ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਸ਼ੇਖ ਫਰੀਦ ਜੀ ਦੇ ਕੁੱਲ ਚਾਰ ਸ਼ਬਦ ( ਦੋ ਆਸਾ ਰਾਗ ਵਿਚ ਤੇ ਦੋ ਸੂਹੀ ਰਾਗ ਵਿਚ ਸੁਭਾਇਮਾਨ ਹਨ। ਇਸ ਦੇ ਨਾਲ-ਨਾਲ ‘ਸਲੋਕ ਸ਼ੇਖ ਫਰੀਦ ਕੇ’ ਸਿਰਲੇਖ ਅਧੀਨ ਕੁੱਲ 130 ਸਲੋਕ ਵੀ ਸੁਭਾਇਮਾਨ ਹਨ, ਜਿਨ੍ਹਾਂ ਵਿਚੋਂ 112 ਸਲੋਕ ਸ਼ੇਖ ਫਰੀਦ ਜੀ ਦੇ ਉਚਾਰਨ ਕੀਤੇ ਹੋਏ ਹਨ ਅਤੇ 18 ਸਲੋਕ ਗੁਰੁ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੇ ਗਏ, ਇਹਨਾਂ 18 ਸਲੋਕਾਂ ਦਾ ਵੇਰਵਾ ਇਸ ਤਰ੍ਹਾਂ ਹੈ :-
ਗੁਰੂ ਨਾਨਕ ਦੇਵ ਜੀ ਦੇ 4 ਸਲੋਕ (ਸਲੋਕ ਨੰਬਰ 32, 113, 120 ਤੇ 124)
ਗੁਰੂ ਅਮਰਦਾਸ ਜੀ ਦੇ 5 ਸਲੋਕ (ਸਲੋਕ ਨੰਬਰ 13, 52, 104, 122 ਤੇ 123)
ਗੁਰੂ ਰਾਮਦਾਸ ਜੀ ਦਾ 1 ਸਲੋਕ (ਸਲੋਕ ਨੰਬਰ 121)
ਗੁਰੂ ਅਰਜਨ ਦੇਵ ਜੀ ਦੇ 8 ਸਲੋਕ (ਸਲੋਕ ਨੰਬਰ 75, 82, 83, 105, 108, 109, 110 ਤੇ 111)
ਭਗਤ ਫਰੀਦ ਜੀ ਆਪਣੀ ਬਾਣੀ ਰਾਹੀਂ ਸਾਨੂੰ ਕੀ ਉਪਦੇਸ਼ ਦਿੰਦੇ ਹਨ, ਆਉ ਵਿਚਾਰਦੇ ਹਾਂ।
ਪਹਿਲਾਂ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਕੀਤੇ ਗਏ, ਚਾਰ ਸ਼ਬਦਾਂ ਦੇ ਭਾਵ-ਅਰਥ ਵਿਚਾਰਦੇ ਹਾਂ। ਫਿਰ, ਆਪ ਜੀ ਦੁਆਰਾ ਉਚਾਰਨ ਕੀਤੇ ਗਏ, ਸਲੋਕਾਂ ਵਿਚੋਂ ਮਿਲਦੇ ਚੋਣਵੇਂ ਸੁਨੇਹਿਆਂ ਨੂੰ ਸਿਰਲੇਖਵਾਰ ਵਿਚਾਰਨ ਦਾ ਯਤਨ ਕਰਾਂਗੇ।
ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ ॥
ਦਿਲਹੁ ਮੁਹਬਤਿ ਜਿੰਨ ਸੇਈ ਸਚਿਆ ॥
ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ ਨਾਮੁ ਤੇ ਕੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੇ ਖੇਰੁ ਦੀਜੈ ਬੰਦਗੀ ॥੪॥ (ਅੰਗ ੪੮੮)
ਭਾਵ ਅਰਥ : ਜਿਨ੍ਹਾਂ ਮਨੁੱਖਾਂ ਦਾ ਪਰਮਾਤਮਾ ਨਾਲ ਦਿਲੋਂ ਪਿਆਰ ਹੈ, ਉਹੀ ਉਸ ਪਰਮਾਤਮਾ ਦੇ ਸੱਚੇ ਆਸ਼ਕ ਹਨ। ਜਿਨ੍ਹਾਂ ਦੇ ਮਨ ਅੰਦਰ ਕੁੱਝ ਹੋਰ ਹੈ ਤੇ ਮੂੰਹੋਂ ਕੁੱਝ ਹੋਰ ਆਖਦੇ ਹਨ, ਉਹ ਕੱਚੀ ਪ੍ਰੀਤ ਵਾਲੇ ਕਹੇ ਜਾਂਦੇ ਹਨ।
ਜਿਹੜੇ ਮਨੁੱਖ ਪਰਮਾਤਮਾ ਦੇ ਪਿਆਰ ਤੇ ਦੀਦਾਰ ਵਿਚ ਰੰਗੇ ਹੋਏ ਹਨ, ਉਹੀ ਅਸਲ ਮਨੁੱਖ ਹਨ। ਜਿਹੜੇ ਮਨੁੱਖਾਂ ਨੂੰ ਉਸ ਪਰਮਾਤਮਾ ਦਾ ਨਾਮ ਭੁੱਲ ਗਿਆ ਹੈ, ਉਹ ਮਨੁੱਖ ਇਸ ਧਰਤੀ ’ਤੇ ਭਾਰ ਹਨ। ਉਹ ਪਰਮਾਤਮਾ ਜਿਨ੍ਹਾਂ ਨੂੰ ਆਪਣੇ ਲੜ ਲਾ ਲੈਂਦਾ ਹੈ ਭਾਵ ਕਿ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ, ਉਹੀ ਉਸ ਦੇ ਦਰ (ਦਰਵਾਜ਼ੇ) ’ਤੇ ਦਰਵੇਸ਼ ਬਣ ਸਕਦੇ ਹਨ। ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਧੰਨ ਹੈ, ਜਿਸ ਨੇ ਇਹੋ ਜਿਹੇ ਭਗਤ ਨੂੰ ਜਨਮ ਦਿੱਤਾ। ਇਹੋ ਜਿਹੇ ਮਨੁੱਖਾਂ ਦਾ ਇਸ ਸੰਸਾਰ ਵਿਚ ਆਉਣਾ ਵੀ ਸਫਲ ਹੋ ਜਾਂਦਾ ਹੈ। ਹੇ ਪਾਲਣਹਾਰ! ਤੂੰ ਬੇਅੰਤ, ਅਗਮ ਤੇ ਅਪਾਰ ਹੈਂ। ਜਿਨ੍ਹਾਂ ਨੇ ਇਹ ਸਮਝ ਲਿਆ ਕਿ ਤੂੰ ਸਦਾ ਥਿਰ ਰਹਿਣ ਵਾਲਾ ਹੈ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ। ਹੇ ਖੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣਹਾਰ ਹੈਂ, ਮੈਨੂੰ ਸ਼ੇਖ ਫਰੀਦ ਨੂੰ ਆਪਣੀ ਬੰਦਗੀ ਦੀ ਦਾਤ ਬਖ਼ਸ਼ ਦੇ।
ਆਸਾ ॥
ਬੋਲੇ ਸੇਖ ਫਰੀਦੁ ਪਿਆਰੇ ਅਲਹ ਲਗੇ ॥
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
ਆਜੁ ਮਿਲਾਵਾ ਸੇਖ ਫਰੀਦ ਟਾਕਿਮ
ਕੁੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
ਝੂਠੀ ਦੁਨੀਆ ਲਗਿ ਨ ਆਪੁ ਵਵਾਈਐ ॥੨॥
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕ ਖਿਨੋ ॥੭॥
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥ (ਅੰਗ ੪੮੮)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਪਿਆਰੇ ਅੱਲ੍ਹਾ (ਭਾਵ ਪਰਮਾਤਮਾ) ਦੇ ਚਰਨਾਂ ’ਚ ਜੁੜ। ਇਹ ਸਰੀਰ ਬੇਕਦਰੀ ਕਬਰ ਵਿਚ ਜਾ ਕੇ ਮਿੱਟੀ ਬਣ ਜਾਏਗਾ।
ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਇਸ ਮਨੁੱਖਾ ਜਨਮ ਵਿਚ ਹੀ ਰੱਬ ਨਾਲ ਮੇਲ ਹੋ ਸਕਦਾ ਹੈ। ਇਸ ਲਈ ਤੂੰ ਮਨ ਨੂੰ ਭਰਮਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ।
ਫਿਰ, ਸ਼ੇਖ ਫਰੀਦ ਜੀ ਮਨ ਨੂੰ ਸੰਬੋਧਨ ਹੋ ਕੇ ਫੁਰਮਾਉਂਦੇ ਹਨ ਕਿ ਹੇ ਪਿਆਰੇ ਮਨ! ਜਦੋਂ ਤੈਨੂੰ ਪਤਾ ਹੀ ਹੈ ਕਿ ਆਖਿਰ ਮਰ ਜਾਣਾ ਹੈ ਅਤੇ ਮੁੜ ਕੇ ਇਥੇ ਨਹੀਂ ਆਉਣਾ ਤਾਂ ਤੈਨੂੰ ਇਸ ਨਾਸ਼ਵਾਨ ਸੰਸਾਰ ਨਾਲ ਪ੍ਰੀਤ ਲਗਾ ਕੇ, ਆਪਣੇ ਆਪ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ। ਸੱਚ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ, ਜੋ ਰਸਤਾ ਗੁਰੂ ਦੱਸੇ, ਸਿੱਖ ਬਣ ਕੇ ਉਸ ਰਸਤੇ ’ਤੇ ਤੁਰਨਾ ਚਾਹੀਦਾ ਹੈ।
ਜੁਆਨਾਂ ਨੂੰ ਦਰਿਆ ਜਾਂ ਸਮੁੰਦਰ ਤੋਂ ਪਾਰ ਜਾਂਦੇ ਦੇਖ ਕੇ, ਕਮਜ਼ੋਰ ਮਨ ਵਾਲੇ ਵੀ ਹੌਂਸਲਾ ਕਰ ਲੈਂਦੇ ਹਨ। ਇੰਜ ਹੀ ਸੰਤ ਜਨਾਂ ਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਜਾਂਦੇ ਦੇਖ ਕੇ, ਪਾਪੀਆਂ ਦਾ ਵੀ ਹੌਸਲਾ ਬਣ ਜਾਂਦਾ ਹੈ। ਜਿਹੜੇ ਮਨੁੱਖ ਧਨ-ਪਦਾਰਥ ਅਤੇ ਮਾਇਆ ਜੋੜਨ ਵਾਲੇ ਪਾਸੇ ਲੱਗ ਗਏ, ਉਹ ਆਰੇ ਨਾਲ ਚੀਰੇ ਜਾਂਦੇ ਹਨ ਭਾਵ ਕਿ ਦੁਖੀ ਜੀਵਨ ਬਤੀਤ ਕਰਦੇ ਹਨ।
ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਇਸ ਸੰਸਾਰ ’ਚ ਕੋਈ ਵੀ ਥਿਰ ਨਹੀਂ। ਜਿਸ ਥਾਂ ’ਤੇ ਅਸੀਂ ਬੈਠੇ ਹਾਂ, ਇਸ ਥਾਂ ’ਤੇ ਕਈ ਬੈਠ ਕੇ ਚਲੇ ਗਏ।
ਕੱਤਕ ਦੇ ਮਹੀਨੇ ਕੁੰਜਾਂ ਆਉਂਦੀਆਂ ਹਨ, ਚੇਤਰ ਦੇ ਮਹੀਨੇ ਜੰਗਲਾਂ ’ਚ ਅੱਗ ਲੱਗ ਜਾਂਦੀ ਹੈ ਤੇ ਸਾਉਣ ਦੇ ਮਹੀਨੇ ਬਿਜਲੀਆਂ ਚਮਕਦੀਆਂ ਹਨ, ਸਰਦੀ ਦੀ ਰੁੱਤ ਵਿਚ ਇਸਤ੍ਰੀਆਂ ਦੀਆਂ ਸੁਹਣੀਆਂ ਬਾਹਾਂ ਆਪਣੇ ਪਤੀਆਂ ਦੇ ਗਲ ਵਿਚ ਸ਼ੋਭਦੀਆਂ ਹਨ।
ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇਂ ਅਨੁਸਾਰ ਚਲੀ ਜਾ ਰਹੀ ਹੈ। ਨਾਸ਼ਵੰਤ ਜੀਵ ਤੁਰੇ ਜਾ ਰਹੇ ਹਨ (ਭਾਵ ਕਿ ਸਮੇਂ ਅਨੁਸਾਰ, ਆਪਣੀ ਉਮਰ ਭੋਗ ਕੇ ਮਰ ਜਾਂਦੇ ਹਨ)। ਸ਼ੇਖ ਫਰੀਦ ਜੀ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਹੇ ਮਨ! ਤੂੰ ਇਹ ਸਾਰਾ ਕੁਝ ਵਿਚਾਰ ਕੇ ਦੇਖ। ਜਿਸ ਸਰੀਰ ਦੇ ਬਣਨ ’ਚ ਛੇ ਮਹੀਨੇ ਦਾ ਸਮਾਂ ਲੱਗ ਜਾਂਦਾ ਹੈ, ਉਸ ਦੇ ਨਾਸ ਹੋਣ ’ਚ ਇਕ ਪਲ ਹੀ ਲਗਦਾ ਹੈ।
ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜ਼ਮੀਨ ਤੇ ਆਸਮਾਨ ਇਸ ਗੱਲ ਦੇ ਗਵਾਹ ਹਨ ਕਿ ਇਹੋ ਜਿਹੇ ਬੇਅੰਤ ਬੰਦੇ, ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ, ਇਹ ਸੰਸਾਰ ਛੱਡ ਕੇ ਇਥੋਂ ਚਲੇ ਗਏ। ਸਰੀਰ ਤਾਂ ਜਲਾ ਦਿੱਤੇ ਜਾਂਦੇ ਹਨ ਜਾਂ ਫਿਰ ਕਬਰਾਂ ’ਚ ਗਲ ਜਾਂਦੇ ਹਨ, ਪਰ ਕੀਤੇ ਕਰਮਾਂ ਦਾ ਲੇਖਾ-ਜੋਖਾ ਇਸ ਜੀਵ ਰੂਪੀ ਆਤਮਾ ਨੂੰ ਦੇਣਾ ਪੈਂਦਾ ਹੈ।
ੴ ਸਤਿਗੁਰ ਪ੍ਰਸਾਦਿ ॥
ਰਾਗੁ ਸੂਹੀ ਬਾਣੀ ਸੇਖ ਫਰੀਦ ਜੀ ਕੀ ॥
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥ ਬਾਵਲਿ ਹੋਈ ਸੋ ਸਹੁ ਲੋਰਉ ॥
ਤੈ ਸਹਿ ਮਨ ਮਹਿ ਕੀਆ ਰੋਸੁ ॥ ਮੁਝੁ ਅਵਗਨ ਸਹ ਨਾਹੀ ਦੋਸੁ ॥੧॥
ਤੇ ਸਾਹਿਬ ਕੀ ਮੈ ਸਾਰ ਨ ਜਾਨੀ ॥ ਜੋਬਨੁ ਖੋਇ ਪਾਛੇ ਪਛੁਤਾਨੀ ॥੧॥ ਰਹਾਉ॥
ਕਾਲੀ ਕੋਇਲ ਤੂ ਕਿਤ ਗੁਨ ਕਾਲੀ ॥ ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
ਪਿਰਹਿ ਬਿਹੂਨ ਕਤਹਿ ਸੁਖੁ ਪਾਏ ॥ ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥੨॥
ਵਿਧਣ ਖੂਹੀ ਮੁੰਧ ਇਕੇਲੀ ॥ ਨਾ ਕੋ ਸਾਥੀ ਨਾ ਕੋ ਬੇਲੀ ॥
ਕਰਿ ਕਿਰਪਾ ਪ੍ਰਭਿ ਸਾਧਸੰਗਿ ਮੇਲੀ ॥ ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੇਲੀ ॥੩॥
ਵਾਟ ਹਮਾਰੀ ਖਰੀ ਉਡੀਣੀ ॥ ਖੰਨਿਅਹੁ ਤਿਖੀ ਬਹੁਤੁ ਪਿਈਣੀ ॥
ਉਸੁ ਉਪਰਿ ਹੈ ਮਾਰਗੁ ਮੇਰਾ ॥ ਸੇਖ ਫਰੀਦਾ ਪੰਥੁ ਸਮਾਰਿ ਸਵੇਰਾ ॥੪॥
(ਅੰਗ ੭੯੪)
ਭਾਵ ਅਰਥ : ਖੱਪ ਖੱਪ ਕੇ (ਦੁਖੀ ਹੋ ਹੋ ਕੇ) ਅਤੇ ਤੜਪ-ਤੜਪ ਕੇ, ਮੈਂ ਹੁਣ ਪਛਤਾ ਰਹੀ ਹਾਂ ਤੇ ਝੱਲੀ ਹੋ ਕੇ ਹੁਣ ਮੈਂ ਉਸ ਖਸਮ ਨੂੰ ਲੱਭਦੀ ਫਿਰਦੀ ਹਾਂ। ਹੇ ਪ੍ਰਭੂ! ਤਦੇ ਹੀ ਤੂੰ ਆਪਣੇ ਮਨ ਵਿਚ ਮੇਰੇ ਨਾਲ ਗੁੱਸਾ ਕੀਤਾ। ਇਹ ਮੇਰੇ ਹੀ ਔਗੁਣ ਸਨ ਹੇ ਪ੍ਰਭੂ! ਇਸ ਵਿਚ ਤੇਰਾ ਕੋਈ ਦੋਸ਼ ਨਹੀਂ। ਹੇ ਮੇਰੇ ਮਾਲਕ! ਮੈਂ ਤੇਰੀ ਕਦਰ ਨਹੀਂ ਪਾਈ, ਹੁਣ ਜੁਆਨੀ ਦਾ ਸਮਾਂ ਗਵਾ ਕੇ ਮੈਂ ਪਛਤਾ ਰਹੀ ਹਾਂ।
ਹੁਣ ਮੈਂ ਕੋਇਲ ਨੂੰ ਪੁਛਦੀ ਫਿਰ ਰਹੀ ਹਾਂ ਕਿ ਹੇ ਕੋਇਲ! ਮੈ ਤਾਂ ਆਪਣੇ ਕਰਮਾਂ ਕਰਕੇ ਦੁਖੀ ਹਾਂ, ਪਰ ਤੂੰ ਕਿਉਂ ਕਾਲੀ ਹੋ ਗਈ ਹੈਂ? ਅੱਗੋਂ ਕੋਇਲ ਜੁਆਬ ਦਿੰਦੀ ਹੈ ਕਿ ਮੈਨੂੰ ਮੇਰੇ ਪ੍ਰੀਤਮ ਦੇ ਵਿਛੋੜੇ ਨੇ ਸਾੜ ਦਿੱਤਾ ਹੈ। ਖਸਮ ਤੋਂ ਵਿੱਛੜ ਕੇ ਕਿਥੇ ਕੋਈ ਸੁੱਖ ਪਾ ਸਕਦਾ ਹੈ। ਜਦੋਂ ਪਰਮਾਤਮਾ ਆਪ ਮਿਹਰ ਕਰੇ ਤਾਂ ਉਹ ਆਪ ਹੀ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
ਇਸ ਜਗਤ ਰੂਪੀ ਡਰਾਉਣੀ ਖੂਹੀ ਵਿਚ ਮੈਂ ਜੀਵ-ਇਸਤਰੀ ਇੱਕਲੀ ਡਿੱਗੀ ਪਈ ਹਾਂ। ਇਥੇ ਮੇਰੇ ਦੁੱਖਾਂ ਵਿਚ ਨਾ ਹੀ ਕੋਈ ਮੇਰਾ ਸਾਥੀ ਹੈ ਤੇ ਨਾ ਹੀ ਕੋਈ ਮੇਰਾ ਮਦਦਗਾਰ ਹੈ। ਹੁਣ ਜਦੋਂ ਪ੍ਰਭੂ ਨੇ ਕਿਰਪਾ ਕਰਕੇ, ਮੈਨੂੰ ਸਤਿਸੰਗ ’ਚ ਮਿਲਾ ਲਿਆ ਹੈ ਤਾਂ ਮੈਂ ਦੇਖਦੀ ਹਾਂ ਕਿ ਉਹ ਪਰਮਾਤਮਾ ਮੈਨੂੰ ਮੇਰਾ ਮਦਦਗਾਰ ਦਿੱਸ ਰਿਹਾ ਹੈ। ਸਾਡਾ ਇਹ ਜੀਵਨ ਬੜਾ ਬਿਖੜਾ (ਭਿਆਨਕ ਤੇ ਦੁਖਦਾਈ) ਪੈਂਡਾ ਹੈ। ਖੰਡੇ ਨਾਲੋਂ ਵੀ ਤਿੱਖੀ ਤੇਜ ਧਾਰ ਵਾਲਾ ਹੈ। ਜਿਸ ਦੇ ਉਤੋਂ ਦੀ ਅਸੀਂ ਲੰਘਣਾ ਹੈ। ਇਸ ਲਈ ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜਿੰਨਾ ਜਲਦੀ ਹੋ ਸਕੇ, ਇਸ ਰਾਹ ਦੀ ਸੰਭਾਲ ਕਰ।
ਸੂਹੀ ਲਲਿਤ ॥
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥੧॥
ਹਥੁ ਨ ਲਾਇ ਕਸੁੰਭੜੇ ਜਲਿ ਜਾਸੀ ਢੋਲਾ ॥੧॥ ਰਹਾਉ ॥
ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ॥
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥
ਹੰਸੁ ਚਲਸੀ ਡੂੰਮਣਾ ਅਹਿ ਤਨੁ ਢੇਰੀ ਥੀਸੀ ॥੩॥ (ਅੰਗ ੭੯੪)
ਭਾਵ ਅਰਥ : ਜਿਸ ਮਨੁੱਖ ਨੇ ਮਾਇਆ ਨਾਲ ਹੀ ਮਨ ਲਾਈ ਰੱਖਿਆ, ਉਹ ਨਾਮ ਰੂਪੀ ਬੇੜਾ ਤਿਆਰ ਕਰਨ ਵਾਲੀ ਉਮਰ ’ਚ, ਬੇੜਾ ਤਿਆਰ ਨਹੀਂ ਕਰ ਸਕਿਆ। ਜਦੋਂ ਤਲਾਬ ਨੱਕੋ-ਨੱਕ ਭਰ ਕੇ ਬਾਹਰ ਉਛਲਣ ਲੱਗ ਪੈਂਦਾ ਹੈ, ਉਦੋਂ ਇਸ ਵਿਚ ਤੁਰਨਾ ਔਖਾ ਹੋ ਜਾਂਦਾ ਹੈ ਭਾਵ ਕਿ ਜਦੋਂ ਮਨੁੱਖ ਅੰਦਰ ਵਿਕਾਰ ਨੱਕੋ-ਨੱਕ ਭਰ ਕੇ ਉਛਾਲ ਮਾਰਨ ਲੱਗ ਪੈਂਦੇ ਹਨ ਤਾਂ ਇਹਨਾਂ ਦੇ ਚਸਕੇ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ।
ਹੇ ਮਿੱਤਰ! ਮਾਇਆ ਰੂਪੀ ਕਸੁੰਭ ਨੂੰ ਹੱਥ ਨਾ ਲਾ। ਇਹ ਮਾਇਆ ਨਾਸ਼ਵਾਨ ਹੈ, ਇਹ ਨਸ਼ਟ ਹੋ ਜਾਵੇਗੀ।
ਜਿਹੜੀਆਂ-ਜੀਵ ਇਸਤਰੀਆਂ ਕਮਜ਼ੋਰ ਆਤਮਿਕ ਜੀਵਨ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਰੂਪੀ ਪਤੀ ਦੇ ਦਰ ਤੋਂ ਅਣਸੁਖਾਵੇਂ ਬੋਲ ਸੁਣਨੇ ਪੈਂਦੇ ਹਨ। ਉਹਨਾਂ ’ਤੇ ਪਤੀ ਮਿਲਾਪ ਦੀ ਅਵਸਥਾ ਨਹੀਂ ਆਉਂਦੀ ਤੇ ਮਨੁੱਖਾ ਜੀਵਨ ਦਾ ਸਮਾਂ ਖੁੰਝਣ ਕਾਰਨ, ਪਰਮਾਤਮਾ ਨਾਲ ਮੇਲ ਨਹੀਂ ਹੋ ਪਾਉਂਦਾ।
ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਸਹੇਲੀਉ! ਜਦੋਂ ਇਸ ਸੰਸਾਰ ’ਚੋਂ ਜਾਣ ਲਈ ਪ੍ਰਭੂ ਪਤੀ ਦਾ ਸੱਦਾ ਆਵੇਗਾ ਤਾਂ ਜੀਵ-ਆਤਮਾ ਇਸ ਸਰੀਰ ਨੂੰ ਛੱਡ ਕੇ ਚਲੀ ਜਾਵੇਗੀ ਤੇ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਵੇਗਾ।
ਸ਼ੇਖ ਫਰੀਦ ਜੀ ਦੁਆਰਾ ਉਚਾਰਨ ਕੀਤੇ ਸਲੋਕਾਂ ’ਚੋਂ ਮਿਲਦੇ ਚੋਣਵੇਂ ਸੁਨੇਹੇ, ਹੇਠ ਲਿਖੇ ਅਨੁਸਾਰ ਹਨ ਜੀ।
ਅਹੰਕਾਰ :
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥ (ਅੰਗ ੧੩੭੯)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਆਪਣਾ ਪੱਗ ਦਾ ਫ਼ਿਕਰ ਰਹਿੰਦਾ ਹੈ ਕਿ ਕਿਤੇ ਉਹ ਮੈਲੀ ਨਾ ਹੋ ਜਾਵੇ। ਪਰ, ਮੇਰੀ ਕਮਲੀ ਜਿੰਦ ਨਹੀਂ ਜਾਣਦੀ ਕਿ ਸਿਰ ਨੂੰ ਵੀ ਮਿੱਟੀ ਨੇ ਖਾ ਜਾਣਾ ਹੈ ਭਾਵ ਕਿ ਸਾਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਅੰਤ ਮਿੱਟੀ ਨੇ ਮਿੱਟੀ ਵਿਚ ਹੀ ਮਿਲ ਜਾਣਾ ਹੈ।
ਅੰਮ੍ਰਿਤ ਵੇਲਾ :
ਪਹਿਲੇ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ (ਅੰਗ ੧੩੮੪)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਪਹਿਲੇ ਪਹਰ ਦੀ ਬੰਦਗੀ ਸੁਹਣੇ ਫੁੱਲ ਦੀ ਤਰ੍ਹਾਂ ਹੈ, ਜਿਸ ਦਾ ਫਲ ਅੰਮ੍ਰਿਤ ਵੇਲੇ ਬੰਦਗੀ ਕਰਨ ਨਾਲ ਮਿਲਦਾ ਹੈ। ਜਿਹੜੇ ਮਨੁੱਖ ਅੰਮ੍ਰਿਤ ਵੇਲੇ ਜਾਗ ਕੇ, ਬੰਦਗੀ ਕਰਦੇ ਹਨ, ਉਹ ਉਸ ਪਰਮਾਤਮਾ ਪਾਸੋਂ ਬਖ਼ਸ਼ਿਸਾਂ ਪ੍ਰਾਪਤ ਕਰ ਲੈਂਦੇ ਹਨ।
ਸਿਆਣਾ :
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ (ਅੰਗ ੧੩੭੮)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਪ੍ਰਾਣੀ! ਜੇ ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਤਾਂ ਹੋਰਨਾਂ ਦੇ ਮਾੜੇ ਕਰਮਾਂ ਦਾ ਲੇਖਾ ਜੋਖਾ ਨਾ ਕਰ, ਸਗੋਂ ਆਪਣੇ ਅੰਦਰ ਦੇਖ ਕਿ ਤੇਰੇ ਆਪਣੇ ਕਰਮ ਕਿਹੋ ਜਿਹੇ ਹਨ।
ਸੱਚਾ ਮਿੱਤਰ :
ਫਰੀਦਾ ਗਲੀਂ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ ॥੮੭॥ (ਅੰਗ ੧੩੮੨)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਗੱਲਾਂ ਨਾਲ ਪਤਿਆਉਣ ਵਾਲੇ (ਖੁਸ਼ ਕਰਨ ਵਾਲੇ) ਤਾਂ ਵੀਹ ਮਿੱਤਰ ਮਿਲ ਜਾਂਦੇ ਹਨ, ਪਰ, ਅਸਲ ਤੇ ਸੱਚੇ ਮਿੱਤਰ ਦੀ ਭਾਲ ਕਰਾਂ ਤਾਂ ਮੈਨੂੰ ਇਕ ਵੀ ਨਹੀਂ ਮਿਲਦਾ। ਇਹੋ ਜਿਹੇ ਸੱਜਣਾਂ ਦੇ ਨਾਂਹ ਮਿਲਣ ਕਰਕੇ, ਮੈਂ ਤਾਂ ਗੋਹੇ ਦੀ ਧੁੱਖਦੀ ਅੱਗ ਦੀ ਨਿਆਈਂ ਅੰਦਰੋ-ਅੰਦਰੀ ਸੁਲਗ ਰਿਹਾ ਹਾਂ ਭਾਵ ਕਿ ਦੁਖੀ ਹੋ ਰਿਹਾ ਹਾਂ।
ਸਿਦਕ :
ਸਬਰ ਮੱਝ ਕਮਾਣ ਏ ਸਬਰੁ ਕਾ ਨੀਹਣੋ ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥ (ਅੰਗ ੧੩੮੪)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜੇ ਮਨ ਵਿਚ ਸੰਤੋਖ ਤੇ ਸਿਦਕ ਰੂਪੀ ਕਮਾਣ ਹੋਵੇ, ਸੰਤੋਖ ਤੇ ਸਿਦਕ ਹੀ ਕਮਾਣ ਦਾ ਚਿੱਲਾ ਹੋਵੇ ਅਤੇ ਸੰਤੋਖ ਤੇ ਸਿਦਕ ਰੂਪੀ ਤੀਰ ਹੋਵੇ ਤਾਂ ਪਰਮਾਤਮਾ ਤੇਗ ਨਿਸ਼ਾਨਾ ਖੁੰਝਣ ਨਹੀਂ ਦਿੰਦਾ, ਭਾਵ ਕਿ ਉਹ ਪਰਮਾਤਮਾ, ਕਾਰਜ ਸਫਲਾ ਕਰ ਦਿੰਦਾ ਹੈ।
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥ (ਅੰਗ ੧੩੮੪)
ਭਾਵ ਅਰਥ : ਸੰਤੋਖੀ ਤੇ ਸਿਦਕੀ ਮਨੁੱਖ, ਸੰਤੋਖ ਤੇ ਸਿਦਕ ਅੰਦਰ ਰਹਿ ਕੇ, ਪਰਮਾਤਮਾ ਦੀ ਭਜਨ ਬੰਦਗੀ ਦੀ ਘਾਲਣਾ ਘਾਲਦੇ ਹਨ। ਇਸ ਤਰ੍ਹਾਂ ਉਹ ਰੱਬ ਦੇ ਨੇੜੇ ਹੁੰਦੇ ਜਾਂਦੇ ਹਨ ਅਤੇ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦਿੰਦੇ ਭਾਵ ਕਿ ਕਾਹਲੇ ਪੈ ਕੇ ਕਿਸੇ ਅੱਗੇ ਇਹ ਸ਼ੋਰ ਨਹੀਂ ਮਚਾਉਂਦੇ ਕਿ ਭਜਨ- ਬੰਦਗੀ ਕਰਨ ਨਾਲ ਉਹ ਕਿੰਝ ਮਹਿਸੂਸ ਕਰ ਰਹੇ ਹਨ।
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੂ ਕਰਹਿ ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥ (ਅੰਗ ੧੩੮੪)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਹੇ ਪ੍ਰਾਣੀ! ਸਬਰ ਤੇ ਸੰਤੋਖ ਨੂੰ ਆਪਣੇ ਹਿਰਦੇ ’ਚ ਦ੍ਰਿੜ੍ਹ ਕਰ ਲੈਣਾ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ। ਇੰਜ ਕਰਕੇ ਤੂੰ ਦਰਿਆ ਦੀ ਨਿਆਈਂ ਹੋ ਜਾਵੇਂਗਾ, ਨਾ ਕਿ ਟੁੱਟ ਕੇ ਇੱਕ ਨਿੱਕੇ ਜਿਹੇ ਵਹਿਣ ਦੀ ਤਰ੍ਹਾਂ ਭਾਵ ਕਿ ਤੇਰਾ ਹਿਰਦਾ ਇੰਨਾ ਵਿਸ਼ਾਲ ਹੋ ਜਾਵੇਗਾ ਕਿ ਤੇਰੇ ਹਿਰਦੇ ਅੰਦਰ ਸਮੁੱਚੇ ਸੰਸਾਰ ਪ੍ਰਤੀ ਪਿਆਰ ਪੈਦਾ ਹੋ ਜਾਵੇਗਾ।
ਸਦਗੁਣ :
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ (ਅੰਗ ੧੩੮੪)
ਭਾਵ ਅਰਥ : ਉਹ ਕਿਹੜਾ ਅੱਖਰ ਹੈ? ਉਹ ਕਿਹੜਾ ਗੁਣ ਹੈ? ਉਹ ਕਿਹੜਾ ਮੰਤਰ ਹੈ? ਉਹ ਕਿਹੜਾ ਵੇਸ (ਪਹਿਰਾਵਾ) ਹੈ, ਜਿਸ ਦੇ ਧਾਰਨ ਕਰਨ ਨਾਲ ਮੇਰਾ ਪਰਮਾਤਮਾ ਰੂਪੀ ਪਤੀ, ਮੇਰੇ ਵੱਸ ਵਿਚ ਆ ਜਾਵੇ। ਸ਼ੇਖ ਫਰੀਦ ਜੀ ਸਮਝਾਉਂਦੇ ਹਨ ਕਿ ਨਿਮਰਤਾ ਉਹ ਅੱਖਰ ਹੈ, ਖਿਮਾ ਉਹ ਗੁਣ ਹੈ ਅਤੇ ਮਿੱਠਾ ਬੋਲਣਾ ਉਹ ਮੰਤਰ ਹੈ, ਜਿਨ੍ਹਾਂ ਨੂੰ ਧਾਰਨ ਕਰਕੇ ਉਸ ਪਰਮਾਤਮਾ ਰੂਪੀ ਪਤੀ ਨੂੰ ਆਪਣੇ ਵੱਸ ਵਿਚ ਕੀਤਾ ਜਾ ਸਕਦਾ ਹੈ।
ਹਿਰਦਾ ਨਹੀਂ ਦੁਖਾਉਣਾ :
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਹਿਆਉ ਨ ਕੇਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ (ਅੰਗ ੧੩੮੪)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਕਿਸੇ ਨੂੰ ਇੱਕ ਵੀ ਫਿੱਕਾ ਬਚਨ ਨਾ ਬੋਲ ਕਿਉਂਕਿ ਸਭਨਾਂ ਅੰਦਰ ਉਸ ਮਾਲਕ ਦਾ ਹੀ ਵਾਸਾ ਹੈ। ਕਿਸੇ ਇੱਕ ਮਨੁੱਖ ਦਾ ਵੀ ਹਿਰਦਾ ਨਾ ਦੁਖਾ ਕਿਉਂਕਿ ਸਾਰੇ ਜੀਵ ਹੀ ਅਮੋਲਕ ਮੋਤੀ ਹਨ।
ਸਭਨਾ ਮਨ ਮਾਣਿਕ ਠਾਹਣੂ ਮੂਲਿ ਮਚਾਂਗਵਾ ॥
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
(ਅੰਗ ੧੩੮੪)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਸਭਨਾਂ ਜੀਵਾਂ ਦੇ ਮਨ ਮੋਤੀ ਦੀ ਨਿਆਈਂ ਹਨ। ਕਿਸੇ ਦਾ ਵੀ ਹਿਰਦਾ ਦੁਖਾਉਣਾ, ਮੂਲੋਂ ਹੀ ਚੰਗਾ ਨਹੀਂ। ਜੇ ਤੈਨੂੰ ਆਪਣੇ ਪਿਆਰੇ ਪਰਮਾਤਮਾ ਨਾਲ ਮਿਲਣ ਦੀ ਚਾਹ ਹੈ ਤਾਂ ਕਿਸੇ ਦਾ ਹਿਰਦਾ ਨਾ ਦੁਖਾ।
ਕਿਰਤ ਕਮਾਈ :
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥
ਰੁਖੀ ਸੁਖੀ ਖਾਇ ਕੇ ਠੰਢਾ ਪਾਣੀ ਪੀਉ ॥
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ (ਅੰਗ ੧੩੭੯)
ਇਹਨਾਂ ਸਲੋਕਾਂ ’ਚ ਸ਼ੇਖ ਫਰੀਦ ਜੀ ਹੱਕ ਹਲਾਲ ਦੀ ਕਮਾਈ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸਮਝਾਉਂਦੇ ਹਨ ਕਿ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਤਿਆਰ ਕੀਤੀ, ਰੁੱਖੀ-ਸੁਖੀ ਰੋਟੀ ਹੈ, ਮੇਰੀ ਭੁੱਖ ਹੀ ਇਸ ਰੋਟੀ ਦੇ ਨਾਲ ਸਬਜ਼ੀ ਹੈ। ਜਿਹੜੇ ਮਨੁੱਖ ਸੁਆਦਲੇ ਪਕਵਾਨ ਖਾਂਦੇ ਹਨ, ਉਹ ਬਹੁਤ ਕਸ਼ਟ ਸਹਾਰਦੇ ਹਨ। ਆਪਣੀ ਸੱਚੀ ਸੁੱਚੀ ਕਿਰਤ ਕਮਾਈ ਦੀ ਰੁੱਖੀ-ਸੁੱਖੀ ਰੋਟੀ ਖਾ ਕੇ ਠੰਡਾ ਪਾਣੀ ਪੀ ਲੈ। ਪਰਾਈ ਸੁਆਦਲੀ ਰੋਟੀ (ਛਤੀਹ ਪ੍ਰਕਾਰ ਦੇ ਭੋਜਨ) ਦੇਖ ਕੇ ਆਪਣਾ ਮਨ ਨਾ ਤਰਸਾਈਂ। ਇਹਨਾਂ ਸਲੋਕਾਂ ਦਾ ਭਾਵ ਹੈ ਕਿ ਸੱਚੀ-ਸੁੱਚੀ ਕਿਰਤ ਕਰਕੇ ਜੋ ਵੀ ਰੁੱਖੀ-ਮਿੱਸੀ ਰੋਟੀ ਮਿਲਦੀ ਹੈ, ਉਹ ਖਾ ਕੇ ਆਨੰਦ ਲੈਣਾ ਚਾਹੀਦਾ ਹੈ। ਹੋਰਨਾਂ ਦੇ ਘਰਾਂ ਦੇ ਸੁਆਦਲੇ ਪਕਵਾਨਾਂ ਨੂੰ ਦੇਖ ਕੇ ਐਵੇਂ ਮਨ ਨਹੀਂ ਲਲਚਾਉਣਾ ਚਾਹੀਦਾ।
ਕਰਮ :
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੌਣੁ ॥
ਅਗੇ ਗਏ ਸਿੰਵਾਪਸਨਿ ਚੋਟਾਂ ਖਾਸੀ ਕਉਣੁ ॥੪੪॥ (ਅੰਗ ੧੩੮੦)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਕਈਆਂ ਕੋਲ ਬਹੁਤ ਧਨ ਪਦਾਰਥ ਹਨ ਤੇ ਕਈਆਂ ਕੋਲ ਗੁਜ਼ਾਰੇ ਜੋਗਾ ਧਨ ਵੀ ਨਹੀਂ। ਅੰਤ ਸਮੇਂ ਤਾਂ ਕਰਮਾਂ ਨਾਲ ਪਛਾਣ ਹੋਣੀ ਹੈ ਕਿ ਮਾਰ ਕਿਸ ਨੂੰ ਪੈਣੀ ਹੈ ਭਾਵ ਕਿ ਅੰਤ ਸਮੇਂ ਨਿਬੇੜਾ ਤਾਂ ਕੀਤੇ ਕਰਮਾਂ ਦੇ ਅਧਾਰ ’ਤੇ ਹੀ ਹੋਣਾ ਹੈ।
ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥
ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ ॥੫੯॥ (ਅੰਗ ੧੩੮੧)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਉਹ ਕੰਮ ਛੱਡ ਦੇ, ਜਿਨ੍ਹਾਂ ਕੰਮਾਂ ਦਾ ਕੋਈ ਲਾਭ ਨਹੀਂ। ਪਰਮਾਤਮਾ ਦੇ ਦਰਬਾਰ ’ਚ ਜਾ ਕੇ, ਇਹਨਾਂ ਮਾੜੇ ਕੰਮਾਂ ਕਾਰਨ, ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ।
ਫਰੀਦਾ ਮਉਤੇ ਦਾ ਬੰਨਾ ਏਵੇ ਦਿਸੈ ਜਿਉ ਦਰੀਆਵੈ ਢਾਹਾ ॥
ਅਗੈ ਦੋਜਕੁ ਤਪਿਆ ਸੁਣੀਐ ਹੁਲ ਪਵੈ ਕਾਹਾਹਾ ॥
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥
(ਅੰਗ ੧੩੮੩)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜਿਵੇਂ ਦਰਿਆ ਦਾ ਢਹਿੰਦਾ ਹੋਇਆ ਕਿਨਾਰਾ ਹੈ, ਇਸੇ ਤਰ੍ਹਾਂ ਹੀ ਮੌਤ ਰੂਪੀ ਨਦੀ ਦਾ ਕਿਨਾਰਾ ਹੈ, ਜਿਸ ਵਿਚ ਬੇਅੰਤ ਜੀਵ ਆਪਣੀ ਉਮਰ ਭੋਗ ਕੇ ਡਿਗਦੇ ਜਾ ਰਹੇ ਹਨ। ਵਿਕਾਰੀ ਮਨੁੱਖਾਂ ਲਈ ਅੱਗੇ ਸੜਦਾ-ਬਲਦਾ ਨਰਕ ਤੱਪ ਰਿਹਾ ਹੈ, ਜਿਥੋਂ ਦੀਆਂ ਚੀਖਾਂ ਤੇ ਹਾਹਾਕਾਰ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ। ਕੁੱਝ ਲੋਕਾਂ ਨੂੰ ਇਸ ਸਾਰੇ ਵਰਤਾਰੇ ਦੀ ਸਮਝ ਆ ਗਈ ਹੈ ਕਿ ਆਪਣਾ ਜੀਵਨ ਕਿਵੇਂ ਬਿਤੀਤ ਕਰਨਾ ਹੈ, ਪਰ, ਕਈ ਹਾਲੇ ਵੀ ਲਾਪਰਵਾਹ ਫਿਰ ਰਹੇ ਹਨ। ਅਸੀਂ ਜਿਹੜੇ ਕਰਮ ਇਸ ਸੰਸਾਰ ਅੰਦਰ ਕਰਦੇ ਹਾਂ, ਉਹੀ ਕਰਮ ਉਸ ਰੱਬੀ ਦਰਗਾਹ ਅੰਦਰ ਸਾਡੀ ਸਾਖੀ ਭਰਦੇ ਹਨ ਭਾਵ ਕਿ ਗਵਾਹ ਬਣਦੇ ਹਨ।
ਸਾਢੇ ਤ੍ਰੈ ਮਣ ਦੇਹੁਰੀ ਚਲੇ ਪਾਣੀ ਅੰਨਿ ॥
ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿ੍ ॥
ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਤਿਨਾ ਪਿਆਰਿਆ ਭਾਈਆਂ ਅਗੇ ਦਿਤਾ ਬੰਨਿ ॥
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੇ ਕੰਨਿ ॥
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
(ਅੰਗ ੧੩੮੩)
ਭਾਵ ਅਰਥ : ਮਨੁੱਖ ਦਾ ਸਾਢੇ ਤਿੰਨ ਮਨ ਦਾ ਸਰੀਰ, ਅੰਨ ਤੇ ਪਾਣੀ ਦੇ ਆਸਰੇ ਚਲ ਰਿਹਾ ਹੈ। ਪ੍ਰਾਣੀ ਇਸ ਸੰਸਾਰ ਅੰਦਰ ਸੁਹਣੀਆਂ ਆਸਾਂ ਲੈ ਕੇ ਆਇਆ ਹੈ। ਪਰ, ਜਦੋਂ ਮੌਤ ਦਾ ਫਰਿਸ਼ਤਾ ਸਾਰੇ ਦਰਵਾਜ਼ੇ ਤੋੜ ਕੇ ਆਉਂਦਾ ਹੈ ਤਾਂ ਮਨੁੱਖ ਦੇ ਪਿਆਰੇ ਭਰਾ ਤੇ ਰਿਸ਼ਤੇਦਾਰ ਉਸ ਨੂੰ ਬੰਨ੍ਹ ਕੇ ਮੌਤ ਦੇ ਫਰਿਸ਼ਤੇ ਅੱਗੇ ਤੋਰ ਦਿੰਦੇ ਹਨ। ਦੇਖੋ, ਮਨੁੱਖ ਚਾਰ ਬੰਦਿਆਂ ਦੇ ਮੋਢਿਆਂ ਤੇ ਜਾ ਰਿਹਾ ਹੈ। ਜੇ ਦੁਨੀਆ ਵਿਚ ਰਹਿ ਕੇ ਚੰਗੇ ਕਰਮ ਕੀਤੇ ਹੋਣਗੇ ਤਾਂ ਉਹੀ ਚੰਗੇ ਕਰਮ ਪਰਮਾਤਮਾ ਦੀ ਦਰਗਾਹ ਵਿਚ ਕੰਮ ਆਉਣਗੇ।
ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋਂ ਮੁਇਓਹਿ ॥
ਜੇ ਤੇ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥ (ਅੰਗ ੧੩੮੩)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜੇ ਤੂੰ ਅੰਮ੍ਰਿਤ ਵੇਲੇ ਨਹੀਂ ਉੱਠਿਆ ਤਾਂ ਤੂੰ ਇਹ ਸਮਝ ਕਿ ਜਿਊਂਦਾ ਹੀ ਮਰਿਆ ਹੋਇਆ ਹੈਂ। ਜੇ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਤਾਂ ਤੂੰ ਇਹ ਨਾ ਸਮਝ ਕਿ ਪਰਮਾਤਮਾ ਨੇ ਵੀ ਤੈਨੂੰ ਭੁਲਾ ਦਿੱਤਾ ਹੈ ਭਾਵ ਕਿ ਪਰਮਾਤਮਾ ਤਾਂ ਤੇਰੇ ਸਾਰੇ ਕਰਮਾਂ ਨੂੰ ਦੇਖ ਰਿਹਾ ਹੈ ਅਤੇ ਤੇਰੇ ਕਰਮਾਂ ਦਾ ਲੇਖਾ-ਜੋਖਾ ਕਰ ਰਿਹਾ ਹੈ।
ਜੇਹਾ ਬੀਜੈ :
ਫਰੀਦਾ ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥
ਹੰਢੇ ਉੱਨ ਕਤਾਇਦਾ ਪੈਧਾ ਲੋੜੇ ਪਟੁ ॥੨੩॥ (ਅੰਗ ੧੩੭੯)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਭਜਨ ਬੰਦਗੀ ਤੋਂ ਬਿਨਾਂ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ, ਉਸ ਜੱਟ ਦੀ ਤਰ੍ਹਾਂ ਹੈ, ਜਿਹੜਾ ਬੀਜਦਾ ਤਾਂ ਕਿੱਕਰ ਹੈ, ਪਰ, ਚਾਹੁੰਦਾ ਹੈ ਕਿ ਫਲ ਬਿਜੌਰ ਦੇ ਅੰਗੂਰਾਂ ਦੀ ਤਰ੍ਹਾਂ ਮਿਲਣ। ਉਹ ਸਾਰੀ ਉਮਰ ਉਨ ਕਤਾਉਂਦਾ ਫਿਰਦਾ ਹੈ, ਪਰ, ਕੱਪੜੇ ਰੇਸ਼ਮ ਦੇ ਪਹਿਨਣਾ ਚਾਹੁੰਦਾ ਹੈ। ਇਹੋ ਜਿਹਾ ਮਨੁੱਖ, ਚੰਗੇ ਕਰਮ ਕੀਤੇ ਬਿਨਾਂ ਸੁਖੀ ਜੀਵਨ ਦੀ ਆਸ ਰੱਖਦਾ ਹੈ।
ਦੁੱਖ :
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਸਾਇਐ ਜਗਿ ॥
ਉਚੇ ਚੜਿ ਕੇ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ (ਅੰਗ ੧੩੮੨)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਪਹਿਲਾਂ ਤਾਂ ਮੈਨੂੰ ਲੱਗਾ ਕਿ ਦੁੱਖ ਸਿਰਫ ਮੈਨੂੰ ਹੀ ਹੈ ਭਾਵ ਕਿ ਮੈਂ ਇਕੱਲਾ ਹੀ ਦੁਖੀ ਹਾਂ, ਪਰ, ਫਿਰ ਇਹ ਅਹਿਸਾਸ ਹੋਇਆ ਕਿ ਦੁੱਖ ਤਾਂ ਸਾਰੇ ਜਗਤ ਵਿਚ ਹੀ ਵਾਪਰ ਰਿਹਾ ਹੈ ਭਾਵ ਕਿ ਹਰ ਕੋਈ ਦੁਖੀ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਉੱਚਾ ਹੋ ਕੇ ਦੇਖਿਆ ਤਾਂ ਇਹ ਅਹਿਸਾਸ ਹੋਇਆ ਕਿ ਇਹ ਦੁੱਖ ਰੂਪੀ ਅੱਗ ਤਾਂ ਹਰ ਘਰ ਵਿਚ ਹੈ ਭਾਵ ਕਿ ਹਰੇਕ ਜੀਵ ਦੁਖੀ ਹੈ।
ਦੁਨੀਆਵੀ ਪਦਾਰਥ :
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥ (ਅੰਗ ੧੩੭੯)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਤੂੰ ਦੁਨੀਆ ਦੇ ਪਦਾਰਥਾਂ ਲਈ, ਚਾਰ ਪਹਿਰ ਦਿਨ ਭਜ-ਦੌੜ ਕੇ ਗੁਜ਼ਾਰ ਦਿੱਤਾ ਅਤੇ ਚਾਰ ਪਹਿਰ ਰਾਤ ਸੌਂ ਕੇ ਗਵਾ ਦਿੱਤੀ, ਜਦੋਂ ਪਰਮਾਤਮਾ ਹਿਸਾਬ ਮੰਗੇਗਾ ਕਿ ਤੂੰ ਇਸ ਜਗਤ ਵਿਚ ਕਿਸ ਕੰਮ ਆਇਆ ਸੀ ਤਾਂ ਕੀ ਜੁਆਬ ਦੇਵੇਂਗਾ।
ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ ॥
ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥ (ਅੰਗ ੧੩੮੦)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਮੇਰਾ ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ ਹਨ। ਹੇ ਗਾਫ਼ਲ ਤੇ ਕਮਲੇ ਮਨ! ਤੂੰ ਅਜੇ ਵੀ ਦੁਨੀਆਵੀਂ ਰੰਗ-ਰਲੀਆਂ ਮਾਣ ਰਿਹਾ ਹੈਂ?
ਨਾਸਵਾਨ ਸੰਸਾਰ :
ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ ॥
ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥੪੬॥ (ਅੰਗ ੧੩੮੦)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਜਿਨਾਂ ਨੇ ਮਕਾਨ ਤੇ ਮਹਲ-ਮਾੜੀਆਂ ਬਣਾਈਆਂ ਹਨ, ਉਹ ਵੀ ਤੁਰ ਗਏ ਹਨ। ਉਹਨਾਂ ਨੇ ਇਹ ਝੂਠਾ ਸੌਦਾ ਕਰ ਲਿਆ ਅਤੇ ਅੰਤ ਕਬਰਾਂ ’ਚ ਜਾ ਪਏ।
ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ ॥
ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥੫੭॥ (ਅੰਗ ੧੩੮੦)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਤੂੰ ਇਹਨਾਂ ਮਕਾਨਾਂ ਤੇ ਮਹਿਲ-ਮਾੜੀਆਂ ਨਾਲ ਆਪਣਾ ਚਿੱਤ ਨਾ ਜੋੜ। ਮਰਨ ਤੋਂ ਬਾਅਦ, ਜਦੋਂ ਤੇਰੇ ’ਤੇ ਅਤੋਲਵੀਂ ਮਿੱਟੀ ਪਵੇਗੀ ਤਾਂ ਇਹਨਾਂ ਵਿਚੋਂ ਕਿਸੇ ਨੇ ਵੀ ਤੇਰਾ ਸਾਥੀ ਨਹੀਂ ਬਣਨਾ।
ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ ॥
ਸਾਈ ਜਾਇ ਸਮਾਲਿ ਜਿਥੇ ਹੀ ਤਉ ਵੰਵਣਾ ॥੫੮॥
(ਅੰਗ ੧੩੮੦-੮੧)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਤੂੰ ਨਿਰਾ ਮਹਿਲ-ਮਾੜੀਆਂ ਨੂੰ ਤੇ ਧਨ ਨੂੰ ਚਿੱਤ ਵਿਚ ਨਾ ਟਿਕਾਈ ਰੱਖ। ਤੂੰ ਬਲਵਾਨ ਮੌਤ ਨੂੰ ਚਿੱਤ ਵਿਚ ਰੱਖ। ਤੂੰ ਉਸ ਥਾਂ ਦੀ ਸੰਭਾਲ ਕਰ, ਜਿਥੇ ਅਖ਼ੀਰ ਨੂੰ ਤੂੰ ਜਾਣਾ ਹੈ।
ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓਹਿ ॥
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥ (ਅੰਗ ੧੩੮੧)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਤੇਰੇ ਮਾਤਾ-ਪਿਤਾ ਕਿਥੇ ਹਨ, ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਭਾਵ ਕਿ ਉਹ ਇਸ ਸੰਸਾਰ ਤੋ ਤੁਰ ਗਏ ਹਨ ਭਾਵ ਕਿ ਇਸ ਸੰਸਾਰ ਵਿਚ ਕੋਈ ਵੀ ਥਿਰ ਨਹੀਂ। ਤੇਰੇ ਮਾਪੇ ਤੇਰੇ ਪਾਸੋਂ ਤੁਰ ਗਏ ਹਨ, ਫਿਰ ਵੀ ਤੈਨੂੰ ਅਜੇ ਇਸ ਗੱਲ ਦਾ ਯਕੀਨ ਨਹੀਂ ਆਇਆ ਕਿ ਇਸ ਸੰਸਾਰ ਵਿਚ ਕੋਈ ਵੀ ਥਿਰ ਨਹੀਂ ਹੈ ਅਤੇ ਤੂੰ ਇਸ ਸੰਸਾਰ ਨੂੰ ਥਿਰ ਜਾਣ ਕੇ ਲਾਪਰਵਾਹ ਸੁੱਤਾ ਪਿਆ ਹੈਂ।
ਨਾਸਵਾਨ ਸਰੀਰ :
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥
ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥ (ਅੰਗ ੧੩੮੧)
ਭਾਵ ਅਰਥ : ਮੇਰੇ ਦੰਦਾਂ, ਪੈਰਾਂ, ਨੇਤਰਾਂ ਤੇ ਕੰਨਾਂ ਨੇ ਆਪਣੇ ਕੰਮ ਛੱਡ ਦਿੱਤੇ ਹਨ ਭਾਵ ਕਿ ਮੇਰੇ ਪਾਸੋਂ ਕੁੱਝ ਚੱਬਿਆ ਨਹੀਂ ਜਾਂਦਾ, ਤੁਰਿਆ ਨਹੀਂ ਜਾਂਦਾ, ਮੈਨੂੰ ਕੁੱਝ ਦਿਸਦਾ ਨਹੀਂ ਤੇ ਨਾ ਹੀ ਕੁੱਝ ਸੁਣਦਾ ਹੈ। ਮੇਰਾ ਸਰੀਰ ਭੁੱਬਾਂ ਮਾਰ ਕੇ ਕਹਿੰਦਾ ਹੈ ਕਿ ਮੇਰੇ ਮਿੱਤਰ (ਭਾਵ ਕਿ ਦੰਦ, ਪੈਰ, ਨੇਤਰ, ਕੰਨ ਆਦਿ), ਜਿਹੜੇ ਮੇਰੇ ਨਾਲ ਆਏ ਸੀ, ਉਹਨਾਂ ਨੇ ਵੀ ਮੇਰਾ ਸਾਥ ਛੱਡ ਦਿੱਤਾ ਹੈ ਭਾਵ ਕਿ ਇਸ ਸੰਸਾਰ ਵਿਚ ਕੁੱਝ ਵੀ ਥਿਰ ਨਹੀਂ, ਸਭ ਕੁੱਝ ਨਾਸਵਾਨ ਹੈ।
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥ (ਅੰਗ ੧੩੮੨)
ਭਾਵ ਅਰਥ : ਇਹਨਾਂ ਅੱਖਾਂ ਨਾਲ ਵੇਖਦਿਆਂ-ਵੇਖਦਿਆਂ (ਭਾਵ ਕਿ ਮੇਰੀਆਂ ਅੱਖਾਂ ਦੇ ਸਾਹਮਣੇ) ਕਿੰਨੇ ਹੀ ਲੋਕ, ਇਹ ਨਾਸਵੰਤ ਸਰੀਰ ਛੱਡ ਗਏ ਭਾਵ ਕਿ ਮਰ ਗਏ। ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਖ਼ਲਕਤ ਤੁਰੀ ਜਾਂਦੀ ਨੂੰ ਦੇਖ ਕੇ ਵੀ ਹਰੇਕ ਨੂੰ ਆਪੋ-ਆਪਣੀ ਚਿੰਤ ਹੈ, ਪਰ, ਮੈਨੂੰ ਤਾਂ ਆਪਣਾ ਫ਼ਿਕਰ ਪਿਆ ਹੋਇਆ ਹੈ।
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥
ਗੇਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥ (ਅੰਗ ੧੩੮੨-੮੩)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਮੰਤ ਆਉਣ ’ਤੇ ਮਹਿਲ-ਮਾੜੀਆਂ ਸੁੰਞੀਆਂ (ਖਾਲੀ) ਹੋ ਜਾਂਦੀਆਂ ਹਨ, ਧਰਤੀ ਦੇ ਹੇਠ (ਭਾਵ ਕਿ ਕਬਰਾਂ ਵਿਚ) ਡੇਰਾ ਲਾਉਣਾ ਪੈਂਦਾ ਹੈ। ਉਹ ਕਬਰਾਂ, ਜਿਨ੍ਹਾਂ ਤੋਂ ਲੋਕ ਨਫ਼ਰਤ ਕਰਦੇ ਹਨ, ਰੂਹਾਂ ਸਦਾ ਲਈ ਉਥੇ ਜਾ ਕੇ ਬੈਠ ਜਾਂਦੀਆਂ ਹਨ। ਤੂੰ ਆਪਣੇ ਸਾਂਈ (ਪਰਮਾਤਮਾ) ਦੀ ਬੰਦਗੀ ਕਰ। ਅੱਜ ਨਹੀਂ ਤਾਂ ਕੱਲ੍ਹ, ਇਹਨਾਂ ਮਹਿਲ-ਮਾੜੀਆਂ ਨੂੰ ਛੱਡ ਕੇ ਜਾਣਾ ਪਵੇਗਾ।
ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ ॥
ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ (ਅੰਗ ੧੩੮੩)
ਭਾਵ ਅਰਥ : ਸ਼ੇਖ ਫਰੀਦ ਜੀ ਕਹਿੰਦੇ ਹਨ ਕਿ ਮਨੁੱਖ ਇਸ ਸੰਸਾਰ ਦੇ ਰੰਗ ਤਮਾਸ਼ਿਆਂ ’ਚ ਮਸਤ ਰਹਿੰਦਾ ਹੈ ਜਿਵੇਂ ਕਿ ਦਰਿਆ ਦੇ ਕਿਨਾਰੇ ’ਤੇ ਬੈਠਾ ਹੋਇਆ ਬਗਲਾ ਕਲੋਲਾਂ ਕਰਦਾ ਹੈ। ਹੰਸ ਦੀ ਤਰ੍ਹਾਂ, ਚਿੱਟੇ ਬਗਲੇ ਨੂੰ ਕਲੋਲਾਂ ਕਰਦੇ ਹੋਏ ਨੂੰ, ਅਚਾਨਕ ਹੀ ਬਾਜ਼ ਆ ਪੈਂਦੇ ਹਨ। ਇਸੇ ਤਰ੍ਹਾਂ ਹੀ ਮਨੁੱਖ ਨੂੰ ਕਲੋਲਾਂ ਕਰਦੇ ਨੂੰ ਅਚਾਨਕ ਹੀ ਮੌਤ ਆ ਜਾਂਦੀ ਹੈ। ਜਦੋਂ ਬਗਲੇ ਨੂੰ ਬਾਜ਼ ਪੈਂਦੇ ਹਨ ਤਾਂ ਉਸ ਨੂੰ ਕਲੋਲਾਂ ਵਿਸਰ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਜਦੋਂ ਮਨੁੱਖ ਨੂੰ ਮੌਤ ਆ ਕੇ ਘੇਰਦੀ ਹੈ ਤਾਂ ਇਸ ਨੂੰ ਸੰਸਾਰ ਦੇ ਸਾਰੇ ਰੰਗ ਤਮਾਸ਼ੇ ਭੁੱਲ ਜਾਂਦੇ ਹਨ। ਜਿਸ ਮੰਤ ਬਾਰੇ ਮਨੁੱਖ ਦੇ ਮਨ ਵਿਚ ਕੁੱਝ ਖਿਆਲ ਹੀ ਨਹੀਂ, ਸਮਾਂ ਆਉਣ ’ਤੇ ਪਰਮਾਤਮਾ ਨੇ ਉਹ ਗੱਲਾਂ ਕਰ ਦਿੱਤੀਆਂ ਭਾਵ ਕਿ ਮਨੁੱਖ ਨੂੰ ਮੌਤ ਦੇ ਦਿੱਤੀ।