇ। ਅਚਾਨਕ ਜੇਠਾ ਜੀ ਸੇਵਾ ਕਰਦੇ- ਕਰਦੇ ਏਧਰ ਆ ਨਿਕਲੇ ਤਾਂ ਮਾਤਾ ਜੀ ਨੇ ਵੇਖ ਕੇ, ਇਨ੍ਹਾਂ ਵੱਲ ਇਸ਼ਾਰਾ ਕੀਤਾ ਕਿ ਲੜਕਾ ਇਸ ਵਰਗਾ ਹੀ ਸੁੰਦਰ ਭੋਲਾ-ਭਾਲਾ ਏਡਾ ਕੁ ਹੋਵੇ। ਜੋ ਵੇਖਣ ਵਿਚ ਵੀ ਸੋਹਣਾ ਲੱਗੇ। ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਪਾਸ ਬੁਲਾ ਕੇ ਉਸ ਦੇ ਮਾਂ ਬਾਪ ਦਾ ਨਾਮ ਅਤੇ ਨਾਨਕਿਆਂ ਬਾਬਤ ਪੁੱਛਿਆ। ਫਿਰ ਗੁਰੂ ਜੀ ਨੇ ਮਾਤਾ ਨੂੰ ਕਿਹਾ ਕਿ ਇਸ ਵਰਗਾ ਤਾਂ ਇਹ ਹੀ ਹੈ। ਇਹ ਸੰਜੋਗਾਂ ਦਾ ਭੇਜਿਆ ਹੋਇਆ ਹੀ ਇਥੇ ਆਇਆ ਹੈ। ਸੋ ਗੁਰੂ ਜੀ ਨੇ ਆਪਣੀ ਛੋਟੀ ਸਪੁੱਤਰੀ ਭਾਨੀ ਦੀ ਮੰਗਣੀ ਜੇਠਾ ਨਾਲ ਕਰ ਦਿੱਤੀ ਅਤੇ ਆਪ ਜੀ ਨੇ ਛੇਤੀ ਹੀ ਜੇਠਾ ਜੀ ਦੇ ਤਾਏ ਚਾਚਿਆਂ ਨੂੰ ਲਾਹੌਰ ਤੋਂ ਅਤੇ ਨਾਨਕਿਆਂ ਨੂੰ ਬਾਸਰਕੇ ਤੋਂ ਗੋਇੰਦਵਾਲ ਸੱਦ ਕੇ 22 ਫੱਗਣ ਸੰਨ 1553 ਈ. ਨੂੰ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਆਖਿਆ ਜੋ ਮੰਗਣਾ ਹੈ ਮੰਗ ਲੈ, ਪਰ ਜੇਠਾ ਜੀ ਨੇ ਗੁਰੂ ਦੇ ਚਰਨਾਂ ਵਿਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ। ਵਿਆਹ ਪਿਛੋਂ ਜੇਠਾ ਜੀ ਦੇ ਰਿਸ਼ਤੇਦਾਰ ਤਾਂ ਵਾਪਸ ਚਲੇ ਗਏ ਪਰ ਜੇਠਾ ਜੀ ਤਾਂ ਗੋਇੰਦਵਾਲ ਹੀ ਸੇਵਾ ਵਿਚ ਲੀਨ ਹੋ ਗਏ। ਉਧਰ ਬੀਬੀ ਭਾਨੀ ਜੀ, ਜੋ ਆਪਣੇ ਪਿਤਾ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਮਨੋਂ ਤਨੋਂ ਹੋ ਕੇ ਸੇਵਾ ਕਰ ਰਹੀ ਸੀ। ਸਵਾ ਪਹਿਰ ਸਵੇਰੇ ਉਠ ਕੇ ਪਾਣੀ ਗਰਮ ਕਰ ਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਾਉਣਾ, ਉਹਨਾਂ ਦੇ ਜ਼ਿੰਮੇ ਸੀ। ਇਸ ਤਰ੍ਹਾਂ ਇਕ ਦਿਨ ਚੌਂਕੀ ਦਾ ਇਕ ਪਾਵਾ ਟੁੱਟ ਗਿਆ ਤਾਂ ਬੀਬੀ ਭਾਨੀ ਨੇ ਛੇਤੀ ਨਾਲ ਚੌਂਕੀ ਹੇਠਾਂ ਆਪਣਾ ਪੈਰ ਰੱਖ ਦਿੱਤਾ। ਚੌਂਕੀ ਦੀ ਮੇਖ ਭਾਨੀ ਜੀ ਦੇ ਪੈਰ ਵਿਚ ਖੁੱਭ ਗਈ। ਪੈਰ ਵਿਚੋਂ ਲਹੂ ਵਗਣ ਲੱਗ ਪਿਆ। ਪਰ ਬੀਬੀ ਭਾਨੀ ਜੀ ਨੇ ਕੋਈ ਪ੍ਰਵਾਹ ਨਾ ਕੀਤੀ। ਜਦੋਂ ਗੁਰੂ ਜੀ ਨੇ ਵੇਖਿਆ ਕਿ ਲਾਲ ਰੰਗ ਦਾ ਪਾਣੀ ਕਿਥੋਂ ਆ ਗਿਆ ਹੈ, ਤਾਂ ਕੀ ਵੇਖਦੇ ਹਨ ਕਿ ਭਾਨੀ ਨੇ ਚੌਂਕੀ ਦੇ ਪਾਵੇ ਦੀ ਥਾਂ ਆਪਣਾ ਪੈਰ ਥੱਲੇ ਦਿੱਤਾ ਹੋਇਆ ਹੈ ਤੇ ਓਸ ਵਿਚੋਂ ਖ਼ੂਨ ਵਗ ਰਿਹਾ ਹੈ। ਗੁਰੂ ਜੀ ਬੀਬੀ ਭਾਨੀ ਜੀ ‘ਤੇ ਦਿਆਲ ਹੋ ਗਏ ਅਤੇ ਆਖਣ ਲੱਗੇ ਮੰਗ ਲੈ ਜੋ ਮੰਗਣਾ ਹੈ। ਭਾਨੀ ਜੀ ਨੇ ਕਿਹਾ ਪਿਤਾ ਜੀ ! ਜੇ ਤੁੱਠੇ ਹੋ ਤਾਂ ਅੱਗੋਂ ਗੱਦੀ ਘਰ ਵਿਚ ਹੀ ਰਹੇ। ਤਾਂ ਗੁਰੂ ਜੀ ਨੇ ਅੰਤਰ-ਧਿਆਨ ਹੋ ਕੇ ਵੇਖਿਆ ਕਿ ਅੱਗੇ ਕਸ਼ਟ ਭੀ ਕਾਫੀ ਹਨ। ਜਦੋਂ ਕਸ਼ਟ ਬਾਰੇ ਦੱਸਿਆ ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਮੇਰਾ ਨਾਮ ਭਾਨੀ ਆਪ ਜੀ ਨੇ ਹੀ ਰੱਖਿਆ ਹੈ, ਆਪੇ ਭਾਣਾ ਮੰਨਵਾ ਲੈਣਾ। ਬੀਬੀ ਭਾਨੀ ਜੀ ਇਕ ਪਤੀਵਰਤਾ ਇਸਤਰੀ ਸੀ। ਉਹ ਹਰ ਵਕਤ ਆਪਣੇ ਪਤੀ ਰਾਮਦਾਸ ਜੀ ਦੀ ਸੁੱਖ-ਸਾਂਦ ਅਤੇ ਉਨ੍ਹਾਂ ਦੀ ਆਤਮਿਕ ਉੱਨਤੀ ਲਈ ਪ੍ਰਾਰਥਨਾ ਕਰਦੇ ਰਹਿੰਦੇ ਸਨ। ਜਦੋਂ ਗੱਦੀ ਦੇਣ ਦੀ ਗੱਲ ਆਈ ਤਾਂ ਬੀਬੀ ਭਾਨੀ ਜੀ ਦੀ ਪਤੀਵਰਤਾ ਸ਼ਕਤੀ ਅਤੇ ਗੁਰੂ ਜੀ ਨਾਲ ਪ੍ਰੇਮ ਤੇ ਸੇਵਾ ਨੇ ਕੰਮ ਕੀਤਾ। ਇਸ ਤਰ੍ਹਾਂ ਗੁਰੂ-ਗੱਦੀ ਸੋਢੀ ਵੰਸ਼ ਵਿਚ ਸੀਮਿਤ ਹੋ ਗਈ । ਭਾਈ ਗੁਰਦਾਸ ਅਨੁਸਾਰ "ਜਾਣ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਈ "। ਗੁਰੂ ਅਮਰਦਾਸ ਜੀ ਤੋਂ ਬਾਦ ਭਾਈ ਜੇਠਾ ਚੌਥੇ ਗੁਰੂ ਰਾਮਦਾਸ ਦੇ ਰੂਪ ਵਿਚ ਗੱਦੀ ਉਤੇ ਬੈਠੇ । ਗੁਰੂ ਰਾਮਦਾਸ ਜੀ ਦੇ ਗੁਰੂ-ਪਦਵੀ ਉਤੇ ਸੁਸ਼ੋਭਿਤ ਹੋਣ ਤੋਂ ਬਾਦ ਆਪ ਨੇ ਲੰਗਰ ਦੀ ਸੇਵਾ ਬੜੀ ਲਗਨ ਨਾਲ ਕੀਤੀ । ਬੱਚਿਆਂ ਨੂੰ ਬਹੁਤ ਸਨੇਹ ਨਾਲ ਪਾਲਿਆ । ਪ੍ਰਿਥੀਚੰਦ ਦੇ ਕਲੇਸ਼ ਕਰਕੇ ਕੁਝ ਅਪ੍ਰਸੰਨ ਜ਼ਰੂਰ ਰਹਿੰਦੇ ਸਨ , ਪਰ ਵਸ ਲਗਦੇ ਗੁਰੂ-ਗੱਦੀ ਦੀ ਮਰਯਾਦਾ ਨੂੰ ਕਾਇਮ ਰਖਣ ਵਿਚ ਯੋਗਦਾਨ ਪਾਉਂਦੇ ਰਹੇ । ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਪਤਨੀ ਰਾਮਦੇਈ ਦੇ ਦੇਹਾਂਤ ਤੋਂ ਬਾਦ ਉਨ੍ਹਾਂ ਨੂੰ ਦੂਜਾ ਵਿਆਹ ਕਰਨ ਲਈ ਆਪ ਜੀ ਨੇ ਪ੍ਰੇਰਿਤ ਕੀਤਾ ਅਤੇ ਬਾਲਕ ਗੁਰੂ ਹਰਿਗੋਬਿੰਦ ਜੀ ਨੂੰ ਪਰਿਵਾਰਿਕ ਕਲਹ-ਕਲੇਸ਼ ਦੇ ਪ੍ਰਭਾਵ ਤੋਂ ਬਚਾਈ ਰਖਿਆ ।