ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਪਿੰਡ ਨਰਸੀ ਬਾਮਨੀ ਵਿੱਚ 1270 ਈ: ਨੂੰ ਦਾਮਸ਼ੇਟੀ ਅਤੇ ਗੋਨਾਬਾਈ ਦੇ ਘਰ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਕੱਪੜਾ ਰੰਗਣ ਅਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਝੁਕਾਅ ਬਚਪਨ ਤੋਂ ਹੀ ਭਗਤੀ-ਭਾਵ ਵਾਲਾ ਸੀ। ਉਨ੍ਹਾਂ ਦੀਆਂ ਆਦਤਾਂ ਆਮ ਬਾਲਕਾਂ ਨਾਲੋਂ ਨਿਵੇਕਲੀਆਂ ਸਨ। ਉਹ ਜ਼ਿਆਦਾਤਰ ਬਜ਼ੁਰਗਾਂ ਦੀ ਸੰਗਤ ਕਰਦੇ ਤੇ ਪਿੰਡ ਵਿੱਚ ਜਦੋਂ ਕਦੇ ਕੋਈ ਸਾਧੂ-ਸੰਤ ਆਉਂਦੇ ਤਾਂ ਉਨ੍ਹਾਂ ਦੀ ਸੰਗਤ ਕਰ ਕੇ ਉਨ੍ਹਾਂ ਨਾਲ ਨਾਮ-ਸਿਮਰਨ ਦੀਆਂ ਬਾਤਾਂ ਪਾਉਂਦੇ।
ਉਨ੍ਹਾਂ ਦਾ ਪਾਲਣ-ਪੋਸ਼ਣ ਧਾਰਮਿਕ ਵਾਤਾਵਰਨ ਵਿੱਚ ਹੋ ਰਿਹਾ ਸੀ। ਪਿਤਾ ਵੱਲੋਂ ਕੀਤੇ ਜਾਂਦੇ ਧਰਮ-ਕਰਮਾਂ ਵਿੱਚ ਭਗਤ ਨਾਮਦੇਵ ਜੀ ਵੀ ਸ਼ਾਮਲ ਹੁੰਦੇ। ਉਨ੍ਹਾਂ ਦੀ ਧਾਰਮਿਕ ਕੰਮਾਂ ਵਿੱਚ ਜ਼ਿਆਦਾ ਰੁਚੀ ਵੇਖ ਕੇ ਉਹ ਚਿੰਤਤ ਰਹਿੰਦੇ ਸਨ। ਉਨ੍ਹਾਂ ਨੂੰ ਡਰ ਸੀ ਕਿ ਭਗਤ ਜੀ ਕਿਤੇ ਘਰ ਤਿਆਗ ਕੇ ਸੰਨਿਆਸੀ ਹੀ ਨਾ ਬਣ ਜਾਣ। ਇਸ ਕਰਕੇ ਮਾਤਾ-ਪਿਤਾ ਨੇ ਛੋਟੀ ਉਮਰੇ ਹੀ ਸੇਠ ਗੋਵਿੰਦ ਦੀ ਬੇਟੀ ਰਾਜਾ ਬਾਈ ਨਾਲ ਨਾਮਦੇਵ ਜੀ ਦਾ ਵਿਆਹ ਕਰ ਦਿੱਤਾ। ਸਮਾਂ ਪਾ ਕੇ ਉਨ੍ਹਾਂ ਦੇ ਘਰ ਚਾਰ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਵਿਆਹ ਤੋਂ ਬਾਅਦ ਵੀ ਉਹ ਆਪਣਾ ਜ਼ਿਆਦਾ ਸਮਾਂ ਭਗਤੀ ਵਿੱਚ ਹੀ ਬਿਤਾਉਂਦੇ ਰਹੇ। ਇਵੇਂ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਭਗਤ ਜੀ ਦੀ ਭਗਤੀ ਭਾਵਨਾ ਨਿਰੰਤਰ ਬਰਕਰਾਰ ਰਹੀ। ਭਗਤ ਜੀ ਆਪਣੇ ਪੁਰਖਿਆਂ ਵਾਂਗ ਕੱਪੜਾ ਰੰਗਣ ਤੇ ਸਿਊਣ ਦੀ ਕਿਰਤ ਕਰਨ ਲੱਗੇ। ਹੱਥਾਂ-ਪੈਰਾਂ ਨਾਲ ਕਿਰਤ ਕਰਦੇ ਤੇ ਮਨ ਸਦਾ ਪ੍ਰਭੂ-ਭਗਤੀ ਵਿੱਚ ਲੀਨ ਰਹਿੰਦਾ। ਭਗਤ ਜੀ ਨੂੰ ਹਰ ਸ਼ੈਅ ਵਿੱਚ ਪ੍ਰਭੂ (ਬਿਠੁਲ) ਹੀ ਵਿਖਾਈ ਦਿੰਦਾ ਸੀ।
ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਆਪਸ ਵਿੱਚ ਚੰਗੀ ਮਿੱਤਰਤਾ ਸੀ। ਭਗਤ ਤ੍ਰਿਲੋਚਨ ਜੀ ਹੈਰਾਨ ਸਨ ਕਿ ਨਾਮਦੇਵ ਜੀ ਭਗਤੀ ਦੇ ਨਾਲ-ਨਾਲ ਕਬੀਲਦਾਰੀ ਕਿਵੇਂ ਸਾਂਭਦੇ ਹਨ। ਭਗਤ ਤ੍ਰਿਲੋਚਨ ਜੀ ਇਕ ਵਾਰ ਨਰਸੀ ਬਾਮਨੀ ਪੁੱਜੇ। ਭਗਤ ਨਾਮਦੇਵ ਜੀ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਘਰ ਆਏ ਪ੍ਰਾਹੁਣੇ ਦੀ ਖ਼ੂਬ ਮਹਿਮਾਨ ਨਿਵਾਜ਼ੀ ਕੀਤੀ। ਉਹ ਸਾਰਾ ਦਿਨ ਆਪਣੇ ਕਾਰ-ਵਿਹਾਰ ਵਿੱਚ ਰੁੱਝੇ ਰਹਿੰਦੇ। ਕੱਪੜੇ ਰੰਗਦੇ ਤੇ ਸਿਊਂਦੇ ਰਹਿੰਦੇ। ਕੰਮ-ਕਾਰ ਕਰਦਿਆਂ ਪ੍ਰਭੂ ਦੀ ਉਸਤਤਿ ਕਰਦਿਆਂ ਉੱਚੀ-ਉੱਚੀ ਭਗਤੀ ਭਾਵਨਾ ਵਾਲੇ ਸ਼ਬਦ ਗਾਉਂਦੇ (ਕੀਰਤਨ ਕਰਦੇ)। ਇਹ ਸਭ ਕੁਝ ਵੇਖ ਕੇ ਇਕ ਦਿਨ ਭਗਤ ਤ੍ਰਿਲੋਚਨ ਜੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਸਾਰਾ ਦਿਨ ਤਾਂ ਤੁਸੀਂ ਸੰਸਾਰਕ ਧੰਦਾ ਕਰਦਿਆਂ ਬਤੀਤ ਕਰਦੇ ਹੋ, ਪ੍ਰਭੂ ਭਗਤੀ ਕਰਨ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਹੈ। ਤੁਸੀਂ ਭਗਤ ਘੱਟ ਅਤੇ ਕਬੀਲਦਾਰ ਜ਼ਿਆਦਾ ਵਿਖਾਈ ਦਿੰਦੇ ਹੋ। ਤੁਸੀਂ ਮਾਇਆ ਦੇ ਜਾਲ ਵਿੱਚ ਫਸੇ ਹੋਏ ਹੋ। ਇਹ ਸਭ ਕੁਝ ਸੁਣ ਕੇ ਭਗਤ ਨਾਮਦੇਵ ਜੀ ਬੋਲੇ ਕਿ ਸੰਸਾਰਕ ਕਾਰ-ਵਿਹਾਰ ਕਰਦਿਆਂ ਪ੍ਰਭੂ-ਭਗਤੀ ਵਿੱਚ ਕੋਈ ਵਿਘਨ ਨਹੀਂ ਪੈਂਦਾ। ਗ੍ਰਹਿਸਤ ਜੀਵਨ ਗੁਜ਼ਾਰਦਿਆਂ ਸੱਚੀ ਤੇ ਸੁੱਚੀ ਕਿਰਤ ਕਰਨੀ ਹੀ ਅਸਲ ਭਗਤੀ ਹੈ। ਭਗਤੀ ਸਰੀਰ ਨਾਲ ਨਹੀਂ ਬਲਕਿ ਮਨ ਨਾਲ ਕੀਤੀ ਜਾਂਦੀ ਹੈ। ਹੱਥਾਂ-ਪੈਰਾਂ ਨਾਲ ਕੰਮ-ਕਾਜ ਕਰਦਾ ਹਾਂ ਤੇ ਮੁੱਖ ਤੋਂ ਨਾਮ ਜਪਦਾ ਹਾਂ। ਇਸ ਸਮੇਂ ਮੇਰੀ ਸੁਰਤ ਅਕਾਲ ਪੁਰਖ਼ ਨਾਲ ਜੁੜੀ ਰਹਿੰਦੀ ਹੈ।
ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਮੁਸਲਮਾਨ ਜਾਂ ਹਿੰਦੂ ਵਰਗ ਦੇ ਖੇਤਰ ਤੀਕ ਹੀ ਮਹਿਦੂਦ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਭਾਰਤੀ ਸਮਾਜ ’ਚ ਜਾਤ-ਪਾਤ ਘਟਾਉਣ ’ਚ ਅਹਿਮ ਹਿੱਸਾ ਪਾਇਆ।
ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਰਚਿਤ 61 ਸ਼ਬਦਾਂ ਨੂੰ 18 ਰਾਗਾਂ ਵਿੱਚ ਦਰਜ ਕੀਤਾ। ਇਨ੍ਹਾਂ ਸ਼ਬਦਾਂ ਵਿੱਚ ਭਗਤ ਜੀ ਨੇ ਸਮੁੱਚੇ ਜੀਵਨ ਦਾ ਮਾਨਵਤਾਵਾਦੀ ਫਲਸਫਾ ਬਿਆਨ ਕੀਤਾ ਹੈ। ਭਗਤ ਨਾਮਦੇਵ ਜੀ ਨੇ ਮਰਾਠੀ ਭਾਸ਼ਾ ਵਿੱਚ 2500 ਦੇ ਕਰੀਬ ਅਭੰਗਾਂ ਦੀ ਰਚਨਾ ਕੀਤੀ। ਇਸੇ ਤਰ੍ਹਾਂ ਹਿੰਦੀ ਭਾਸ਼ਾ ਵਿੱਚ ਉਨ੍ਹਾਂ ਦੇ 250 ਦੇ ਕਰੀਬ ਪਦੇ ਮਿਲਦੇ ਹਨ। ਭਗਤ ਜੀ ਦੀ ਸਮੁੱਚੀ ਬਾਣੀ ’ਚ ਪਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਨਣ ਹੈ। ਗੁਰਮਤਿ ਦੇ ਬੁਨਿਆਦੀ ਸਿਧਾਂਤ ਦੀ ਤਰ੍ਹਾਂ ਇਸ ਸਾਰੇ ਬ੍ਰਹਿਮੰਡ ਵਿੱਚ ਸਰਬ-ਵਿਆਪੀ ਪ੍ਰਭੂ ਦੀ ਹੋਂਦ ਮੰਨੀ ਹੈ। ਉਨ੍ਹਾਂ ਅਨੁਸਾਰ ਪ੍ਰਭੂ ਆਪਣੇ ਅਨੇਕਾਂ ਰੂਪਾਂ ਵਿੱਚ ਸੰਸਾਰ ’ਚ ਵਿਆਪਕ ਹੈ। ਉਹ ਸੰਸਾਰ ਨੂੰ ਪਰਮਾਤਮਾ ਦਾ ਲਗਾਇਆ ਬਾਗ ਸਮਝਦੇ, ਜਿਸ ਦੀ ਦੇਖ-ਰੇਖ ਤੇ ਸੰਭਾਲ ਵੀ ਅਕਾਲ ਪੁਰਖ ਆਪ ਹੀ ਕਰ ਰਿਹਾ ਹੈ। ਧਨਾਸਰੀ ਰਾਗ ’ਚ ਭਗਤ ਜੀ ਫੁਰਮਾਉਂਦੇ ਹਨ ਕਿ ਸਭ ਤੋਂ ਪਹਿਲਾਂ ਜਗਤ ਭਾਵ ਸੰਸਾਰ ਇੰਝ ਸੀ ਜਿਵੇਂ ਕੰਵਲ ਦੇ ਫੁੱਲਾਂ ਦਾ ਖੇਤ। ਸਾਰੇ ਜੀਵ-ਜੰਤ ਕੰਵਲ ਦੇ ਫੁੱਲਾਂ ਦੇ ਉਸ ਖੇਤ ਦੇ ਹੰਸ ਹਨ। ਛੋਟੀ ਉਮਰ ਵਿੱਚ ਹੀ ਭਗਤ ਨਾਮਦੇਵ ਜੀ ਨੂੰ ਬ੍ਰਾਹਮਣਾਂ, ਪੁਜਾਰੀਆਂ ਅਤੇ ਸਮੇਂ ਦੇ ਹੁਕਮਰਾਨਾਂ ਦਾ ਭਾਰੀ ਵਿਰੋਧ ਬਰਦਾਸ਼ਤ ਕਰਨਾ ਪਿਆ ਪਰ ਉਨ੍ਹਾਂ ਨੇ ਇਸ ਵਰਗ ਦੇ ਲੋਕਾਂ ਦੇ ਅਨਿਆਂ ਤੇ ਧੱਕੇਸ਼ਾਹੀ ਦਾ ਡਟਵਾਂ ਵਿਰੋਧ ਕੀਤਾ ਤੇ ਕਾਮੇ, ਮਿਹਨਤਕਸ਼ ਲੋਕਾਂ ਅਤੇ ਗਰੀਬ ਕਿਰਤੀਆਂ ਦੇ ਹੱਕ ਵਿੱਚ ਕ੍ਰਾਂਤੀਕਾਰੀ ਭਾਵਨਾ ਦਾ ਪ੍ਰਤੱਖ ਰੂਪ ਵਿੱਚ ਪ੍ਰਗਟਾਵਾ ਕੀਤਾ।
ਸਮਾਜ ਵਿੱਚ ਭਗਤ ਨਾਮਦੇਵ ਜੀ ਦਾ ਸਤਿਕਾਰ ਦਿਨੋ-ਦਿਨ ਵਧ ਰਿਹਾ ਸੀ ਪਰ ਈਰਖਾਲੂ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਜਿਸ ਮਨੁੱਖ ਦੇ ਹਿਰਦੇ ਵਿੱਚ ਈਰਖਾ ਦੀ ਅੱਗ ਪ੍ਰਚੰਡ ਜੋ ਜਾਵੇ, ਉਸ ਦੇ ਹਿਰਦੇ ਵਿੱਚੋਂ ਸਭ ਗੁਣ ਭਸਮ ਹੋ ਜਾਂਦੇ ਹਨ। ਉਹ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਯਤਨ ਕਰਦੇ ਹਨ। ਅਜਿਹੇ ਈਰਖਾਲੂ ਲੋਕਾਂ ਨੇ ਭਗਤ ਨਾਮਦੇਵ ਜੀ ਨਾਲ ਬਹੁਤ ਵਾਰ ਚੰਗਾ ਵਿਵਹਾਰ ਨਾ ਕਰਦਿਆਂ ਉਨ੍ਹਾਂ ਦਾ ਅਪਮਾਨ ਕਰਨ ਵਿੱਚ ਵੀ ਕੋਈ ਕਸਰ ਨਾ ਛੱਡੀ।
ਆਪਣੀ ਜ਼ਿੰਦਗੀ ਦੇ ਆਖਰੀ ਵੀਹ ਕੁ ਸਾਲ ਉਨ੍ਹਾਂ ਮਹਾਰਸ਼ਟਰ ਤੋਂ ਪੰਜਾਬ ਦੇ ਪਿੰਡ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਆ ਕੇ ਸੰਗਤ ਨੂੰ ਨਾਮ-ਸਿਮਰਨ ਨਾਲ ਜੋੜਦਿਆਂ ਅਤੇ ਹੱਕ ਦੀ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹੋਇਆਂ ਸਫ਼ਲ ਕੀਤੇ। ਘੁਮਾਣ ਨਗਰ ਦੀ ਹਦੂਦ ਵਿੱਚ ਭਗਤ ਨਾਮਦੇਵ ਜੀ ਨਾਲ ਸਬੰਧਤ ਗੁਰਦੁਆਰਾ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਇਹ ਉਹ ਪਵਿੱਤਰ ਅਸਥਾਨ ਹੈ, ਜਿਥੇ ਭਗਤ ਜੀ ਨੇ ਲੰਮਾ ਸਮਾਂ ਪ੍ਰਭੂ ਦੀ ਭਗਤੀ ਕੀਤੀ। ਇਥੇ ਹੀ ਆਲੀਸ਼ਾਨ ਨੌ-ਮੰਜ਼ਿਲਾ ਗੁਰਦੁਆਰਾ ਬਣਿਆ ਹੋਇਆ ਹੈ। ਲੰਮਾ ਸਮਾਂ ਪੰਜਾਬ ਵਿੱਚ ਰਹਿਣ ਕਰਕੇ ਉਹ ਪੰਜਾਬੀਆਂ ਦਾ ਹੀ ਹਿੱਸਾ ਬਣ ਗਏ। ਪੰਜਾਬ ਵਿੱਚ ਇਨ੍ਹਾਂ ਦੇ ਦੋ ਸਾਥੀ ਲੱਧਾ ਜੀ ਤੇ ਜੱਲਾ ਜੀ ਵੀ ਉਨ੍ਹਾਂ ਨਾਲ ਵਿਚਰਦੇ ਰਹੇ। ਨਗਰ ਘੁਮਾਣ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਭੱਟੀਵਾਲ ਵੀ ਭਗਤ ਨਾਮਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਥੇ ਹੁਣ ਗੁਰਦੁਆਰਾ ਖੂੰਡੀ ਸਾਹਿਬ ਮੌਜੂਦ ਹੈ। ਇਸ ਪਿੰਡ ਵਿਚ ਉਸ ਸਮੇਂ ਪਾਣੀ ਦੀ ਕਿੱਲਤ ਹੋਣ ਕਾਰਨ ਉਨ੍ਹਾਂ ਨੇ ਖੂਹ ਦਾ ਨਿਰਮਾਣ ਕਰਾਇਆ, ਜੋ ਅੱਜ-ਕੱਲ੍ਹ ਗੁਰਦੁਆਰਾ ਖੂਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸਤਬੀਰ ਸਿੰਘ ਧਾਮੀ
ਸੰਪਰਕ: 98143-56133